All Latest NewsNews FlashPunjab News

Punjab News: 5994 ਅਧਿਆਪਕਾਂ ‘ਤੇ ਪੁਲੀਸ ਤਸ਼ੱਦਦ ਖਿਲਾਫ਼ DTF ਨੇ ਸਿੱਖਿਆ ਕ੍ਰਾਂਤੀ ਦੀ ਅਰਥੀ ਸਾੜੀ

 

ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਪੋਸਟਾਂ ਭਰੇ ਬਗੈਰ ਸਿੱਖਿਆ ਕ੍ਰਾਂਤੀ ਦਾ ਨਾਅਰਾ ਖੋਖਲਾ

ਅਧਿਆਪਕਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲੀਸ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ

ਪੰਜਾਬ ਨੈੱਟਵਰਕ, ਰਈਆ

ਬੀਤੀ 19 ਅਪ੍ਰੈਲ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ 5994 ਈਟੀਟੀ ਭਰਤੀ (ਬੈਕਲਾਗ) ਵਿੱਚ ਚੁਣੇ ਗਏ ਅਧਿਆਪਕਾਂ ਦੀ ਅਨੰਦਪੁਰ ਸਾਹਿਬ ਪੁਲੀਸ ਵੱਲੋਂ ਕੀਤੀ ਗਈ ਬੇਪੱਤੀ ਦੇ ਖਿਲਾਫ਼ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਰਈਆ ਵਿਖੇ ਜੀ.ਟੀ.ਰੋਡ. ‘ਤੇ ਸਿੱਖਿਆ ਮੰਤਰੀ ਅਤੇ ਅਖੌਤੀ ਸਿੱਖਿਆ ਕ੍ਰਾਂਤੀ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ।

ਅਧਿਆਪਕਾਂ ਵੱਲੋਂ 5994 ਈਟੀਟੀ ਭਰਤੀ (ਬੈਕਲਾਗ) ਦੇ ਯੋਗ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ, ਇਸੇ ਭਰਤੀ ਵਿੱਚ ਨਿਯੁਕਤੀ ਪੱਤਰ ਪ੍ਰਾਪਤ ਅਧਿਆਪਕਾਂ ਦੀ ਸਕੂਲਾਂ ਵਿੱਚ ਰੋਕੀ ਹਾਜਰੀ ਲਾਗੂ ਕਰਵਾਉਣ ਅਤੇ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਸਾਰੀਆਂ ਆਸਾਮੀਆਂ ਭਰਨ ਦੀ ਥਾਂ ਪੁਲੀਸ ਨੂੰ ਅਧਿਆਪਕਾਂ ‘ਤੇ ਤਸ਼ੱਦਦ ਕਰਨ ਦੀ ਖੁੱਲ ਦੇਣ ਕਰਕੇ ਪੰਜਾਬ ਸਰਕਾਰ ਖਿਲਾਫ਼ ਤਿੱਖਾ ਵਿਰੋਧ ਵੀ ਜਤਾਇਆ ਗਿਆ।

ਇਸ ਦੌਰਾਨ ਪਹਿਲਗਾਮ (ਕਸ਼ਮੀਰ) ਵਿਖੇ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦੋਸ਼ੀਆਂ ‘ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਫੁੱਟ ਪਾਉ ਫਿਰਕੂ ਤਾਕਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।

ਇਸ ਮੌਕੇ ਗੱਲਬਾਤ ਕਰਦੇ ਹੋਏ ਡੀ.ਟੀ.ਐੱਫ. ਦੇ ਆਗੂ ਅਸ਼ਵਨੀ ਅਵਸਥੀ, ਚਰਨਜੀਤ ਸਿੰਘ ਰਜਧਾਨ, ਸੁਖਵਿੰਦਰ ਸਿੰਘ ਬਿੱਟਾ, ਗੁਰਪ੍ਰੀਤ ਸਿੰਘ ਨਾਭਾ, ਸੁਖਜਿੰਦਰ ਸਿੰਘ ਰਈਆ, ਕੰਵਲਜੀਤ ਕੌਰ ਛੱਜਲਵੱਡੀ, ਮਨਪ੍ਰੀਤ ਸਿੰਘ ਰਈਆ, ਰਾਜੇਸ਼ ਪ੍ਰਾਸ਼ਰ, ਨਿਰਮਲ ਸਿੰਘ ਅੰਮ੍ਰਿਤਸਰ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਬੇਰੁਜ਼ਗਾਰ ਅਧਿਆਪਕਾਂ ਦੇ ਪ੍ਰਦਰਸ਼ਨ ਦੌਰਾਨ ਅਨੰਦਪੁਰ ਸਾਹਿਬ ਦੇ ਐੱਸ ਐੱਚ ਓ ਦਾਨਿਸ਼ਵੀਰ ਸਿੰਘ ਵੱਲੋਂ ਇੱਕ ਅਧਿਆਪਕ ਦੇ ਸ਼ਰੇਆਮ ਥੱਪੜ ਮਾਰੇ ਗਏ ਅਤੇ ਬਾਕੀ ਪੁਲੀਸ ਮੁਲਾਜ਼ਮਾਂ ਵੱਲੋਂ ਅਧਿਆਪਕਾਂ ਨੂੰ ਸੜਕ ‘ਤੇ ਘੜੀਸਣ ਤੋਂ ਇਲਾਵਾ ਉਨ੍ਹਾਂ ਨੂੰ ਪੁਲਿਸ ਵੈਨ ਵਿੱਚ ਚੜ੍ਹਾਉਣ ਮੌਕੇ ਸ਼ਰੇਆਮ ਠੁੱਡੇ ਮਾਰੇ ਗਏ ਅਤੇ ਇੱਕ ਪੁਲਿਸ ਅਧਿਕਾਰੀ ਵੱਲੋਂ ਇੱਕ ਅਧਿਆਪਕ ਦੀ ਹਿੱਕ ਉੱਪਰ ਗੋਡੇ ਰੱਖ ਕੇ ਬੈਠੇ ਦੀ ਵੀਡੀਓ ਵੀ ਵਾਇਰਲ ਹੋਈ ਹੈ। ਇਸ ਦੌਰਾਨ ਪੁਲੀਸ ਵੱਲੋਂ ਅਧਿਆਪਕਾਂ ਨੂੰ ਜੰਮ ਕੇ ਗਾਲੀ ਗਲੋਚ ਵੀ ਕੀਤਾ ਗਿਆ।

