ਪੰਜਾਬ ਦਾ ਕੋਈ ਵੀ ਸਰਕਾਰੀ ਸਕੂਲ ਪ੍ਰਿੰਸੀਪਲ ਤੋਂ ਨਹੀਂ ਰਹੇਗਾ ਸੱਖਣਾ: ਆਪ ਵਿਧਾਇਕ ਦਾ ਵੱਡਾ ਦਾਅਵਾ
ਮੋਹਾਲੀ
ਪੰਜਾਬ ਸਕੂਲ ਸਿੱਖਿਆ ਵਿਭਾਗ ਵਿਚ ਪਿਛਲੇ ਵੀਹ – ਪੱਚੀ ਸਾਲਾਂ ਤੋਂ ਬਤੌਰ ਲੈਕਚਰਾਰ ਸੇਵਾਵਾਂ ਨਿਭਾ ਰਹੇ ਲੈਕਚਰਾਰਾਂ ਦਾ ਇੱਕ ਵਫਦ ਜ਼ਿਲ੍ਹਾ ਗੁਰਦਾਸਪੁਰ ਤੋਂ ਗੌਰਮਿੰਟ ਸਕੂਲ ਲੈਕਚਰਾਰ ਪਰੋਮੋਸਨ ਫਰੰਟ ਪੰਜਾਬ ਦੇ ਬੈਨਰ ਹੇਠ ਅਤੇ ਪ੍ਰਧਾਨ ਸੰਜੀਵ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਝਾ ਜੋਨ ਪ੍ਰਮੋਸ਼ਨ ਫਰੰਟ ਦੇ ਕੋਆਰਡੀਨੇਟਰ ਲੈਕਚਰਾਰ ਗੁਰਮੀਤ ਸਿੰਘ ਭੋਮਾ ਸਟੇਟ ਅਤੇ ਨੈਸ਼ਨਲ ਐਵਾਰਡੀ ਦੀ ਅਗਵਾਈ ਹੇਠ ਐਡਵੋਕੇਟ ਅਮਰਪਾਲ ਸਿੰਘ ਵਿਧਾਇਕ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਗਿਆ।
ਜਿਸਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਨੌਂ ਸੌ ਦੇ ਕਰੀਬ ਸਕੂਲ ਪ੍ਰਿੰਸੀਪਲ ਦੀਆਂ ਖਾਲੀ ਪੋਸਟਾਂ ਨੂੰ ਪਹਿਲ ਦੇ ਆਧਾਰ ਤੇ, 2018 ਦੇ ਸੇਵਾ ਨਿਯਮਾਂ ਵਿੱਚ ਸੋਧ ਕਰਕੇ 75:25 ਵਾਲੇ ਨਿਯਮਾਂ ਨੂੰ ਲਾਗੂ ਕਰਕੇ ਤਰੱਕੀ ਵਿਧੀ ਰਾਹੀਂ ਭਰਿਆ ਜਾਵੇ। ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਦੇ ਬਹੁਤੇ ਲੈਕਚਰਾਰ ਬਿਨਾਂ ਪ੍ਰਮੋਸ਼ਨ ਤੋਂ ਸੇਵਾ ਮੁਕਤ ਹੋ ਰਹੇ ਹਨ ਅਤੇ ਨੌਂ ਸੌ ਦੇ ਕਰੀਬ ਸੈਕੰਡਰੀ ਸਕੂਲ ਬਿਨਾਂ ਪ੍ਰਿੰਸੀਪਲ ਚੱਲ ਰਹੇ ਹਨ।
ਇਸ ਬਾਬਤ ਵਿਧਾਇਕ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਸਾਰੀਆਂ ਤਰੱਕੀਆਂ ਨਵੀਂ ਸੋਧ 75:25 ਅਨੁਸਾਰ ਕਰ ਦਿਤੀਆਂ ਜਾਣਗੀਆਂ ਅਤੇ ਕੋਈ ਵੀ ਸਕੂਲ ਪ੍ਰਿੰਸੀਪਲ ਤੋਂ ਬਗੈਰ ਨਹੀਂ ਰਹੇਗਾ। ਉਹ ਖੁਦ ਨਿੱਜੀ ਦਿਲਚਸਪੀ ਲੈ ਕੇ ਇਸ ਬਾਬਤ ਸਿਖਿਆ ਮੰਤਰੀ ਨਾਲ ਰਾਬਤਾ ਕਰਨਗੇ।
ਇਸ ਮੌਕੇ ਤੇ ਲੈਕਚਰਾਰ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਲੈਕਚਰਾਰ ਅਮਰਿੰਦਰ ਸਿੰਘ, ਨਿਰਮਲਜੀਤ ਸਿੰਘ, ਫੁਲਜਿੰਦਰ ਸਿੰਘ,ਅਲਕਾ ਬਿਬਰਾ, ਅਮਨਦੀਪ ਕੌਰ , ਅਸ਼ੋਕ ਕੁਮਾਰ ਸੰਦੀਪ ਸਿੰਘ,ਅਤੇ ਸੁਖਦੇਵ ਸਿੰਘ ਰੋਮੀ ਪੀ . ਏ. ਹਾਜ਼ਰ ਸਨ।