All Latest NewsNews FlashPunjab News

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਖਾਈ ‘ਤੇ ਹਮਲਾ ਕਰਨ ਵਾਲਿਆਂ ਦੀ ਗ੍ਰਿਫਤਾਰੀ ਲਈ ਰੈਲੀਆਂ ਦਾ ਸਿਲਸਿਲਾ ਜਾਰੀ

 

ਦਲਜੀਤ ਕੌਰ ਲਹਿਰਾਗਾਗਾ

ਪਿਛਲੇ ਦਿਨੀ ਪਿੰਡ ਖਾਈ ਦੇ ਗਰੀਬ ਪਰਿਵਾਰ ਦੀ ਜਮੀਨ ਧੱਕੇ ਨਾਲ ਦੱਬਣ ਦੀ ਕੋਸ਼ਿਸ਼ ਕਰਨ ਵਾਲੇ ਭੂ ਮਾਫੀਆ ਗਰੋਹ ਵੱਲੋਂ ਗਰੀਬ ਪਰਿਵਾਰ ਦੀ ਮਦਦ ਕਰਨ ਵਾਲੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਖਾਈ ਤੇ ਕਾਤਲਾਨਾ ਹਮਲਾ ਕਰਨ ਵਾਲਾ ਗੁੰਡਾ ਗਰੋਹ ਘਟਨਾ ਦੇ ਛੇ ਦਿਨ ਬੀਤਣ ਬਾਅਦ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਖਿਲਾਫ 3 ਮਈ ਨੂੰ ਲਹਿਰਾਗਾਗਾ ਵਿਖੇ ਰੋਸ ਮੁਜ਼ਾਹਰਾ ਕਰਕੇ ਡੀਐਸਪੀ ਦਫਤਰ ਦੇ ਘਿਰਾਓ ਕਰਨ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦੇਣ ਲਈ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪਿੰਡ ਪਿੰਡ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਪਿੰਡ ਰਾਮਗੜ੍ਹ, ਖੰਡੇਬਾਦ, ਕਾਲਵਣਜਾਰਾ ਅਤੇ ਜਲੂਰ ਵਿਖੇ ਰੈਲੀਆਂ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਅਤੇ 3 ਮਈ ਨੂੰ ਲਹਿਰੇ ਪਹੁੰਚਣ ਦਾ ਸੱਦਾ ਦਿੱਤਾ ਗਿਆ।

ਇਸ ਸਬੰਧੀ ਵੱਖ-ਵੱਖ ਪਿੰਡਾਂ ਵਿੱਚ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਰਣਧੀਰ ਸਿੰਘ ਖਾਈ, ਦਰਸ਼ਨ ਸਿੰਘ ਖਾਈ, ਪਾਲ ਸਿੰਘ ਨੇ ਦੱਸਿਆ ਕਿ ਇਸ ਭੂ ਮਾਫੀਆ ਗਿਰੋਹ ਨੂੰ ਕਥਿਤ ਤੌਰ ਤੇ ਕੈਬਨਟ ਮੰਤਰੀ ਬਰਿੰਦਰ ਗੋਇਲ ਦੀ ਸਹਿ ਪ੍ਰਾਪਤ ਹੈ। ਇਸੇ ਕਰਕੇ ਪਿਛਲੇ ਸਮੇਂ ਤੋਂ ਇਸ ਇਲਾਕੇ ਚ ਵੱਖ-ਵੱਖ ਪਿੰਡਾਂ ਵਿੱਚ ਗਰੀਬ ਪਰਿਵਾਰਾਂ ਦੀਆਂ ਰੌਲੇ ਵਾਲੀਆਂ ਜਮੀਨਾਂ ਧੱਕੇ ਨਾਲ ਦੱਬਣ ਦਾ ਕੰਮ ਇਹ ਗਰੋਹ ਕਰ ਰਿਹਾ ਸੀ।

ਜਦੋਂ ਪਿੰਡ ਖਾਈ ਦੇ ਲੋਕਾਂ ਨੇ ਉਹਨਾਂ ਦੀ ਧੱਕੇਸ਼ਾਹੀ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਇਲਾਕੇ ਵਿੱਚ ਦਹਿਸ਼ਤ ਫੈਲਾਉਣ ਦੇ ਲਈ ਪਿੰਡ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਨਿਰਭੈ ਸਿੰਘ ਨੂੰ 25 ਅਪ੍ਰੈਲ ਨੂੰ ਡਿਊਟੀ ਤੇ ਜਾਂਦਿਆਂ ਨੂੰ ਰਸਤੇ ਵਿੱਚ ਘੇਰ ਕੇ ਉਹਨਾਂ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਤੇ ਅਗਵਾਹ ਕਰਨ ਦੀ ਕੋਸ਼ਿਸ਼ ਕੀਤੀ।

ਜਿਸ ਦੇ ਕਾਰਨ ਉਕਤ ਗੁੰਡਾ ਗਰੋਹ ਤੇ ਪਰਚਾ ਦਰਜ ਹੋਇਆ, ਪਰ ਮੰਤਰੀ ਦੀ ਕਥਿਤ ਸ਼ਹਿ ਦੇ ਕਾਰਨ ਉਕਤ ਗੁੰਡਾ ਗਰੋਹ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾਈ ਹੋਈ ਹੈ। ਇਸ ਗੱਠਜੋੜ ਦੇ ਖਿਲਾਫ ਪੂਰੇ ਇਲਾਕੇ ਦੇ ਲੋਕ ਇੱਕਜੁੱਟ ਹੋ ਕੇ ਸੰਘਰਸ਼ ਦੇ ਰਾਹ ਪਏ ਹਨ।

3 ਮਈ ਨੂੰ ਲਹਿਰੇ ਅਨਾਜ ਮੰਡੀ ਵਿਖੇ ਵਿਸ਼ਾਲ ਇਕੱਠ ਕਰਕੇ ਇਸ ਗੱਠਜੋੜ ਦਾ ਭਾਂਡਾ ਚੌਰਾਹੇ ਭੰਨਿਆ ਜਾਵੇਗਾ ਤੇ ਢਿੱਲੀ ਕਾਰਗੁਜ਼ਾਰੀ ਕਰਨ ਵਾਲੇ ਡੀਐੱਸਪੀ ਲਹਿਰਾ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਉਕਤ ਜਮੀਨ ਦੀ ਰਜਿਸਟਰੀ ਵੀ ਕਥਿਤ ਤੌਰ ਤੇ ਬਿਨਾਂ ਕਿਸੇ ਪਿੰਡ ਦੇ ਗਵਾਹ ਤੇ ਨੰਬਰਦਾਰ ਤੋਂ ਕਰਵਾਈ ਗਈ ਹੈ। ਉਸ ਰਜਿਸਟਰੀ ਨੂੰ ਰੱਦ ਕਰਨ ਅਤੇ ਕੁੱਟ ਮਾਰ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ।

 

Leave a Reply

Your email address will not be published. Required fields are marked *