ਉਕਤ ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਦੇ ਨਿਰਾਦਰ ਦੀਆਂ ਘਟਨਾਵਾਂ ਪ੍ਰਤੀ ਅਫਸੋਸ ਜਾਹਿਰ ਕਰਨ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਸਿੱਖਿਆ ਮੰਤਰੀ ਅਤੇ ਬਾਕੀ ਵਿਧਾਇਕਾਂ ਵੱਲੋਂ ਅਖੌਤੀ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਵਿੱਚ ਕਈ-ਕਈ ਸਾਲ ਪਹਿਲਾਂ ਹੋ ਚੁੱਕੇ ਕੰਮਾਂ ਦੇ ਉਦਘਾਟਨਾਂ ਦੀ ਨ੍ਹੇਰੀ ਲਿਆਂਦੀ ਹੋਈ ਹੈ ਅਤੇ ਸਕੂਲਾਂ ਦੇ ਵਿੱਦਿਅਕ ਮਾਹੌਲ ਨੂੰ ਸਿਆਸੀ ਭੇਟਾ ਚਾੜ੍ਹਿਆ ਹੋਇਆ ਹੈ। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਨੇ ਬੇਰੁਜ਼ਗਾਰ ਅਧਿਆਪਕਾਂ ਨਾਲ ਹੋਈ ਧੱਕੇਸ਼ਾਹੀ ਨੂੰ ਜਮਹੂਰੀ ਤੇ ਮਨੁੱਖੀ ਅਧਿਕਾਰਾਂ ਨੂੰ ਪੁਲਿਸ ਦੇ ਪੈਰਾਂ ਹੇਠ ਮਧੋਲਣ ਦੀ ਸਾਜ਼ਿਸ ਅਤੇ ਅਖੌਤੀ ਸਿੱਖਿਆ ਕ੍ਰਾਂਤੀ ਮੁਹਿੰਮ ‘ਤੇ ਕਾਲਾ ਧੱਬਾ ਕਰਾਰ ਦਿੱਤਾ ਹੈ।

ਇਸ ਤੋਂ ਪਹਿਲਾਂ ਮੌਜੂਦਾ ਸਰਕਾਰ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ਼ ਅਤੇ ਸੰਗਰੂਰ ਰਿਹਾਇਸ਼ ਮੂਹਰੇ ਵੀ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ, ਕੰਪਿਊਟਰ ਅਧਿਆਪਕਾਂ ਅਤੇ ਕੱਚੇ ਅਧਿਆਪਕਾਂ ‘ਤੇ ਵੀ ਕਈ ਵਾਰ ਪੁਲਿਸ ਲਾਠੀਚਾਰਜ ਅਤੇ ਖਿੱਚ ਧੂਹ ਹੋਣ ਤੋਂ ਇਲਾਵਾ ਪੱਗਾਂ ਤੇ ਦੁਪੱਟਿਆਂ ਦਾ ਨਿਰਾਦਰ ਹੋਇਆ ਹੈ।

