ਬੇਰੁਜ਼ਗਾਰ ਅਧਿਆਪਕ ਟੈਂਕੀ ‘ਤੇ ਚੜ੍ਹੇ, ਭਗਵੰਤ ਮਾਨ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜੀ
ਅੰਮ੍ਰਿਤਸਰ :
ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੇਰੁਜ਼ਗਾਰ ਸਰੀਰਿਕ ਸਿੱਖਿਆ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੌਰਵ ਕੁਮਾਰ, ਕੋਮਲਪ੍ਰੀਤ ਕੌਰ ਤੇ ਹਰੀਸ਼ ਕੁਮਾਰ ਰਾਏ ਮਜੀਠਾ ਰੋਡ ਸਥਿਤ ਪਾਣੀ ਦੀ ਟੈਂਕੀ ‘ਤੇ ਚੜ੍ਹ ਕੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ਾਮਲ ਸਨ। ਇਸ ਦੌਰਾਨ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਸੌਰਵ ਕੁਮਾਰ ਰਾਏ ਤੇ ਜਨਰਲ ਸਕੱਤਰ ਮੈਡਮ ਸ਼ਿਲਪਾ ਨੇ ਦੱਸਿਆ ਕਿ ਜਦੋਂ ਤੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਗਜ਼ਟ ‘ਚ 2000 ਪੀਟੀਆਈ ਅਧਿਆਪਕਾਂ ਦੀ ਭਰਤੀ ਦਾ ਗਜ਼ਟ ਨੋਟੀਫਿਕੇਸ਼ਨ ਪ੍ਰਕਾਸ਼ਿਤ ਹੋਇਆ ਤਾਂ ਬੇਰੁਜ਼ਗਾਰ ਬੀਪੀਐੱਡ ਪਾਸ ਫਿਜ਼ੀਕਲ ਅਧਿਆਪਕਾਂ ਦਾ ਭਵਿੱਖ ਧੁੰਧਲਾ ਹੋ ਕੇ ਰਹਿ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਪ੍ਰਕਾਸ਼ਨ ਤੋਂ ਲੈ ਕੇ ਹੁਣ ਤੱਕ ਬੇਰੁਜ਼ਗਾਰ ਸਰੀਰਿਕ ਸਿੱਖਿਆ ਅਧਿਆਪਕ ਯੂਨੀਅਨ ਇਸ ਦਾ ਵਿਰੋਧ ਕਰਦੀ ਆ ਰਹੀ ਹੈ। ਪਰ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਤੇ ਯੂਨੀਅਨ ਦੇ ਵੱਲੋਂ ਕੁੱਝ ਦਿਨ ਪਹਿਲਾਂ ਹਾਲ ਗੇਟ ਸਥਿਤ ਗਜ਼ਟ ਦੀਆਂ ਕਾਪੀਆਂ ਸਾੜ ਕੇ ਕੀਤੇ ਗਏ ਰੋਸ਼ ਪ੍ਰਦਰਸ਼ਨ ਦੇ ਦੌਰਾਨ ਆਰ-ਪਾਰ ਦੀ ਲੜਾਈ ਦਾ ਐਲਾਨ ਕੀਤਾ ਗਿਆ ਹੈ। ਪਰ ਅਜੇ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਾਣੀ ਦੀਆਂ ਟੈਂਕੀਆਂ ‘ਤੇ ਚੜ੍ਹ ਕੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਕੋਈ ਸ਼ੌਕ ਨਹੀਂ ਬਲਕਿ ਉਨ੍ਹਾਂ ਦੀ ਇਹ ਮਜਬੂਰੀ ਬਣ ਗਈ ਹੈ।
ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਉਨ੍ਹਾਂ ਨੇ ਬਤੌਰ ਸਰੀਰਿਕ ਸਿੱਖਿਆ ਅਧਿਆਪਕ ਦੀ ਸਿੱਖਿਆ ਹਾਸਲ ਕੀਤੀ ਹੈ। ਸਰਕਾਰ ਨੇ ਪ੍ਰਕਾਸ਼ਿਤ ਗਜ਼ਟ ਦੇ ਵਿੱਚ ਇਸ ਦੇ ਉਲਟ ਪੈਮਾਨਾ ਅਪਣਾਇਆ ਹੈ। ਪ੍ਰਧਾਨ ਸੌਰਵ ਕੁਮਾਰ ਰਾਏ ਤੇ ਜਨਰਲ ਸਕੱਤਰ ਮੈਡਮ ਸ਼ਿਲਪਾ ਨੇ ਅੱਗੇ ਦੱਸਿਆ ਕਿ 2 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ, ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਗਜ਼ਟ ਵਿੱਚ ਪ੍ਰਕਾਸ਼ਿਤ ਪੀਟੀਆਈ ਅਸਾਮੀਆਂ ਦੀ ਭਰਤੀ ਦੇ ਨੋਟੀਫਿਕੇਸ਼ਨ ਨੇ ਹਜ਼ਾਰਾਂ ਬੀਪੀਐਡ ਪਾਸ ਸਰੀਰਕ ਅਧਿਆਪਕਾਂ ਤੋਂ ਅਪਲਾਈ ਕਰਨ ਦਾ ਮੌਕਾ ਖੋਹ ਲਿਆ ਹੈ।
