ਵੱਡੀ ਖ਼ਬਰ: ਡੈਪੂਟੇਸ਼ਨ ਨਿਯਮਾਂ ‘ਚ ਵੱਡਾ ਬਦਲਾਅ! ਹਜ਼ਾਰਾਂ ਅਧਿਆਪਕਾਂ ਅਤੇ ਹੋਰਨਾਂ ਮੁਲਾਜ਼ਮਾਂ ਦੀਆਂ ਸੇਵਾਵਾਂ ‘ਤੇ ਪਵੇਗਾ ਅਸਰ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਚੰਡੀਗੜ੍ਹ ਪ੍ਰਸ਼ਾਸਨ ਨੇ ਡੈਪੂਟੇਸ਼ਨ ’ਤੇ ਕੰਮ ਕਰ ਰਹੇ ਸਰਕਾਰੀ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ‘ਚ ਮਹੱਤਵਪੂਰਨ ਸੋਧ ਕੀਤੀ ਹੈ। ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ “ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਕਰਮਚਾਰੀ (ਸੇਵਾ ਦੀਆਂ ਸ਼ਰਤਾਂ) ਨਿਯਮ, 2022” ਅਧੀਨ ਨਵੇਂ ਨਿਰਦੇਸ਼ ਜਾਰੀ ਕੀਤੇ ਹਨ, ਜੋ 1 ਅਪ੍ਰੈਲ, 2022 ਤੋਂ ਲਾਗੂ ਮੰਨੇ ਜਾਣਗੇ।
ਗ੍ਰਹਿ ਮੰਤਰਾਲੇ ਦੇ ਪੱਤਰ (U-13034/56/2022-CPD, ਮਿਤੀ 06.03.2025) ਅਨੁਸਾਰ, ਕੇਂਦਰ ਸਰਕਾਰ ਦੇ ਅਮਲਾ ਅਤੇ ਸਿਖਲਾਈ ਵਿਭਾਗ (DoPT) ਵੱਲੋਂ 08.09.2022 ਨੂੰ ਜਾਰੀ ਡੈਪੂਟੇਸ਼ਨ ਸਬੰਧੀ ਦਿਸ਼ਾ-ਨਿਰਦੇਸ਼ ਹੁਣ ਚੰਡੀਗੜ੍ਹ ਪ੍ਰਸ਼ਾਸਨ ’ਤੇ ਵੀ ਲਾਗੂ ਹੋਣਗੇ। ਨਾਲ ਹੀ, 28 ਮਾਰਚ, 2024 ਨੂੰ ਜਾਰੀ DoPT ਦੇ ਨਿਰਦੇਸ਼ (DOPT-1726140763694) ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਨਵੇਂ ਨਿਯਮਾਂ ਅਨੁਸਾਰ ਹੁਣ ਡੈਪੂਟੇਸ਼ਨ ਦੀ ਵੱਧ ਤੋਂ ਵੱਧ ਮਿਆਦ 5 ਸਾਲ ਹੋਵੇਗੀ, ਜਦੋਂ ਤੱਕ ਸਬੰਧਤ ਅਹੁਦੇ ਦੇ ਸੇਵਾ ਨਿਯਮਾਂ ’ਚ ਵਿਸ਼ੇਸ਼ ਸਮਾਂ ਨਿਰਧਾਰਤ ਨਾ ਹੋਵੇ। ਜੇ ਪਹਿਲਾਂ ਹੀ ਮਿਆਦ ਤੈਅ ਹੈ, ਤਾਂ ਉਸੇ ਅਨੁਸਾਰ ਕਾਰਜਕਾਲ ਰਹੇਗਾ। ਕਿਸੇ ਵੀ ਹਾਲਤ ’ਚ 7 ਸਾਲ ਤੋਂ ਜ਼ਿਆਦਾ ਡੈਪੂਟੇਸ਼ਨ ਨਹੀਂ ਹੋ ਸਕੇਗੀ।
ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸੋਨਲ ਵਿਭਾਗ ਨੇ ਸਾਰੇ ਸਕੱਤਰਾਂ, ਵਿਭਾਗ ਮੁਖੀਆਂ ਅਤੇ ਬੋਰਡਾਂ ਨੂੰ ਇਹ ਨਿਯਮ ਤੁਰੰਤ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਵਧੀਕ ਸਕੱਤਰ (ਪ੍ਰਸੋਨਲ) ਨੇ ਕਿਹਾ: ਸਾਰੇ ਕਰਮਚਾਰੀਆਂ ਨੂੰ ਨਵੇਂ ਨਿਯਮਾਂ ਦੀ ਜਾਣਕਾਰੀ ਦਿੱਤੀ ਜਾਵੇ। ਹਦਾਇਤਾਂ ਅਧਿਕਾਰਤ ਵੈੱਬਸਾਈਟ ’ਤੇ ਜਨਤਕ ਕੀਤੀਆਂ ਜਾਣ।
