ਪੰਜਾਬ ‘ਚ ਅਧਿਆਪਕਾਂ ਦੇ ਡੋਪ ਟੈਸਟ! ਫੀਸ 1500 ਰੁਪਏ… ਟੀਚਰਾਂ ਨੇ ਕੀਤਾ ਭਾਰੀ ਵਿਰੋਧ ਤਾਂ, ਡਿਪਟੀ DEO ਨੇ ਦਿੱਤਾ ਸਪੱਸ਼ਟੀਕਰਨ
ਚੰਡੀਗੜ੍ਹ/ਮੋਗਾ
ਪੰਜਾਬ ਵਿੱਚ ਨਵੇਂ ਭਰਤੀ ਹੋਏ ਈਟੀਟੀ ਅਧਿਆਪਕਾਂ ਦੀ ਮੈਡੀਕਲ ਰਿਪੋਰਟ ਨਾਲ ਡੋਪ ਟੈਸਟ ਕਰਨ ਦੀ ਹਦਾਇਤ ਸਰਕਾਰ ਵੱਲੋਂ ਕੀਤੀ ਗਈ ਹੈ। ਜਿਸ ਦੇ ਤਹਿਤ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਪਹੁੰਚੇ ਨਵ-ਨਿਯੁਕਤ ਅਧਿਆਪਕਾਂ ਦੇ ਡੋਪ ਟੈਸਟ ਕਰਨ ਤੇ ਉਨ੍ਹਾਂ ਤੋਂ ਮੈਡੀਕਲ ਤੋਂ ਵੱਖਰੀ 1500 ਰੁਪਏ ਫੀਸ ਲੈਣ ਤੋਂ ਵਿਰੋਧ ਸ਼ੁਰੂ ਹੋ ਗਿਆ।
ਇਸ ਬਾਰੇ ਪਤਾ ਲੱਗਣ ’ਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਦੇ ਪ੍ਰਧਾਨ ਦਿੱਗਵਿਜੈ ਪਾਲ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ ਪਾਲੀ ਨੇ ਨਵ-ਨਿਯੁਕਤ ਈਟੀਟੀ ਅਧਿਆਪਕਾਂ ਦੇ ‘ਡੋਪ ਟੈਸਟ’ ਕਰਨ ਅਤੇ ਇਸ ਲਈ 1500 ਰੁਪਏ ਪ੍ਰਤੀ ਉਮੀਦਵਾਰ ਫੀਸ ਵਸੂਲਣ ਦਾ ਸਿਵਲ ਸਰਜਨ ਦਫ਼ਤਰ ਪਹੁੰਚ ਕੇ ਵਿਰੋਧ ਕੀਤਾ।
ਇਸ ਮੌਕੇ ਦਿੱਗਵਿਜੈ ਪਾਲ ਸ਼ਰਮਾ ਅਤੇ ਸੇਵਾਮੁਕਤ ਐੱਸਐੱਮਓ ਡਾ. ਇੰਦਰਵੀਰ ਸਿੰਘ ਗਿੱਲ ਨੇ ਨਵ-ਨਿਯੁਕਤ ਅਧਿਆਪਕਾਂ ਦੇ ਡੋਪ ਟੈਸਟ ਨੂੰ ਗ਼ੈਰਕਾਨੂੰਨੀ ਤੇ ਗ਼ੈਰਵਾਜ਼ਬ ਕਰਾਰ ਦਿੰਦੇ ਹੋਏ ਆਖਿਆ ਕਿ ਇਹ ਉਮੀਦਵਾਰਾਂ ਨਾਲ ਧੱਕੇਸ਼ਾਹੀ ਹੈ।
