ਸਾਵਧਾਨ! ਪੰਜਾਬ ਪੁਲਿਸ ਕਰੇਗੀ ਹੁਣ ਇਨ੍ਹਾਂ ਵਾਹਨਾਂ ਦੇ ਵੀ ਆਨਲਾਈਨ ਚਲਾਨ, ਜ਼ਰਾ ਬੱਚ ਕੇ…!
ਪੀਲੀ ਪੱਟੀ ਤੋਂ ਬਾਹਰ ਖੜੀਆਂ ਮੋਟਰ-ਗੱਡੀਆਂ ਦੇ ਹੋਣਗੇ ਆਨ-ਲਾਈਨ ਚਲਾਨ: ਟ੍ਰੈਫਿਕ ਸਮੱਸਿਆ ਦਾ ਹੋਵੇਗਾ ਹੱਲ
ਵਿਧਾਇਕਾ ਮਾਣੂੰਕੇ ਦੇ ਯਤਨਾਂ ਸਦਕਾ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦਾ ਹੋਵੇਗਾ ਹੱਲ
ਪੀਲੀ ਪੱਟੀ ਤੋਂ ਬਾਹਰ ਖੜੇ ਵਾਹਨ ਦੇ ਮਾਲਕ ਆਨ-ਲਾਈਨ ਚਲਾਣ ਲਈ ਖੁਦ ਹੋਣਗੇ ਜ਼ਿੰਮੇਵਾਰ
ਜਗਰਾਉਂ
ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹੋਏ ਹਲਕੇ ਦੇ ਅਧਿਕਾਰੀਆਂ ਐਸ. ਡੀ. ਐਮ. ਜਗਰਾਉਂ, ਡੀ.ਐਸ.ਪੀ (ਟ੍ਰੈਫਿਕ), ਐਕਸੀਅਨ ਬਿਜਲੀ ਵਿਭਾਗ, ਜਨਰਲ ਮੈਨੇਜਰ ਪੰਜਾਬ ਰੋਡਵੇਜ਼, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਤੇ ਸ਼ਹਿਰ ਦੀਆਂ ਸਮਾਜ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਰੇਹੜੀ-ਫੜੀ ਯੂਨੀਅਨ ਦੇ ਆਗੂਆਂ ਅਤੇ ਦੁਕਾਨਦਾਰ ਐਸੋਸੀਏਸ਼ਨ ਦੇ ਆਗੂਆਂ ਨਾਲ ਮੀਟਿੰਗ ਕਰਕੇ ਮੀਟਿੰਗ ਕਰਕੇ ਮਾਮਲੇ ਨਾਲ ਨਜਿੱਠਣ ਲਈ ਜੰਗੀ ਪੱਧਰ ‘ਤੇ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ।
ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਸਾਰੇ ਸ਼ਹਿਰ ਵਿੱਚ ਇੱਕ ਪੀਲੇ ਰੰਗ ਦੀ ਪੱਟੀ ਲਗਾਈ ਜਾਵੇਗੀ, ਜੇਕਰ ਕੋਈ ਵਾਹਨ ਜਾਂ ਰੇਅੜੀ-ਫੜੀ ਆਦਿ ਪੀਲੀ ਪੱਟੀ ਤੋਂ ਬਾਹਰ ਖੜਾ ਪਾਇਆ ਗਿਆ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਵਾਹਨਾਂ ਦੇ ਆਨ-ਲਾਈਨ ਚਲਾਣ ਕੱਟੇ ਜਾਣ ਲਈ ਉਹ ਖੁਦ ਜਿੰਮੇਵਾਰ ਹੋਣਗੇ। ਇਸ ਤੋਂ ਇਲਾਵਾ ਜੇਕਰ ਕਿਸੇ ਦੁਕਾਨਦਾਰ ਵੱਲੋਂ ਆਪਣਾ ਸਮਾਨ ਆਦਿ ਪੀਲੀ ਪੱਟੀ ਤੋਂ ਬਾਹਰ ਤੱਕ ਰੱਖਿਆ ਗਿਆ ਤਾਂ ਉਸ ਦਾ ਚਲਾਣ ਕੱਟਣ ਤੋਂ ਇਲਾਵਾ ਸਮਾਮ ਵੀ ਜ਼ਬਤ ਕਰ ਲਿਆ ਜਾਵੇਗਾ। ਵਿਧਾਇਕਾ ਮਾਣੂੰਕੇ ਨੇ ਨਗਰ ਕੌਂਸਲ ਦੇ ਈ.