All Latest NewsNews FlashPunjab News

ਮਾਮਲਾ ਚਾਉਕੇ ਆਦਰਸ਼ ਸਕੂਲ ਦਾ: ਜ਼ਬਰ ਵਿਰੋਧੀ ਰੈਲੀ ‘ਚ ਉਮੜਿਆ ਜਨ ਸੈਲਾਬ, ਅਗਲੇ ਐਕਸ਼ਨ ਦਾ ਹੋ ਗਿਆ ਐਲਾਨ

 

ਮਾਮਲਾ ਚਾਉਕੇ ਆਦਰਸ਼ ਸਕੂਲ ਦਾ: ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ, ਮਾਪਿਆਂ ਤੇ ਜਨਤਕ ਜਥੇਬੰਦੀਆਂ ਵੱਲੋਂ ਰਾਮਪੁਰਾ ਵਿਖੇ ਜ਼ਬਰ ਵਿਰੋਧੀ ਰੈਲੀ, 15 ਅਪ੍ਰੈਲ ਨੂੰ ਕੀਤਾ ਜਾਵੇਗਾ ਅਗਲੇ ਐਕਸ਼ਨ ਦਾ ਐਲਾਨ

ਦਲਜੀਤ ਕੌਰ, ਰਾਮਪੁਰਾ/ਬਠਿੰਡਾ:

ਮਾਮਲਾ ਚਾਉਕੇ ਆਦਰਸ਼ ਸਕੂਲ ਦਾ: ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਅਤੇ ਉਨ੍ਹਾਂ ਦੀਆਂ ਹਮਾਇਤੀ ਜਥੇਬੰਦੀਆਂ ਦੇ ਆਗੂਆਂ/ਵਰਕਰਾਂ ਨੂੰ ਬਠਿੰਡਾ ਪੁਲਿਸ ਵੱਲੋਂ ਗਿਰਫ਼ਤਾਰ ਕਰਕੇ ਤਸ਼ੱਦਦ ਢਾਹੁਣ ਦੇ ਵਿਰੁੱਧ ਅਤੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਾਉਣ ਲਈ ਅੱਜ਼ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ, ਮਾਪਿਆਂ ਤੇ ਜਨਤਕ ਜਥੇਬੰਦੀਆਂ ਵੱਲੋਂ ਰਾਮਪੁਰਾ ਦੀ ਦਾਣਾ ਮੰਡੀ ‘ਚ ਕੀਤੀ ਜ਼ਬਰ ਵਿਰੋਧੀ ਰੈਲੀ ‘ਚ ਹਜ਼ਾਰਾਂ ਔਰਤਾਂ ਸਮੇਤ ਜਨ ਸੈਲਾਬ ਉਮੜ ਆਇਆ। ਇਸ ਵਿਸ਼ਾਲ ਰੈਲੀ ਉਪਰੰਤ ਰਾਮਪੁਰੇ ਦੀਆਂ ਸੜਕਾਂ ਤੇ ਭਗਵੰਤ ਮਾਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਖ਼ਿਲਾਫ਼ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।

ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੰਜ ਅਪ੍ਰੈਲ ਦੇ ਧਰਨੇ ਦੌਰਾਨ ਗਿਰਫ਼ਤਾਰ ਕੀਤੀਆਂ ਅਧਿਆਪਕਾਂ, ਕਿਸਾਨਾਂ ਤੇ ਔਰਤਾਂ ਤੇ ਅੰਨਾਂ ਤਸ਼ੱਦਦ ਢਾਹਿਆ ਗਿਆ, ਜਿਸ ਕਾਰਨ ਮਹਿਲਾ ਕਿਸਾਨ ਆਗੂ ਹਰਿੰਦਰ ਬਿੰਦੂ ਤੇ ਪਰਮਜੀਤ ਕੌਰ ਪਿੱਥੋ ਅਜ਼ੇ ਵੀ ਹਸਪਤਾਲ ‘ਚ ਜੇਰੇ ਇਲਾਜ ਹਨ। ਬੁਲਾਰਿਆਂ ਨੇ ਆਖਿਆ ਕਿ ਡਿਪਟੀ ਕਮਿਸ਼ਨਰ ਬਠਿੰਡਾ ਦੀ ਲਿਖਤੀ ਪੜਤਾਲੀਆ ਰਿਪੋਰਟ ‘ਚ ਆਦਰਸ਼ ਸਕੂਲ ਚਾਉਕੇ ਦੀ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਤੋਂ ਵਾਧੂ ਫੀਸਾਂ ਵਸੂਲਣ, ਕਿਤਾਬਾਂ ਤੇ ਵਰਦੀਆਂ ਨਾ ਦੇਣ ਤੇ ਅਧਿਆਪਕਾਂ ਨੂੰ ਬਣਦੀਆਂ ਤਨਖ਼ਾਹਾਂ ਨਾ ਦੇਣ ਵਰਗੇ ਗੰਭੀਰ ਦੋਸ਼ਾਂ ਦੀ ਪੁਸ਼ਟੀ ਹੋਣ ਦੇ ਬਾਵਜੂਦ ਭਿਰਸ਼ਟ ਮੈਨੇਜਮੈਂਟ ਨੂੰ ਕੇਸ ਦਰਜ਼ ਗਿਰਫ਼ਤਾਰ ਕਰਨ ਦੀ ਥਾਂ ਅਧਿਆਪਕਾਂ ਤੇ ਉਹਨਾਂ ਦੇ ਹਮਾਇਤੀਆਂ ਨੂੰ 13 ਮਹੀਨਿਆਂ ਦੀ ਬੱਚੀ ਸਮੇਤ ਜੇਲ ‘ਚ ਡੱਕ ਦਿੱਤਾ ਗਿਆ। ਉਹਨਾਂ ਦੋਸ਼ ਲਾਇਆ ਕਿ ਬਠਿੰਡਾ ਪ੍ਰਸ਼ਾਸਨ ਵੱਲੋਂ ਗਿਰਫ਼ਤਾਰ ਸਾਰੇ ਲੋਕਾਂ ਨੂੰ ਰਿਹਾਅ ਕਰਨ ਦੇ ਵਾਅਦੇ ਦੇ ਬਾਵਜੂਦ 27 ਦੇ ਕਰੀਬ ਅਧਿਆਪਕਾਂ ਤੇ ਉਹਨਾਂ ਦੇ ਹਮਾਇਤੀਆਂ ਨੂੰ ਬਠਿੰਡਾ ਦੀ ਜੇਲ੍ਹ ‘ਚ ਡੱਕਿਆ ਹੋਇਆ ਹੈ।

ਉਹਨਾਂ ਆਖਿਆ ਕਿ ਚਾਉਕੇ ਵਿਖੇ ਚੱਲ ਰਹੇ ਆਦਰਸ਼ ਸਕੂਲ ਸਕੂਲ ਨੂੰ ਸਰਕਾਰ ਦੀ ਤਰਫੋਂ 70% ਬਜ਼ਟ ਦਿੱਤਾ ਜਾ ਰਿਹਾ ਪਰ ਇੱਥੋਂ ਦੀ ਮੈਨੇਜਮੈਂਟ ਆਪਣੇ ਕੋਲੋਂ ਖਰਚ ਕੀਤੇ ਜਾਣ ਵਾਲੇ 30 ਫ਼ੀਸਦੀ ਖਰਚ ਨਹੀਂ ਕਰ ਰਹੀ ਸਗੋਂ ਸਰਕਾਰੀ ਬਜ਼ਟ ਵੀ ਪੂਰਾ ਖਰਚ ਨਹੀਂ ਕੀਤਾ ਜਾ ਰਿਹਾ ਅਤੇ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਵਸੂਲੀਆਂ ਜਾ ਰਹੀਆਂ ਹਨ।

ਉਹਨਾਂ ਆਖਿਆ ਕਿ ਭਗਵੰਤ ਮਾਨ ਸਰਕਾਰ ਲੋਕ ਵਿਰੋਧੀ ਨਿੱਜੀਕਰਨ, ਵਪਾਰੀਕਰਨ ਦੀਆਂ ਨੀਤੀਆਂ ਨੂੰ ਤੇਜੀ ਨਾਲ ਲਾਗੂ ਕਰ ਰਹੀ ਹੈ ਅਤੇ ਸਿੱਖਿਆ, ਸਿਹਤ, ਬਿਜਲੀ, ਜਲ, ਜੰਗਲ, ਜ਼ਮੀਨਾਂ ਉੱਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣ ਲਈ ਜ਼ਬਰ ‘ਤੇ ਉੱਤਰ ਆਈ ਹੈ। ਉਹਨਾਂ ਮੰਗ ਕੀਤੀ ਕਿ ਗਿਰਫ਼ਤਾਰ ਕੀਤੇ ਅਧਿਆਪਕਾਂ ਤੇ ਉਹਨਾਂ ਦੇ ਹਮਾਇਤੀਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।