ਕਰਮਚਾਰੀਆਂ ਤੇ ਪ੍ਰਭਾਵ ਦੀ ਗੱਲ ਕਰੀਏ ਤਾਂ , ਇਹ ਬਦਲਾਅ ਡੈਪੂਟੇਸ਼ਨ ਦੀ ਮਿਆਦ ਅਤੇ ਤਨਖਾਹ ਸਬੰਧੀ ਸਪੱਸ਼ਟਤਾ ਲਈ ਅਹਿਮ ਹੈ। ਪਹਿਲਾਂ ਕਈ ਅਧਿਕਾਰੀ ਸਾਲਾਂ ਤੱਕ ਡੈਪੂਟੇਸ਼ਨ ’ਤੇ ਰਹਿੰਦੇ ਸਨ, ਪਰ ਹੁਣ ਸਮਾਂ ਸੀਮਾ ਤੈਅ ਹੋਣ ਨਾਲ ਵਾਪਸੀ ਯਕੀਨੀ ਹੋਵੇਗੀ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਇਹ ਪ੍ਰਸ਼ਾਸਨਿਕ ਸਥਿਰਤਾ ਅਤੇ ਪਾਰਦਰਸ਼ਤਾ ਲਈ ਚੁੱਕਿਆ ਕਦਮ ਹੈ।”
ਦਸਣਾ ਬਣਦਾ ਹੈ ਕਿ, ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਕਾਰਨ ਚੰਡੀਗੜ੍ਹ ਵਿੱਚ ਲੰਬੇ ਸਮੇਂ ਤੋਂ ਡੈਪੂਟੇਸ਼ਨ ‘ਤੇ ਕੰਮ ਕਰ ਰਹੇ ਹਜ਼ਾਰਾਂ ਡਾਕਟਰਾਂ ਅਤੇ ਅਧਿਆਪਕਾਂ ਦੀਆਂ ਨੌਕਰੀਆਂ ‘ਤੇ ਵੱਡਾ ਅਸਰ ਪੈਣ ਵਾਲਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵਿੱਚ ਸਾਲਾਂ ਤੋਂ ਸੇਵਾ ਨਿਭਾ ਰਹੇ ਇਨ੍ਹਾਂ ਕਰਮਚਾਰੀਆਂ ਲਈ ਹੁਣ ਡੈਪੂਟੇਸ਼ਨ ਦੀ ਵੱਧ ਤੋਂ ਵੱਧ ਮਿਆਦ ਅਤੇ ਸ਼ਰਤਾਂ ਸਖ਼ਤੀ ਨਾਲ ਲਾਗੂ ਕੀਤੀਆਂ ਜਾਣਗੀਆਂ, ਜਿਸ ਕਾਰਨ ਡਾਕਟਰਾਂ ਅਤੇ ਅਧਿਆਪਕਾਂ ਵਿੱਚ ਭੰਬਲਭੂਸਾ ਅਤੇ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ।
ਕੇਂਦਰ ਸਰਕਾਰ ਨੇ ਡੈਪੂਟੇਸ਼ਨ ‘ਤੇ ਵੱਧ ਤੋਂ ਵੱਧ ਸੇਵਾ ਮਿਆਦ 7 ਸਾਲ ਨਿਰਧਾਰਤ ਕੀਤੀ ਹੈ। ਚੰਡੀਗੜ੍ਹ ਯੂਟੀ ਕਰਮਚਾਰੀ ਐਸੋਸੀਏਸ਼ਨ ਦੇ ਮੁਖੀ ਸਵਰਨ ਸਿੰਘ ਨੇ ਕਿਹਾ, “ਅਧਿਆਪਕ ਅਤੇ ਡਾਕਟਰ 25 ਸਾਲਾਂ ਤੋਂ ਵੱਧ ਸਮੇਂ ਤੋਂ ਚੰਡੀਗੜ੍ਹ ਵਿੱਚ ਡੈਪੂਟੇਸ਼ਨ ‘ਤੇ ਕੰਮ ਕਰ ਰਹੇ ਹਨ। ਇੱਥੇ ਆਉਣ ਤੋਂ ਬਾਅਦ, ਉਹ ਵਾਪਸ ਜਾਣ ਬਾਰੇ ਸੋਚਦੇ ਵੀ ਨਹੀਂ ਹਨ। ਹੁਣ, ਨਵੇਂ ਨਿਯਮਾਂ ਦੇ ਤਹਿਤ, ਉਨ੍ਹਾਂ ਨੂੰ ਵਾਪਸ ਭੇਜਿਆ ਜਾਵੇਗਾ।”