ਅਧਿਆਪਕ ਗਿੱਦੜਬਾਹਾ ‘ਚ ਕਰਨਗੇ ਸੂਬਾ ਪੱਧਰੀ ਝੰਡਾ ਮਾਰਚ! ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਤੇ ਮੈਰੀਟੋਰੀਅਸ ਟੀਚਰਜ਼ ਯੂਨੀਅਨ ਨੇ ਕੀਤਾ ਵੱਡਾ ਐਲਾਨ
16 ਨਵੰਬਰ ਨੂੰ ਗਿੱਦੜਬਾਹਾ ਵਿਖੇ ਸੂਬਾ ਪੱਧਰੀ ਝੰਡਾ ਮਾਰਚ ਕਰਕੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲਾਂ ‘ਤੇ ਪੱਕਾ ਕਰਨ ਦੀ ਕੀਤੀ ਜਾਵੇਗੀ ਮੰਗ- ਆਗੂ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼, ਪੁਰਾਣੀ ਪੈਨਸ਼ਨ ਬਹਾਲੀ ਲਈ,ਮਿੱਡਲ ਸਕੂਲਾਂ ਦੀ ਮਰਜਿੰਗ ਨੀਤੀ ਖ਼ਿਲਾਫ਼, ਹਰ ਤਰ੍ਹਾਂ ਦੇ ਕੱਟੇ ਭੱਤਿਆਂ ਦੀ ਬਹਾਲੀ ਲਈ,ਡੀ,ਏ, ਦੀਆਂ ਕਿਸ਼ਤਾਂ ਦੇ ਬਕਾਇਆ ਰਾਸ਼ੀ ਜਾਰੀ ਕਰਾਉਣ ਲਈ ਪ੍ਰਤਿਨਿਧ ਅਧਿਆਪਕ ਜੱਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਅਤੇ ਮੈਰੀਟੋਰੀਅਸ ਸਕੂਲ ਟੀਚਰਜ਼ ਯੂਨੀਅਨ ਵੱਲੋਂ ਰਾਜਨੀਤਕ ਪਾਰਟੀਆਂ ਦੇ ਰਾਜਸੀ ਗੜ੍ਹ ਗਿੱਦੜਬਾਹਾ ਵਿਖੇ 16 ਨਵੰਬਰ ਨੂੰ ਭਰਵੀਂ ਰੋਸ ਰੈਲੀ ਕਰਨ ਫੈਸਲਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਆਪ ਸਰਕਾਰ ਸਿੱਖਿਆ ਖੇਤਰ ਸਮੇਤ ਸਾਰੇ ਖੇਤਰਾਂ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਾਬਿਲ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਮੈਰੀਟੋਰੀਅਸ ਅਧਿਆਪਕਾਂ ਨੂੰ ਉੱਚ ਤਾਲੀਮ ਯਾਫ਼ਤਾ ਹੋਣ ਅਤੇ ਭਰਤੀ ਪ੍ਰਕਿਰਿਆ ਦੀਆਂ ਤਮਾਮ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਠੇਕਾ ਸਿਸਟਮ ਅਧੀਨ ਘੱਟ ਤਨਖਾਹ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਅਧਿਆਪਕ ਆਗੂਆਂ ਮੈਰੀਟੋਰੀਅਸ ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਦੀ ਜੋਰਦਾਰ ਮੰਗ ਕੀਤੀ। ਡੀ.ਟੀ.ਐਫ. ਦੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ,ਮੀਤ ਪ੍ਰਧਾਨ ਵਿਕਾਸ ਗਰਗ, ਜੱਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ, ਵਿੱਤ ਸਕੱਤਰ ਅਨਿਲ ਭੱਟ ਅਤੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ ਨੇ ਦੱਸਿਆ ਕਿ ਇਸ ਰੋਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਹਿੱਸਾ ਲੈਣਗੇ। ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ ਸਿੱਖਿਆ ਅਤੇ ਸਿਹਤ ਸਮੇਤ ਜਨਤਕ ਖੇਤਰ ਦੇ ਅਦਾਰਿਆਂ ਦਾ ਭਵਿੱਖ ਖ਼ਤਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਵੋਟਾਂ ਦੇ ਰੌਲ਼ੇ -ਰੱਪੇ ਦੌਰਾਨ ਹੀ ਸਿੱਖਿਆ ਨੀਤੀ 2020 ਤਹਿਤ ਮਿੱਡਲ ਸਕੂਲਾਂ ਨੂੰ ਮਰਜ਼ ਕਰਕੇ ਵਿਦਿਆਰਥੀਆਂ ਦੇ ਹੱਥਾਂ ਵਿੱਚੋਂ ਬਸਤੇ ਖੋਹਣ ਦੀ ਕਵਾਇਦ ਜਾਰੀ ਹੈ। ਇਹਨਾ ਮੰਗਾਂ ਤੋਂ ਇਲਾਵਾ 16 ਫਰਵਰੀ ਦੀ ਕੌਮੀ ਹੜਤਾਲ ਦੌਰਾਨ ਬਠਿੰਡਾ ਵਿਖੇ ਹੜਤਾਲੀ ਮੁਲਾਜ਼ਮਾਂ ਦੀ ਤਨਖਾਹ ਕਟੌਤੀ ਦਾ ਪੱਤਰ ਵਾਪਿਸ ਲਿਆ ਜਾਵੇ।
ਉਨ੍ਹਾਂ ਭਰਾਤਰੀ ਜਥੇਬੰਦੀਆਂ ਨੂੰ ਸਿੱਖਿਆ ਦੇ ਨਿੱਜੀਕਰਨ ਆਊਟਸੋਰਸਿੰਗ ਅਤੇ ਠੇਕਾ ਸਿਸਟਮ ਖ਼ਿਲਾਫ਼ ਇੱਕਜੁਟ ਹੋ ਕੇ ਲੜਨ ਦੀ ਅਪੀਲ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਿਲ੍ਹਾ ਆਗੂ ਰਣਦੀਪ ਕੌਰ ਖਾਲਸਾ ,ਬਲਜਿੰਦਰ ਕੌਰ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਜਲਾਲ,ਭੋਲਾ ਤਲਵੰਡੀ, ਭੁਪਿੰਦਰ ਮਾਈਸਰਖਾਨਾ,ਬਲਕਰਨ ਕੋਟ ਸ਼ਮੀਰ ,ਅਸ਼ਵਨੀ ਕੁਮਾਰ ਆਦਿ ਨੇ ਦੱਸਿਆ ਕਿ ਜਦੋਂ ਤੱਕ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸ਼ੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।