ਕਬੱਡੀ ਖਿਡਾਰੀ ਨੇ ਕੀਤਾ ਪਤਨੀ ਦਾ ਬੇਰਹਿਮੀ ਨਾਲ ਕਤਲ
ਕੋਟਕਪੂਰਾ (ਫਰੀਦਕੋਟ):
ਪਿੰਡ ਖਾਰਾ ਦੇ ਸਾਬਕਾ ਮਸ਼ਹੂਰ ਕਬੱਡੀ ਖਿਡਾਰੀ ਜਸਪ੍ਰੀਤ ਸਿੰਘ ਉਰਫ਼ ‘ਸ਼ਕਤੀਮਾਨ’ ਨੇ ਆਪਣੀ 35 ਸਾਲਾ ਪਤਨੀ ਗਗਨਦੀਪ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਘਟਨਾ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਭੇਜ ਦਿੱਤਾ ਹੈ।
ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਂਚ ਵਿੱਚ ਜ਼ਮੀਨੀ ਵਿਵਾਦ ਨੂੰ ਕਤਲ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਰਿਵਾਰਕ ਸੂਤਰਾਂ ਅਨੁਸਾਰ, ਇਹ ਕਤਲ ਜ਼ਮੀਨੀ ਵਿਵਾਦ ਕਾਰਨ ਹੋਇਆ ਹੈ। ਜਸਪ੍ਰੀਤ ਸਿੰਘ ਤੇ ਦੋਸ਼ ਹੈ ਕਿ ਘਰੇਲੂ ਸਮਾਨ ਵੇਚਣ ਦੇ ਨਾਲ-ਨਾਲ ਆਪਣੀ ਜ਼ਮੀਨ ਵੀ ਵੇਚਣਾ ਚਾਹੁੰਦਾ ਸੀ, ਪਰ ਉਸਦੀ ਪਤਨੀ ਗਗਨਦੀਪ ਕੌਰ ਇਸ ਦਾ ਵਿਰੋਧ ਕਰ ਰਹੀ ਸੀ। ਇਸੇ ਵਿਵਾਦ ਦੌਰਾਨ, ਉਸਨੇ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਮ੍ਰਿਤਕਾ ਦੇ ਭਰਾ ਜਸਮੇਲ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਅਤੇ ਉਸਦੇ ਪਰਿਵਾਰ ਵੱਲੋਂ ਗਗਨਦੀਪ ਨੂੰ ਕੋਈ ਖਰਚਾ ਨਹੀਂ ਦਿੱਤਾ ਜਾਂਦਾ ਸੀ, ਜਿਸ ਕਾਰਨ ਉਹ ਬੱਚਿਆਂ ਦੇ ਗੁਜ਼ਾਰੇ ਲਈ ਬੈਂਕ ਵਿੱਚ ਨੌਕਰੀ ਕਰ ਰਹੀ ਸੀ। ਉਨ੍ਹਾਂ ਦਾ ਇਲਜ਼ਾਮ ਹੈ ਕਿ ਜਦੋਂ ਗਗਨਦੀਪ ਨੇ ਜ਼ਮੀਨ ਵੇਚਣ ਦਾ ਵਿਰੋਧ ਕੀਤਾ, ਤਾਂ ਜਸਪ੍ਰੀਤ ਨੇ ਉਸਦਾ ਕਤਲ ਕਰ ਦਿੱਤਾ।
ਗਗਨਦੀਪ ਕੌਰ ਪਿੰਡ ਬਾਹਮਣਵਾਲਾ ਦੀ ਰਹਿਣ ਵਾਲੀ ਸੀ ਅਤੇ ਉਸਦਾ ਵਿਆਹ ਪਿੰਡ ਖਾਰਾ ਦੇ ਸਾਬਕਾ ਕਬੱਡੀ ਖਿਡਾਰੀ ਜਸਪ੍ਰੀਤ ਸਿੰਘ ਨਾਲ ਹੋਇਆ ਸੀ। ਪਰਿਵਾਰ ਵਿੱਚ ਲੰਬੇ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਤਨਾਅ ਚੱਲ ਰਿਹਾ ਸੀ, ਜੋ ਅੱਜ ਇਸ ਭਿਆਨਕ ਘਟਨਾ ਵਿੱਚ ਬਦਲ ਗਿਆ। ਹੁਣ ਪੁਲਿਸ ਮੁਜ਼ਰਿਮ ਨੂੰ ਗਿਰਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।