ਓ. ਸੁਖਦੇਵ ਸਿੰਘ ਰੰਧਾਵਾ ਨੂੰ ਹਦਾਇਤਾਂ ਕਰਦੇ ਹੋਏ ਆਖਿਆ ਕਿ ਪੀਲੀ ਪੱਟੀ ਲਗਾਉਣ ਲਈ ਪ੍ਰਕਿਰਿਆ ਤੇਜ਼ ਕੀਤੀ ਜਾਵੇ ਅਤੇ ਸ਼ਹਿਰ ਦੇ ਪ੍ਰਮੁੱਖ ਚੌਂਕਾਂ ਵਿੱਚ ਟ੍ਰੈਫਿਕ ਲਾਈਟਾਂ ਲਗਾਉਣ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਇਸ ਤੋਂ ਇਲਾਵਾ ਨਗਰ ਕੌਂਸਲ ਵੱਲੋਂ ਰਜਿਸਟਰਡ 789 ਰੇਹੜੀਆਂ ਤੇ ਫੜੀਆਂ ਦੀ ਗਿਣਤੀ ਤਿੰਨ ਦਿਨਾਂ ਦੇ ਅੰਦਰ ਅੰਦਰ ਕੀਤੀ ਜਾਵੇ ਅਤੇ ਉਹਨਾਂ ਨੂੰ ਮੇਨ ਰਸਤਿਆਂ ਤੋਂ ਹਟਾਕੇ ਨਿਰਧਾਰਿਤ ਥਾਵਾਂ ਉਪਰ ਸ਼ਿਫਟ ਕੀਤਾ ਜਾਵੇ ਅਤੇ ਜੇਕਰ ਕੋਈ ਰੇਹੜੀ ਰਜਿਸਟਰਡ ਨਹੀਂ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ। ਵਿਧਾਇਕਾ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਕਮਰੇ ਵਿੱਚ ਬੰਦ ਕਰਕੇ ਰੱਖੀਆਂ ਕਰੋੜਾਂ ਰੁਪਏ ਦੀਆਂ ਸਵਾਈਪਿੰਗ ਤੇ ਜ਼ੈਟਿੰਗ ਮਸ਼ੀਨਾਂ ਨੂੰ ਸੜਕਾਂ ਉਪਰ ਉਤਾਰਿਆ ਜਾਵੇ ਅਤੇ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਦੇ ਨਾਲ-ਨਾਲ ਡਰੇਨ ਦੀ ਵੀ ਸਫਾਈ ਕੀਤੀ ਜਾਵੇ, ਤਾਂ ਜੋ ਆਉਣ ਵਾਲੇ ਬਰਸਾਤਾਂ ਦੇ ਦਿਨਾਂ ਦੌਰਾਨ ਕਮਲ ਚੌਂਕ ਅਤੇ ਪੁਰਾਣੀ ਸਬਜ਼ੀ ਮੰਡੀ ਆਦਿ ਦੇ ਲੋਕਾਂ ਬਰਸਾਤੀ ਪਾਣੀ ਤੋਂ ਰਾਹਤ ਦਿਵਾਈ ਜਾ ਸਕੇ। ਵਿਧਾਇਕਾ ਮਾਣੂੰਕੇ ਨੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਦੇ ਟੈਕਸੀ ਸਟੈਂਡ, ਆਟੋ ਯੂਨੀਅਨਾਂ ਅਤੇ ਛੋਟੇ ਹਾਥੀ ਵਾਲਿਆਂ ਨੂੰ ਜਗ੍ਹਾ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਅਤੇ ਮੇਨ ਰੇਲਵੇ ਪੁੱਲ ਦੇ ਦੋਵੇਂ ਪਾਸੇ ਨਿੱਤ ਦਿਹਾੜੇ ਹਾਦਸਿਆਂ ਦਾ ਕਾਰਨ ਬਣਦੇ ਗਲਤ ਸਾਈਡ ਤੋਂ ਪੁੱਲ ਉਪਰ ਚੜ੍ਹਦੇ ਵਾਹਨਾਂ ਨੂੰ ਰੋਕਣ ਲਈ ਰੇਲਿੰਗ ਲਗਾਈ ਜਾਵੇ। ਮੀਟਿੰਗ ਦੌਰਾਨ ਫੈਸਲਾ ਹੋਇਆ ਕਿ ਬੱਸ ਅੱਡੇ ਦੇ ਬਾਹਰ ਖੜਦੀਆਂ ਬੱਸਾਂ ਦੀ ਫੋਟੋ ਖਿੱਚ ਕੇ ਰੋਡਵੇਜ਼ ਦੇ ਕਰਮਚਾਰੀ ਟ੍ਰੈਫਿਕ ਪੁਲਿਸ ਨੂੰ ਭੇਜਣਗੇ ਅਤੇ ਆਨ-ਲਾਈਨ ਚਲਾਣ ਕੱਟਿਆ ਜਾਵੇਗਾ।
