ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਪ੍ਰਤੀਨਿਧ ਕੌਂਸਲ ਦਾ ਜਥੇਬੰਦਕ ਇਜਲਾਸ 8 ਅਪ੍ਰੈਲ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਅਧਿਆਪਕ, ਵਿਦਿਆਰਥੀ ਹੱਕਾਂ ਲਈ ਅਤੇ ਜਨਤਕ ਸਿੱਖਿਆ ਨੂੰ ਬਚਾਉਣ ਲਈ ਹਮੇਸ਼ਾ ਸੰਘਰਸ਼ ਦੇ ਮੈਦਾਨ ਵਿੱਚ ਰਹਿਣ ਵਾਲੀ ਜੁਝਾਰੂ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਪ੍ਰਤੀਨਿਧ ਕੌਂਸਲ ਦਾ ਜਥੇਬੰਦਕ ਇਜਲਾਸ 8 ਅਪ੍ਰੈਲ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ।
ਡੀ ਟੀ ਐਫ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਅਧਿਆਪਕ ਵਰਗ ਜਿੱਥੇ ਲੋਕ ਵਿਰੋਧੀ ਆਰਥਿਕ ਨੀਤੀਆਂ ਦੀ ਭਾਰੀ ਮਾਰ ਝੱਲ ਰਿਹਾ ਹੈ।
ਉੱਥੇ ਕੇਂਦਰ ਅਤੇ ਪੰਜਾਬ ਦੀ ਸਰਕਾਰ ਵਿਸ਼ਵੀਕਰਨ-ਨਿਜੀਕਰਨ-ਉਦਾਰੀਕਰਨ ਦੀਆਂ ਨੀਤੀਆਂ ਦੀ ਲੀਂਹ ‘ਤੇ ਚਲਦਿਆਂ ਸਿੱਖਿਆ ਵਿਰੋਧੀ ਮਾਰੂ ਸਿੱਖਿਆ ਨੀਤੀ 2020 ਨੂੰ ਧੜੱਲੇ ਨਾਲ ਲਾਗੂ ਕਰਕੇ ਸਿੱਖਿਆ ਦਾ ਕੇਂਦਰੀਕਰਣ, ਭਗਵਾਕਰਨ ਕਰਨ ਦੇ ਨਾਲ ਨਾਲ ਇਸਨੂੰ ਨਿੱਜੀ ਹੱਥਾਂ ਵਿੱਚ ਸੌਂਪ ਕੇ ਜਨਤਕ ਸਿੱਖਿਆ ਦਾ ਭੋਗ ਪਾਉਣ ਲਈ ਪੱਬਾਂ ਭਾਰ ਹੈ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ,ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈਸ ਸਕੱਤਰ ਲਖਵੀਰ ਹਰੀਕੇ ਨੇ ਕਿਹਾ ਕਿ ਸਿੱਖਿਆ ਨੂੰ ਮੌਜੂਦਾ ਚੁਣੌਤੀਆਂ ਦੇ ਸਨਮੁੱਖ ਇਸ ਸੂਬਾ ਇਜਲਾਸ ਵਿੱਚ ਸਿੱਖਿਆ ਵਿਰੋਧੀ ਨੀਤੀਆਂ ‘ਤੇ ਵਿਚਾਰ ਚਰਚਾ, ਇਹਨਾਂ ਨੂੰ ਮੋੜਾ ਦੇਣ ਲਈ ਇੱਕ ਵੱਡੀ ਲੋਕ ਲਹਿਰ ਦੀ ਉਸਾਰੀ ਹਿਤ ਜਥੇਬੰਦੀ ਨੂੰ ਹੋਰ ਮਜਬੂਤ ਕਰਨ ਬਾਰੇ ਯੋਜਨਾਬੰਦੀ ਕੀਤੀ ਜਾਵੇਗੀ।
ਕੁੱਝ ਸੰਵਿਧਾਨਕ ਸੋਧਾਂ ਕਰਨ ਦੇ ਨਾਲ ਨਾਲ ਸਰਕਾਰੀ ਤੌਰ ‘ਤੇ ਸੇਵਾ ਮੁਕਤ ਹੋਏ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਦੀ ਥਾਂ ਨਵੇਂ ਸੂਬਾ ਜਨਰਲ ਸਕੱਤਰ ਦੀ ਵੀ ਚੋਣ ਕੀਤੀ ਜਾਵੇਗੀ। ਇਸ ਮੌਕੇ ਭਵਿੱਖੀ ਸੰਘਰਸ਼ ਦਾ ਵੀ ਐਲਾਨ ਕੀਤਾ ਜਾਵੇਗਾ।