168 ਡੀਪੀਈ ਅਧਿਆਪਕਾਂ ਦੀ ਭਰਤੀ ਅਜੇ ਪੈਂਡਿੰਗ ਹੈ ਅਤੇ ਪਿਛਲੇ 20 ਸਾਲਾਂ ਤੋਂ ਪੀਟੀਆਈ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਗਈ। ਅੱਜ ਤੱਕ ਜੋ ਵੀ ਸਰੀਰਕ ਸਿੱਖਿਆ ਅਧਿਆਪਕਾਂ ਦੀ ਭਰਤੀ ਹੋਈ ਹੈ, ਉਹ ਮਾਨਯੋਗ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਕੀਤੀ ਗਈ ਹੈ।
ਜਦੋਂ ਕਿ ਹੁਣ ਭਰਤੀ ਮਾਮਲੇ ਤੇ ਸਮੁੱਚੀ ਨਿਯਮਾਂਵਲੀ ਤੇ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਬਰ ਸਰਕਾਰ ਨੇ ਉਨ੍ਹਾਂ ਦੀ ਭਰਤੀ ਮਾਮਲੇ ਤੇ ਮੁੜ ਸਮੀਖਿਆ ਤੇ ਨਜ਼ਰਸਾਨੀ ਨਾ ਕੀਤੀ ਤਾਂ ਸ਼ੰਘਰਸ਼ ਨੂੰ ਹੋਰ ਤੇਜ਼ ਤੇ ਤਿੱਖਾ ਕੀਤਾ ਜਾਵੇਗਾ ਤੇ ਇਸ ਦੌਰਾਨ ਹੋਣ ਵਾਲੇ ਕਿਸੇ ਵੀ ਕਿਸਮ ਦੇ ਜਾਨੀ ਤੇ ਮਾਲੀ ਨੁਕਸਾਨ ਦਾ ਜ਼ਿੰਮਾ ਸਰਕਾਰ ਦਾ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਸੰਨ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਸਰਕਾਰ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਜਿਸ ਦੇ ਲਈ ਯੂਨੀਅਨ ਦੇ ਵੱਲੋਂ ਹੁਣ ਤੋਂ ਹੀ ਰਣਨੀਤੀ ਤੈਅ ਕੀਤੀ ਜਾਵੇਗੀ।
ਇਸ ਦੌਰਾਨ ਉਨ੍ਹਾਂ ਵੱਲੋਂ ਮਜੀਠਾ ਰੋਡ ਸਥਿਤ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਕੀਤੇ ਗਏ ਰੋਸ ਪ੍ਰਦਰਸ਼ਨ ਨੂੰ ਸ਼ੋਸ਼ਲ ਮੀਡੀਆ ਪਲੇਟਫਾਰਮਾ ਤੇ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲ ਜਾਂਦਾ ਉਹ ਆਪਣੇ ਇਸ ਸਿਲਸਿਲੇ ਤੋਂ ਪਿੱਛੇ ਨਹੀਂ ਹੱਟਣਗੇ।
ਯੂਨੀਅਨ ਦੇ ਚੱਲ ਰਹੇ ਰੋਸ ਪ੍ਰਦਰਸ਼ਨ ਦੇ ਸਿਲਸਿਲੇ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਰਾਹੀਂ ਯੂਨੀਅਨ ਆਂਗੂਆਂ ਸ਼ਿਲਪਾ, ਗੁਰਜਿੰਦਰ ਸਿੰਘ, ਮਨਦੀਪ ਸਿੰਘ ਨੂੰ ਇੱਕ ਪੱਤਰ ਸੌਂਪ ਕੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਗਜ਼ਟ ਜਿਸ ਵਿੱਚ 2000 ਪੀਟੀਆਈ ਅਧਿਆਪਕਾਂ ਦੀ ਭਰਤੀ ਦੇ ਗਲਤ ਨੋਟੀਫਿਕੇਸ਼ਨ ਦੇ ਮਾਮਲੇ ਤੇ 4 ਅਪ੍ਰੈਲ ਨੂੰ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਨਾਲ ਮੀਟਿੰਗ ਕਰਨ ਸਬੰਧੀ ਵੀ ਸੂਚਿਤ ਕੀਤਾ ਗਿਆ।
ਇਸ ਮੌਕੇ ਸੰਦੀਪ ਸਿੰਘ, ਸੋਨੀਆ ਰਜਨੀਸ਼ ਕੌਰ, ਅਜੈ ਕੁਮਾਰ, ਹਰਮਨਪ੍ਰੀਤ, ਪੁਲਕਿੱਤ, ਲਵਦੀਪ, ਰੇਨੂੰ, ਨਿਮਰਤ, ਸ਼ਿਵਾਨੀ, ਹਰਮਨ, ਜਗਦੀਪ, ਲਭਜੀਤ ਸਿੰਘ ਆਦਿ ਹਾਜ਼ਰ ਸਨ।