ਪੰਜਾਬ ਸਰਕਾਰ ‘ਚ ਇੱਕ ਹੋਰ ਮੁਆਫੀਵੀਰ! ਠੇਕਾ ਮੁਲਾਜ਼ਮਾਂ ਦੇ ਪ੍ਰਧਾਨ ਵਰਿੰਦਰ ਮੋਮੀ ‘ਤੇ 2 ਕਰੋੜ ਰੁਪਏ ਸਰਕਾਰ ਕੋਲੋਂ ਲੈਣ ਦਾ ਅਧਿਕਾਰੀ ਨੇ ਪਹਿਲਾਂ ਲਾਇਆ ਦੋਸ਼, ਫਿਰ ਮੰਗੀ ਮਾਫੀ!
ਪੰਜਾਬ ਨੈੱਟਵਰਕ, ਭੁੱਚੋ ਮੰਡੀ
ਹਾਲੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦਾ ਤਾਂ ਪੰਜਾਬ ਦੇ ਅਧਿਆਪਕਾਂ ਕੋਲੋਂ ਮੁਆਫੀ ਵਾਲਾ ਮਾਮਲਾ ਠੰਡਾ ਨਹੀਂ ਸੀ ਪਿਆ ਕਿ, ਪੰਜਾਬ ਸਰਕਾਰ ਦੇ ਇੱਕ ਹੋਰ ਅਫਸਰ ਨੇ ਮੁਆਫੀ ਮੰਗ ਲਈ। ਦਰਅਸਲ, ਜਲ ਸਪਲਾਈ ਵਿਭਾਗ ਦੇ ਕਾਹਨੂੰਵਾਲ ਦੇ ਉਪ-ਮੰਡਲ ਅਫ਼ਸਰ ਵੱਲੋਂ ਜਲ ਸਪਲਾਈ ਅਤੇ ਸੈਨਟੇਸ਼ਨ ਕੰਟਰੈਕਟਰ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ‘ਤੇ ਦੋ ਕਰੋੜ ਰੁਪਏ ਸਰਕਾਰ ਕੋਲੋਂ ਲੈਣ ਅਤੇ ਸੱਤ ਏਕੜ ਜਮੀਨ ਦੇ ਇਲਜ਼ਾਮ ਲਗਾਏ ਗਏ ਸਨ। ਪਰ ਹੁਣ ਉਕਤ ਅਫਸਰ ਦੇ ਵੱਲੋਂ ਵਰਿੰਦਰ ਸਿੰਘ ਮੋਮੀ ਤੋਂ ਇਲਾਵਾ ਉਹਨਾਂ ਦੀ ਜਥੇਬੰਦੀ ਅਤੇ ਉਨਾਂ ਦੇ ਪਰਿਵਾਰ ਕੋਲੋਂ ਮੁਆਫੀ ਮੰਗ ਲਈ ਗਈ ਹੈ।
ਦੱਸ ਦਈਏ ਕਿ, ਜੀ. ਐੱਚ. ਟੀ. ਪੀ. ਠੇਕਾ ਮੁਲਾਜ਼ਮ ਯੂਨੀਅਨ ਆਜ਼ਾਦ ਦੇ ਪ੍ਰਧਾਨ ਜਗਰੂਪ ਸਿੰਘ ਅਤੇ ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਪਹਿਲਾਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਹੋਇਆਂ ਦੱਸਿਆ ਸੀ ਕਿ ਵਿਸ਼ਵ ਵਪਾਰ ਸੰਸਥਾ ਦੇ ਦਿਸਾਂ ਨਿਰਦੇਸਾਂ ਤਹਿਤ ਪੰਜਾਬ ਸਰਕਾਰ ਵੱਲੋਂ ਜਲ ਸਪਲਾਈ ਅਤੇ ਸੈਨਟੇਸ਼ਨ ਵਿਭਾਗ ਤੇ ਵਿੱਢੇ ਨਿੱਜੀਕਰਨ/ਪੰਚਾਇਤੀਕਰਨ ਦੇ ਹੱਲੇ ਨੂੰ ਨਿਰਵਿਘਨ ਸਿਰੇ ਚੜਾਉਣ ਦੀ ਨੀਅਤ ਨਾਲ਼ ਜਲ ਸਪਲਾਈ ਵਿਭਾਗ ਦੇ ਕਾਹਨੂੰਵਾਲ ਦੇ ਉਪ-ਮੰਡਲ ਅਫ਼ਸਰ ਵੱਲੋਂ ਜਲ ਸਪਲਾਈ ਅਤੇ ਸੈਨਟੇਸ਼ਨ ਕੰਟਰੈਕਟਰ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਤੇ ਪੰਜਾਬ ਸਰਕਾਰ ਨਾਲ਼ ਸਕਾਡਾ ਸਿਸਟਮ ਲਾਉਣ ਦੀ ਸਹਿਮਤੀ ਕਰਨ ਦੇ ਲਾਏ ਝੂਠੇ ਬੇ-ਬੁਨਿਆਦ ਦੋਸਾਂ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ ਸੀ ਅਤੇ ਕਿਹਾ ਸੀ ਕਿ ਜਾਂ ਤਾਂ ਉਪ-ਮੰਡਲ ਅਫ਼ਸਰ ਸੂਬਾ ਪ੍ਰਧਾਨ ਤੇ ਲਾਏ ਝੂਠੇ ਬੇ-ਬੁਨਿਆਦ ਦੋਸਾਂ ਨੂੰ ਸਾਬਤ ਕਰੇ ਜਾਂ ਫਿਰ ਇਹਨਾਂ ਲਾਏ ਝੂਠੇ ਦੋਸਾਂ ਦੀ ਲੋਕਾਂ ਦੀ ਸੱਥ ਵਿੱਚ ਆਕੇ ਲਿਖਤੀ ਮੁਆਫ਼ੀ ਮੰਗੇ।
ਦੱਸ ਦੇਈਏ ਕਿ ਪੂਰੇ ਪੰਜਾਬ ਵਿਚ ਉਕਤ ਅਫਸਰ ਦਾ ਵਿਰੋਧ ਹੋਇਆ ਅਤੇ ਹੁਣ ਉਹਨੇ ਵੱਲੋਂ ਜਨਤਕ ਮੁਆਫ਼ੀ ਮੰਗ ਲਈ ਗਈ ਹੈ। ਮੁਆਫ਼ੀ ਪੱਤਰ ਵਿੱਚ ਅਧਿਕਾਰੀ ਨੇ ਲਿਖਿਆ ਕਿ, ਮੈਂ ਜਤਿੰਦਰ ਸਿੰਘ ਰੰਧਾਵਾ ਉਪ ਮੰਡਲ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਨੰ.2 ਗੁਰਦਾਸਪੁਰ ਐਂਟ ਕਾਹਨੂੰਵਾਨ ਆਪਣੇ ਪੂਰੇ ਹੋਸ਼-ਹਵਾਸ਼ ਵਿੱਚ ਬਿਆਨ ਕਰਦਾ ਹਾਂ ਕਿ ਮਿਤੀ 09.04.2025 ਨੂੰ ਰੈਵੇਨਿਊ ਇਕੱਤਰ ਕਰਨ ਲਈ ਫੀਲਡ ਵਰਕਰਾ ਦੀ ਮੀਟਿੰਗ ਸੱਦੀ ਸੀ ਉਸ ਵਿੱਚ ਮੇਰੇ ਵੱਲੋਂ ਜ/ਸ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ (ਰਜਿ-31) ਦੇ ਸੂਬਾ ਪ੍ਰਧਾਨ ਸਰਦਾਰ ਵਰਿੰਦਰ ਸਿੰਘ ਮੋਮੀ ਤੇ 2 ਕਰੋੜ ਸਰਕਾਰ ਕੋਲੋ ਲੈਣ ਅਤੇ 7 ਏਕੜ ਜਮੀਨ ਦੇ ਇਲਜਾਮ ਲਗਾਏ ਸੀ ਉਹ ਸਰਾ ਸਰ ਗਲਤ ਹਨ ਮੇਰੇ ਕੋਲ ਕੋਈ ਵੀ ਪਰੂਫ ਨਹੀ ਹੈ ਇਨ੍ਹਾ ਲਗਾਏ ਗਏ ਇਲਜਾਮਾ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਰਜਿ ਨੰ. 31 ਦੇ ਵਰਕਰਾਂ ਪਰਿਵਾਰਾ ਅਤੇ ਸੂਬਾ ਪ੍ਰਧਾਨ ਸਰਦਾਰ ਵਰਿੰਦਰ ਸਿੰਘ ਮੋਮੀ ਤੋ ਗਲਤੀ ਮੰਨਦਾ ਹਾਂ ਅਤੇ ਭਵਿੱਖ ਵਿੱਚ ਇਸ ਤਰ੍ਹਾ ਦੀ ਕਦੇ ਵੀ ਕੋਈ ਗਲਤੀ ਨਹੀ ਕਰਾਗਾ, ਕ੍ਰਿਪਾ ਕਰਕੇ ਮੈਨੂੰ ਮੁਆਫੀ ਦਿੱਤੀ ਜਾਵੇ ਜੀ। ਅਤੇ ਇਸ ਦੀ ਆੜ ਵਿੱਚ ਮੈਂ ਕਿਸੇ ਵੀ ਕੰਟਰੈਕਟ ਵਰਕਰ ਨੂੰ ਤੰਗ ਪ੍ਰੇਸ਼ਾਨ ਨਹੀ ਕਰਾਂਗਾ।