ਸਰਕਾਰੀ ਸਕੂਲਾਂ ‘ਚ ਮੰਤਰੀਆਂ ਤੇ ਵਿਧਾਇਕਾਂ ਤੋਂ ਉਦਘਾਟਨ ਕਰਵਾਉਣ ਦਾ ਫਰਮਾਨ ਵਿੱਦਿਅਕ ਮਾਹੌਲ ਨੂੰ ਕਰੇਗਾ ਪ੍ਰਭਾਵਿਤ: ਡੀਟੀਐੱਫ ਦਾ ਵੱਡਾ ਦਾਅਵਾ
ਉਦਘਾਟਨ ਸਮਾਰੋਹਾਂ ਬਹਾਨੇ ਸਕੂਲਾਂ ਵਿੱਚ ਸਿਆਸੀ ਦਖ਼ਲ ਵਧਾਉਣਾ ਨਿੰਦਣਯੋਗ -ਡੀ.ਟੀ.ਐਫ.
ਚੰਡੀਗੜ੍ਹ
ਦਫਤਰ ਡਾਇਰੈਕਟਰ ਸਕੂਲ ਸਿੱਖਿਆ(ਸੈ ਸਿ) ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਜਾਰੀ ਕਰਕੇ ਸਾਲ 2022 ਤੋਂ ਹੁਣ ਤੱਕ ਸਿਵਲ ਵਰਕਸ ਅਧੀਨ ਕਰਵਾਏ ਜਾ ਰਹੇ ਕੰਮ ਦਾ ਉਦਘਾਟਨ ਪੰਜਾਬ ਸਰਕਾਰ ਦੇ ਮੰਤਰੀਆਂ, ਐੱਮ ਐੱਲ ਏ, ਐਮ ਪੀ ਅਤੇ ਹੋਰ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਕੀਤੇ ਜਾਣ ਦੀ ਹਦਾਇਤ ਕੀਤੀ ਗਈ ਹੈ।
ਇਸਦੇ ਨਾਲ ਹੀ ਸਕੱਤਰ ਸਿੱਖਿਆ ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਇੱਕ ਹੋਰ ਪੱਤਰ ਅਨੁਸਾਰ ਸਕੂਲ ਮੁਖੀਆਂ ਨੂੰ ਉਦਘਾਟਨ ਲਈ ਵੱਡੇ ਪੱਧਰ ‘ਤੇ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ ਬਾਰੇ ਸਟੈਂਡਰਡ ਆਪਰੈਟਿਵ ਪ੍ਰੋਸੀਜ਼ਰ ਵੀ ਜਾਰੀ ਕੀਤਾ ਗਿਆ ਹੈ।
ਅਧਿਆਪਕ ਜੱਥੇਬੰਦੀ ਡੀ.ਟੀ.ਐੱਫ. ਨੇ ਇਸ ਫਰਮਾਨ ਨੂੰ ਗੈਰ ਵਾਜਿਬ ਤੇ ਬੇਲੋੜਾ ਕਰਾਰ ਦਿੱਤਾ ਅਤੇ ਇਸ ਦੇ ਨਾਂ ਪੱਖੀ ਸਿੱਟੇ ਨਿਕਲਣ ਦਾ ਅੰਦੇਸ਼ਾ ਜਾਹਿਰ ਕਰਦਿਆਂ ਅਜਿਹੇ ਫੈਸਲਿਆਂ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
.
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਇਸ ਤਰ੍ਹਾਂ ਦੇ ਉਦਘਾਟਨ ਸਮਾਗਮ ਕਰਵਾਉਣ ਨੂੰ ਸਕੂਲਾਂ ਅੰਦਰ ਸਿਆਸੀ ਦਖ਼ਲ ਵਧਾਉਣ ਅਤੇ ਵਿੱਦਿਅਕ ਮਾਹੌਲ ਨੂੰ ਵਿਗਾੜਣ ਵਾਲਾ ਕਰਾਰ ਦਿੰਦਿਆਂ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ।
ਉਹਨਾਂ ਕਿਹਾ ਸਕੂਲਾਂ ਅੰਦਰ ਪੜ੍ਹਾਈ ਲਈ ਉਸਾਰੂ ਮਾਹੌਲ ਸਿਰਜਣ ਦੀ ਥਾਂ ਪੰਜਾਬ ਸਰਕਾਰ ਵੱਲੋਂ ਸਿਆਸੀ ਆਕਾਵਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਕੂਲਾਂ ਨੂੰ ਸਿਆਸਤ ਚਮਕਾਉਣ ਦੀ ਥਾਵਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਦੋਸ਼ ਲਾਇਆ ਕਿ ਸੰਵਿਧਾਨਕ ਅਤੇ ਨੈਤਿਕ ਦਾਇਰੇ ਨੂੰ ਛਿੱਕੇ ਟੰਗ ਕੇ ਦਿੱਲੀ ਦੇ ਫੇਲ੍ਹ ਹੋਏ ਸਿੱਖਿਆ ਮਾਡਲ ਰਾਹੀਂ ਪੰਜਾਬ ਦੇ ਵਿੱਦਿਅਕ ਅਦਾਰਿਆਂ ਵਿੱਚ ਵੀ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ, ਜਿਸਦਾ ਭੁਗਤਾਨ ਪੰਜਾਬ ਦੇ ਆਮ ਲੋਕਾਂ ਦੇ ਬੱਚਿਆਂ ਦੀ ਸਿੱਖਿਆ ਦੇ ਉਜਾੜੇ ਦੇ ਰੂਪ ਵਿੱਚ ਕਰਨਾ ਪੈ ਸਕਦਾ ਹੈ।
ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿਛਲੇ ਦਿਨੀਂ ਸਕੂਲ ਮੈਨੇਜਮੈਂਟ ਕਮੇਟੀਆਂ ਵਿੱਚ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਫਿੱਟ ਕਰਨ ਦਾ ਵੀ ਫ਼ਰਮਾਨ ਜਾਰੀ ਕੀਤਾ ਗਿਆ ਸੀ।
ਆਗੂਆਂ ਨੇ ਸਪਸ਼ਟ ਕਰਦਿਆਂ ਕਿਹਾ ਕਿ ਪੜ੍ਹਾਈ ਦਾ ਮਿਆਰ ਤਾਂ ਹੀ ਉੱਪਰ ਚੁੱਕਿਆ ਜਾ ਸਕਦਾ ਹੈ ਜ਼ੇਕਰ ਵਿੱਦਿਅਕ ਅਦਾਰਿਆਂ ਵਿੱਚ ਬੇਲੋੜਾ ਸਿਆਸੀ ਦਖ਼ਲ ਬੰਦ ਕਰਕੇ, ਸਕੂਲਾਂ ਵਿੱਚ ਪੰਜਾਬ ਦੇ ਸਥਾਨਕ ਹਾਲਾਤਾਂ ਅਨੁਸਾਰ ਆਪਣੀ ਵਿੱਦਿਅਕ ਨੀਤੀ ਤੇ ਸਲਾਨਾ ਕਲੰਡਰ ਤਿਆਰ ਕਰਕੇ ਲਾਗੂ ਕੀਤਾ ਜਾਵੇ ਅਤੇ ਅਧਿਆਪਕ ਤੇ ਮਾਪਿਆਂ ਦੀ ਉਸਾਰੂ ਭੂਮਿਕਾ ਨੂੰ ਵਧਾਇਆ ਜਾਵੇ।