ਮਹਿਲਾਵਾਂ ਤੇ ਅਧਿਆਪਕਾਂ ਸਮੇਤ ਕਿਸਾਨਾਂ, ਮਜ਼ਦੂਰਾਂ ‘ਤੇ ਜ਼ਬਰ ਢਾਹੁਣ ਵਾਲੇ ਡੀਐੱਸਪੀ ਫੂਲ, ਐੱਸ ਐੱਚ ਓ ਜੋਗਿੰਦਰ ਸਿੰਘ ਤੇ ਮਹਿਲਾ ਸਬ ਇੰਸਪੈਕਟਰ ਹਰਪ੍ਰੀਤ ਕੌਰ ਸਮੇਤ ਸਭਨਾਂ ਦੋਸ਼ੀਆਂ ‘ਤੇ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ, ਚਾਉਕੇ ਸਕੂਲ ਦੀ ਭਿਰਸ਼ਟ ਮੈਨੇਜਮੈਂਟ ਦੇ ਮੁਖੀ ਗੁਰਮੇਲ ਸਿੰਘ ਸਮੇਤ ਸਭਨਾਂ ਦੋਸ਼ੀਆਂ ਨੂੰ ਕੇਸ ਦਰਜ ਕਰਕੇ ਗਿਰਫ਼ਤਾਰ ਕੀਤਾ ਜਾਵੇ।

ਨੌਕਰੀ ਤੋਂ ਕੱਢੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਬਹਾਲ ਕੀਤਾ ਜਾਵੇ ਅਤੇ ਚਾਉਕੇ ਦੇ ਆਦਰਸ਼ ਸਕੂਲ ਨੂੰ ਸਰਕਾਰੀ ਹੱਥਾਂ ‘ਚ ਲਿਆ ਜਾਵੇ ਅਤੇ ਅਧਿਆਪਕਾਂ ਦੀ ਪੱਕੀ ਭਰਤੀ ਕਰਕੇ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ। ਉਹਨਾਂ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ ਇਸ ਸਬੰਧੀ ਜਥੇਬੰਦੀਆਂ ਦੀ 15 ਅਪ੍ਰੈਲ ਨੂੰ ਰਾਮਪੁਰਾ ਵਿਖੇ ਸਾਂਝੀ ਮੀਟਿੰਗ ਕਰਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।

ਅੱਜ ਦੇ ਇਕੱਠ ਨੂੰ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕ ਆਗੂ ਪਵਨਦੀਪ ਕੌਰ, ਬਲਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ ਧਨੇਰ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ ਡਾਕਟਰ ਪਰਮਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਪੂਹਲੀ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਸੂਬਾ ਜਨਰਲ ਸਕੱਤਰ ਸੁਖਵਿੰਦਰ ਕੌਰ, ਮਹਿਲਾ ਕਿਸਾਨ ਆਗੂ ਹਰਪ੍ਰੀਤ ਕੌਰ ਜੇਠੂਕੇ, ਬੀਕੇਯੂ ਡਕੌਂਦਾ ਧਨੇਰ ਦੇ ਆਗੂ ਗੁਰਦੀਪ ਸਿੰਘ ਰਾਮਪੁਰਾ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਆਗੂ ਪ੍ਰਗਟ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗ ਗੁਰਵਿੰਦਰ ਪੰਨੂ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਮਹਿੰਦਰ ਸਿੰਘ ਕੌੜਿਆਂਵਾਲੀ, ਦਲਿਤ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਜੀਵਨ ਸਿੰਘ ਬਿਲਾਸਪੁਰ, ਪੀ ਐਸ ਯੂ ਸ਼ਹੀਦ ਰੰਧਾਵਾ ਦੇ ਆਗੂ ਬਿੰਦਰ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਗੁਰਤੇਜ ਸਿੰਘ ਮਹਿਰਾਜ, ਟੀ ਐਸ ਯੂ ਦੇ ਆਗੂ ਚੰਦਰ ਸ਼ਰਮਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਬਲਵਿੰਦਰ ਸਿੰਘ ਧੌਲਾ, ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਜਸਵੀਰ ਕੌਰ, ਪੀਐੱਸਯੂ ਦੇ ਆਗੂ ਧੀਰਜ ਕੁਮਾਰ ਆਦਰਸ਼ ਸਕੂਲ ਯੂਨੀਅਨ ਪੰਜਾਬ ਦੇ ਆਗੂ ਜਸਵੀਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।

 

Leave a Reply

Your email address will not be published. Required fields are marked *