ਇਸ ਤੋਂ ਬਿਨਾਂ ਸ਼ਹਿਰ ਵਿੱਚ ਕਈ ਥਾਵਾਂ ਉਪਰ ਦੁਕਾਨਦਾਰ ਬਿਜਲੀ ਦੇ ਖੰਬਿਆਂ ਦੀ ਆੜ ਹੇਠ ਫਲੈਕਸ ਬੋਰਡ ਲਗਾਕੇ ਸਮਾਨ ਆਦਿ ਰੱਖ ਲੈਂਦੇ ਹਨ, ਉਹਨਾਂ ਵਿਰੁੱਧ ਵੀ ਕਾਰਵਾਈ ਹੋਵੇਗੀ ਅਤੇ ਖੰਬੇ ਸਾਈਡ ਤੇ ਕੀਤੇ ਜਾਣਗੇ ਅਤੇ ਜਿੰਨਾਂ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨ ਤੋਂ ਬਾਹਰ ਥੜੀ ਆਦਿ ਬਣਾਕੇ ਨਜਾਇਜ਼ ਕਬਜ਼ੇ ਕੀਤੇ ਗਏ ਹਨ, ਉਹਨਾਂ ਨੂੰ ਤੋੜਿਆ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸਮਾਜ ਸੇਵੀ ਅਤੇ ਦੁਕਾਨਦਾਰ, ਰੇਹੜੀ-ਫੜੀ ਆਦਿ ਯੂਨੀਅਨਾਂ ਆਪਣੇ ਪੱਧਰ ਤੇ ਵੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਮੀਟਿੰਗਾਂ ਕਰਨਗੀਆਂ ਅਤੇ ਯੂਨੀਅਨਾਂ ਦੀ ਮੰਗ ਅਨੁਸਾਰ ਕਾਰ ਪਾਰਕਿੰਗ ਆਦਿ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਵਿਧਾਇਕਾ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਕੂੜੇ ਦੇ ਡੰਪ ਖਤਮ ਕੀਤੇ ਜਾਣ।
ਉਨ੍ਹਾਂ ਕਿਹਾ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਤੋਂ ਪਹਿਲਾਂ-ਪਹਿਲਾਂ ਡਾ.ਅੰਬੇਡਕਰ ਜੀ ਦੇ ਬੁੱਤ ਦੇ ਆਲੇ-ਦੁਆਲੇ ਟੁੱਟੇ ਹੋਏ ਜੰਗਲੇ ਤੁਰੰਤ ਠੀਕ ਕੀਤੇ ਜਾਣ ਅਤੇ ਰੰਗ ਰੋਗਨ ਕੀਤਾ ਜਾਵੇ। ਵਿਧਾਇਕਾ ਮਾਣੂੰਕੇ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਕਰਦੇ ਹੋਏ ਆਖਿਆ ਕਿ ਲਾ-ਪ੍ਰਵਾਹੀ ਵਰਤਣ ਵਾਲੇ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸ.ਡੀ.ਐਮ. ਜਗਰਾਉਂ ਕਰਨਦੀਪ ਸਿੰਘ, ਜੀ.ਐਮ.ਰੋਡਵੇਜ਼ ਜੁਗਰਾਜ ਸਿੰਘ ਤੂਰ, ਡੀ.ਐਸ.ਪੀ.ਟ੍ਰੈਫਿਕ ਧਰਮਿੰਦਰ ਸਿੰਘ, ਬਿਜਲੀ ਵਿਭਾਗ ਵੱਲੋਂ ਐਕਸੀਅਨ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ, ਪਰਮਜੀਤ ਸਿੰਘ ਚੀਮਾਂ, ਈ.ਓ.ਨਗਰ ਕੌਂਸਲ ਸੁਖਦੇਵ ਸਿੰਘ ਰੰਧਾਵਾ, ਰੇਹੜੀ ਯੂਨੀਅਨ ਵੱਲੋਂ ਬਲਵੀਰ ਸਿੰਘ, ਸਮਾਜ ਸੇਵੀ ਟੋਨੀ ਵਰਮਾਂ, ਕੈਮਿਸਟ ਐਸੋਸੀਏਸ਼ਨ ਵੱਲੋਂ ਪੰਕਜ ਅਗਰਵਾਲ, ਕੇਵਲ ਕ੍ਰਿਸ਼ਨ ਮਲਹੋਤਰਾ, ਸੁਭਾਸ਼ ਕੁਮਾਰ, ਅਮਰਦੀਪ ਸਿੰਘ ਟੂਰੇ ਆਦਿ ਤੋਂ ਇਲਾਵਾ ਦੁਕਾਨਦਾਰ ਯੂਨੀਅਨਾਂ ਦੇ ਆਗੂ ਵੀ ਹਾਜ਼ਰ ਸਨ।