7ਵਾਂ ਪੇ ਸਕੇਲ ਲਾਗੂ ਕਰਵਾਉਣ ਦਾ ਮਾਮਲਾ! ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ VC ਨਹੀਂ ਮੰਨਦਾ ਸਰਕਾਰ ਦੇ ਹੁਕਮਾਂ ਨੂੰ; ਕੰਟਰੈਕਟ ਅਸਿਸਟੈਂਟ ਪ੍ਰੋਫੈਸਰ ਨੇ ਫੂਕਿਆ ਯੂਨੀਵਰਸਿਟੀ ਅਥਾਰਟੀ ਦਾ ਪੁਤਲਾ
ਪੰਜਾਬ ਨੈੱਟਵਰਕ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ (ਪੁਕਟਾ) ਦਾ ਦਿਨ ਰਾਤ ਦਾ ਚਲਦਾ ਧਰਨਾ ਲਗਾਤਾਰ ਜਾਰੀ ਹੈ।
ਪੁਕਟਾ ਯੂਨੀਅਨ ਵੱਲੋਂ ਅੱਜ ਯੂਨੀਵਰਸਿਟੀ ਅਥਾਰਟੀ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਰੋਸ ਰੈਲੀ ਕੱਢੀ ਗਈ ਅਤੇ ਪੰਜਾਬੀ ਯੂਨੀਵਰਸਿਟੀ ਰਜਿਸਟਰਾਰ ਦਾ ਪੁਤਲਾ ਵੀ ਫੂਕਿਆ ਗਿਆ।
ਯੂਨੀਅਨ ਦੇ ਆਗੂ ਡਾ. ਮਨਦੀਪ ਗੌਰ ਨੇ ਯੂਨੀਵਰਸਿਟੀ ਅਥਾਰਟੀ ਵੱਲੋਂ ਕੰਟਰੈਕਟ ਅਧਿਆਪਕਾਂ ਨਾਲ ਕਿੱਤੇ ਧੱਕੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀ ਅਥਾਰਟੀ ਪਿਛਲੇ ਕਈ ਸਾਲਾਂ ਤੋਂ ਕੰਟਰੈਕਟ ਅਧਿਆਪਕਾਂ ਨੂੰ ਸਿਰਫ ਲਾਰੇ ਹੀ ਲਗਾ ਰਹੀ ਹੈ ਅਤੇ ਇਨ੍ਹਾਂ ਲੰਮਾਂ ਸਮਾਂ ਲੰਘਣ ਦੇ ਬਾਵਜੂਦ ਕੰਟਰੈਕਟ ਅਧਿਆਪਕਾਂ ਤੇ UGC ਦਾ 2018 ਦਾ ਰੈਗੂਲੇਸ਼ਨ ਲਾਗੂ ਨਹੀਂ ਕੀਤਾ ਗਿਆ ਹੈ।
ਯੂਨੀਅਨ ਆਗੂ ਡਾ. ਰਾਜਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਵਾਈਸ ਚਾਂਸਲਰ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਕੰਟਰੈਕਟ ਅਧਿਆਪਕਾਂ ਨੂੰ ਸੱਤਵੇਂ ਪੇ ਕਮਿਸ਼ਨ ਸਬੰਧੀ ਸਾਰੇ ਲਾਭ ਦਿੱਤੇ ਜਾਣ ਪ੍ਰੰਤੂ ਇਸਦੇ ਬਾਵਜੂਦ ਯੂਨੀਵਰਸਿਟੀ ਪ੍ਰਸ਼ਾਸਨ ਸਰਕਾਰੀ ਨਿਰਦੇਸ਼ਾਂ ਦੀ ਲਗਾਤਾਰ ਅਣਦੇਖੀ ਕਰਦੇ ਹੋਏ ਕੰਟਰੈਕਟ ਅਧਿਆਪਕਾਂ ਦਾ ਸ਼ੋਸ਼ਣ ਕਰ ਰਿਹਾ ਹੈ।
ਕੰਟਰੈਕਟ ਯੂਨੀਅਨ ਦੀ ਲੀਡਰਸ਼ਿਪ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਜਦੋਂ ਤੱਕ ਸਮੂਹ ਕੰਟਰੈਕਟ ਅਧਿਆਪਕਾਂ ਤੇ ਸਬੰਧਤ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਕੰਟਰੈਕਟ ਅਧਿਆਪਕਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।