ਕੱਚੇ ਅਧਿਆਪਕਾਂ ਨੇ ਖੋਲ੍ਹਿਆ ਮੋਰਚਾ! ਸੇਵਾਵਾਂ ਰੈਗੂਲਰ ਕਰਵਾਉਣ ਲਈ ਦਿੱਤਾ ਧਰਨਾ
ਚੰਡੀਗੜ੍ਹ
ਯੂਟੀ ਦੇ ਸਰਵ ਸਿੱਖਿਆ ਅਭਿਆਨ ਹੇਠ ਕੰਟਰੈਕਟ ’ਤੇ ਕੰਮ ਕਰ ਰਹੇ ਸੈਂਕੜੇ ਅਧਿਆਪਕਾਂ ਨੇ ਜਾਮਾ ਮਸਜਿਦ ਗਰਾਊਂਡ ਸੈਕਟਰ 20 ਵਿਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਐੱਸਟੀਟੀ, ਸੀਆਰਸੀ ਤੇ ਯੂਆਰਸੀ ਹੇਠ ਕੰਮ ਕਰਦੇ ਅਧਿਆਪਕਾਂ ਨੇ ਵੀ ਰੋਸ ਜਤਾਇਆ।
ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ ਇਕੱਠੇ ਹੋਏ ਅਧਿਆਪਕਾਂ ਨੇ ਰੋਸ ਜਤਾਉਂਦਿਆਂ ਸਿੱਖਿਆ ਵਿਭਾਗ ਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਐਕਸ਼ਨ ਕਮੇਟੀ ਦੇ ਚੇਅਰਮੈਨ ਸ਼ਿਵੰਦਰ ਸਿੰਘ ਨੇ ਕਿਹਾ ਕਿ ਇਹ ਅਧਿਆਪਕ ਚੰਡੀਗੜ੍ਹ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਪਿਛਲੇ 14 ਤੋਂ 24 ਸਾਲਾਂ ਦਰਮਿਆਨ ਸੇਵਾਵਾਂ ਨਿਭਾਅ ਰਹੇ ਹਨ।
ਪਰ ਸਿੱਖਿਆ ਵਿਭਾਗ ਤੇ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਨੌਕਰੀਆਂ ਰੈਗੂਲਰ ਕਰਨ ਲਈ ਕੋਈ ਕੰਮ ਨਹੀਂ ਕੀਤਾ। ਇਸ ਕਰਕੇ ਪੰਜ ਸੌ ਦੇ ਕਰੀਬ ਅਧਿਆਪਕਾਂ ਵਿਚ ਡਰ ਦਾ ਮਾਹੌਲ ਹੈ।
ਸ਼ਿਵੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਅਧਿਆਪਕਾਂ ਨੂੰ ਸਹੂਲਤਾਂ ਹੀ ਮੁਹੱਈਆ ਨਹੀਂ ਕਰ ਰਹੇ ਤਾਂ ਉਹ ਇਹ ਬੱਚਿਆਂ ਦੇ ਬਿਹਤਰ ਭਵਿੱਖ ਦੀ ਕਿਸ ਤਰ੍ਹਾਂ ਆਸ ਕਰ ਸਕਦੇ ਹਨ।
ਅਧਿਆਪਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਸੰਸਦ ਮੈਂਬਰ ਕਿਰਨ ਖੇਰ ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਈ ਵਾਰ ਚੋਣਾਂ ਦੌਰਾਨ ਭਰੋਸਾ ਦਿੱਤਾ ਸੀ ਕਿ ਅਧਿਆਪਕਾਂ ਦੀਆਂ ਨੌਕਰੀਆਂ ਨਿਯਮਤ ਹੋਣ ਲਈ ਪਾਲਸੀ ਬਣੇਗੀ ਪਰ ਦੋ ਦਹਾਕਿਆਂ ਤੋਂ ਉਨ੍ਹਾਂ ਦੀ ਸਮੱਸਿਆ ਹੱਲ ਨਹੀਂ ਹੋਈ।
ਡੈਪੂਟੇਸ਼ਨ ਕੋਟਾ ਰੱਦ ਕਰਨ ਦੀ ਮੰਗ
ਅਧਿਆਪਕਾਂ ਨੇ ਕਿਹਾ ਕਿ ਚੰਡੀਗੜ੍ਹ ਵਿਚ ਅਧਿਆਪਕਾਂ ਦਾ ਡੈਪੂਟੇਸ਼ਨ ਕੋਟਾ ਬੰਦ ਹੋਣਾ ਚਾਹੀਦਾ ਹੈ। ਆਗੂ ਰਣਬੀਰ ਰਾਣਾ ਨੇ ਕਿਹਾ ਕਿ ਚੰਡੀਗੜ੍ਹ ਵਿਚ ਡੈਪੂਟੇਸ਼ਨ ’ਤੇ ਤਾਇਨਾਤ ਅਧਿਆਪਕਾਂ ਨੂੰ ਵਾਪਸ ਉਨ੍ਹਾਂ ਦੇ ਪਿਤਰੀ ਰਾਜਾਂ ਵਿਚ ਭੇਜਿਆ ਜਾਵੇ। tribune