ਉਨ੍ਹਾਂ ਦੇ ਵਿਰੋਧ ਮਗਰੋਂ ਸਿਵਲ ਸਰਜਨ ਦਫ਼ਤਰ ਵੱਲੋਂ ਇਨ੍ਹਾਂ ਉਮੀਦਵਾਰਾਂ ਦਾ ਡੋਪ ਟੈਸਟ ਬੰਦ ਕਰਕੇ ਅਤੇ ਫੀਸ ਵਾਪਸ ਕਰਨ ਦਾ ਭਰੋਸਾ ਦੇਣ ਮਗਰੋਂ ਮਾਮਲਾ ਸ਼ਾਂਤ ਹੋਇਆ। ਅਧਿਆਪਕ ਜਥੇਬੰਦੀਆਂ ਨੇ ਕਿਹਾ ਕਿ 5994 ਭਰਤੀ ਅਧੀਨ ਈਟੀਟੀ ਅਧਿਆਪਕਾਂ ਦਾ ਸੂਬਾ ਸਰਕਾਰ ਵੱਲੋਂ ਜਬਰੀ ਡੋਪ ਟੈਸਟ ਕਰਵਾਉਣਾ ਉਮੀਦਵਾਰਾਂ ਦਾ ਆਰਥਿਕ ਸ਼ੋਸ਼ਣ ਹੈ।
ਡਿਪਟੀ ਡੀਈਓ ਨੇ ਕਿਹਾ- ਡੋਪ ਟੈਸਟ ਦੀ ਕੋਈ ਸ਼ਰਤ ਨਹੀਂ
ਡਿਪਟੀ ਡੀਈਓ ਨਿਸ਼ਾਨ ਸਿੰਘ ਸੰਧੂ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ 174 ਨਵ-ਨਿਯੁਕਤ ਈਟੀਟੀ ਅਧਿਆਪਕਾਂ ਦੀ ਤਾਇਨਾਤੀ ਲਈ ਹੁਕਮ ਜਾਰੀ ਹੋਏ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰੀ ਵੱਲੋਂ ਜਾਰੀ ਹੁਕਮਾਂ ’ਚ ਡੋਪ ਟੈਸਟ ਦੀ ਕੋਈ ਸ਼ਰਤ ਨਹੀਂ ਹੈ ਅਤੇ ਨਾ ਹੀ ਇਸ ਸਬੰਧੀ ਸਰਕਾਰ ਜਾਂ ਉੱਚ ਅਧਿਕਾਰੀਆਂ ਵੱਲੋਂ ਕੋਈ ਹਦਾਇਤ ਮਿਲੀ ਹੈ।
ਉਮੀਦਵਾਰਾਂ ਤੋਂ ਲਈ 1500 ਰੁਪਏ ਫੀਸ ਵਾਪਸ ਕਰਨ ਲਈ ਸੀਨੀਅਰ ਮੈਡੀਕਲ ਅਫ਼ਸਰ ਨੂੰ ਹਦਾਇਤ -ਸਹਾਇਕ ਸਿਵਲ ਸਰਜਨ
ਸਹਾਇਕ ਸਿਵਲ ਸਰਜਨ ਡਾ. ਜੋਤੀ ਨੇ ਪੁਸ਼ਟੀ ਕੀਤੀ ਕਿ ਅਧਿਆਪਕਾਂ ਦੇ ਮੈਡੀਕਲ ਲਈ ਡੋਪ ਟੈਸਟ ਕਰਨ ਵਾਸਤੇ ਉਨ੍ਹਾਂ ਤੋਂ ਫੀਸ ਵਸੂਲੀ ਗਈ ਸੀ ਪਰ ਹੁਣ ਉਨ੍ਹਾਂ ਨੇ ਡੋਪ ਟੈਸਟ ਬੰਦ ਕਰ ਦਿੱਤਾ ਹੈ। ਉਮੀਦਵਾਰਾਂ ਤੋਂ ਲਈ 1500 ਰੁਪਏ ਫੀਸ ਵਾਪਸ ਕਰਨ ਲਈ ਸੀਨੀਅਰ ਮੈਡੀਕਲ ਅਫ਼ਸਰ ਨੂੰ ਹਦਾਇਤ ਕਰ ਦਿੱਤੀ ਹੈ।