ਡੀ.ਟੀ.ਐੱਫ. ਆਗੂਆਂ ਜੈਪਾਲ ਸਿੰਘ ਜੈਂਟੀ, ਰਾਕੇਸ਼ ਕੁਮਾਰ, ਚਰਨਜੀਤ ਕੌਰ, ਅਮਰਿੰਦਰ ਸਿੰਘ ਰਈਆ, ਰਮਾਂਂ ਰਈਆ, ਮਹਿਲ ਸਿੰਘ ਜੱਬੋਵਾਲ, ਹੈਡਮਾਸਟਰ ਹਰਦੀਪ ਸਿੰਘ, ਜਤਿੰਦਰਪਾਲ ਸਿੰਘ ਗਹਿਰੀ ਅਤੇ ਮੇਜਰ ਸਿੰਘ ਵਡਾਲਾ, ਮੀਡੀਆ ਇੰਚਾਰਜ ਕੁਲਦੀਪ ਸਿੰਘ ਵਰਨਾਲੀ ਨੇ ਕਿਹਾ ਕਿ ‘ਆਪ’ ਸਰਕਾਰ ਦੀ ਅਖੌਤੀ ਸਿੱਖਿਆ ਕ੍ਰਾਂਤੀ ਵਿੱਚ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀਆਂ 856 ਅਸਾਮੀਆਂ, ਹੈਡਮਾਸਟਰਾਂ ਦੀਆਂ 400, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ 100, ਲੈਕਚਰਾਰਾਂ ਦੀਆਂ ਛੇ ਹਜਾਰ ਤੋਂ ਵਧੇਰੇ ਅਸਾਮੀਆਂ, ਆਰਟ ਐਂਡ ਕ੍ਰਾਫਟ, ਖੇਡ ਅਧਿਆਪਕਾਂ, ਈਟੀਟੀ ਅਤੇ ਮਾਸਟਰ ਕਾਡਰ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ।

ਪੰਜਾਬ ਦੇ ਸਥਾਨਕ ਹਲਾਤਾਂ ਅਨੁਸਾਰ ਸਿੱਖਿਆ ਨੀਤੀ ਅਤੇ ਵਿੱਦਿਅਕ ਕਲੰਡਰ ਬਣਾਉਣ ਦੀ ਥਾਂ ਕੇਂਦਰ ਸਰਕਾਰ ਦੀ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵਾਂਕਰਨ ਪੱਖੀ ਸਿੱਖਿਆ ਨੀਤੀ 2020 ਰਾਹੀਂ ਸਿੱਖਿਆ ਨੂੰ ਤਬਾਹ ਕੀਤਾ ਜਾ ਰਿਹਾ ਹੈ ਅਤੇ ਅਧਿਆਪਕਾਂ ‘ਤੇ ਗੈਰ ਵਿੱਦਿਅਕ ਕੰਮਾਂ ਦੀ ਭਰਮਾਰ ਹੈ। ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਸੰਘਰਸ਼ ਕਰ ਰਹੇ ਹਰੇਕ ਵਰਗ ਦੇ ਲੋਕਾਂ ਨੂੰ ਕੁਚਲਣ ਦੀ ਪੁਲੀਸ ਨੂੰ ਖੁੱਲ੍ਹ ਦਿੱਤੀ ਹੋਈ ਹੈ ਅਤੇ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਵੱਲ ਵੱਧ ਰਹੀ ਹੈ।

ਉਹਨਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਜਿੰਨ੍ਹਾਂ ਪੁਲਿਸ ਅਧਿਕਾਰੀਆਂ ਨੇ ਅਧਿਆਪਕਾਂ ਦੀ ਕੁੱਟਮਾਰ ਕੀਤੀ ਹੈ, ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਕਿ ਬੇਰੁਜ਼ਗਾਰ ਅਧਿਆਪਕਾਂ ‘ਤੇ ਪੁਲਿਸ ਤਸ਼ੱਦਦ ਖਿਲਾਫ਼ 25 ਅਪ੍ਰੈਲ ਨੂੰ ਵੀ ਵੱਖ-ਵੱਖ ਥਾਵਾਂ ‘ਤੇ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਅਤੇ ਜਥੇਬੰਦੀ ਵੱਲੋਂ ਅਧਿਆਪਕਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ 4 ਮਈ ਨੂੰ ਹੋਣ ਜਾ ਰਹੇ ਚਿਤਾਵਨੀ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।

ਇਸ ਮੌਕੇ ਸਰਬਜੀਤ ਸਿੰਘ ਰਤਨਗੜ੍ਹ, ਰਾਜਿੰਦਰ ਕੁਮਾਰ ਅਬੋਹਰ, ਲਖਵਿੰਦਰ ਕੌਰ ਜੰਡਿਆਲਾ, ਗੋਬਿੰਦ ਸਿੰਘ, ਜਸਪਾਲ ਸਿੰਘ ਥੋਥੀਆਂ, ਰਛਪਾਲ ਕੌਰ, ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਮਮਤਾ ਸ਼ਰਮਾਂ, ਸੁਖਦੇਵ ਸਿੰਘ ਉਮਰਾਨੰਗਲ ਅਤੇ ਗੁਰਦੀਪ ਸਿੰਘ ਕਲੇਰ ਵੀ ਹਾਜਰ ਸਨ।

 

Leave a Reply

Your email address will not be published. Required fields are marked *