ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫ਼ਦ ADC ਨੂੰ ਮਿਲ਼ਿਆ, ਜਾਣੋ ਕੀ ਮਿਲਿਆ ਭਰੋਸਾ
ਪੰਜਾਬ ਨੈੱਟਵਰਕ, ਮੋਹਾਲੀ-
ਗੌਰਮਿੰਟ ਟੀਚਰਜ਼ ਯੂਨੀਅਨ ਦਾ ਇੱਕ ਵਫ਼ਦ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵਰਦੀਆਂ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)ਕੁਮਾਰੀ ਸ੍ਰੀਮਤੀ ਸੋਨਮ ਚੌਧਰੀ ਨੂੰ ਮਿਲ਼ਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਹਰ ਮੰਗ ਅਤੇ ਆਉਣ ਵਾਲੀ ਸਮੱਸਿਆ ਨੂੰ ਧਿਆਨ ਨਾਲ ਸੁਣਿਆ ਤੇ ਹੱਲ ਕੱਢਣ ਦਾ ਭਰੋਸਾ ਦਿੱਤਾ। ਵਰਦੀਆਂ ਦਾ ਪ੍ਰਬੰਧ ਪਹਿਲਾ ਦੀ ਤਰ੍ਹਾਂ ਐਸ ਐਮ ਸੀ ਨੂੰ ਪ੍ਰਬੰਧ ਦੇਣ ਦੀ ਮੰਗ ਤੇ ਕਿਹਾ ਕਿ ਇਹ ਸਰਕਾਰ ਪੱਧਰ ਦਾ ਫੈਸਲਾ ਹੈ ਫ਼ਿਰ ਵੀ ਤੁਹਾਡੀ ਮੰਗ ਸਰਕਾਰ ਤੱਕ ਪਹੁੰਚਾ ਦਿੱਤੀ ਜਾਵੇਗੀ।
ਵਰਦੀਆਂ ਦਾ ਨਾਪ ਸੰਸਥਾ ਵੱਲੋਂ ਸਕੂਲ ਪੱਧਰ ਤੇ ਜਾਕੇ ਲੈਣ ਦੀ ਮੰਗ ‘ਤੇ ਭਰੋਸਾ ਦਿੱਤਾ ਕਿ ਸਕੂਲਾਂ ਵੱਲੋਂ ਦਿੱਤੇ ਨਾਪ ਨੂੰ ਅੰਦਾਜ਼ਨ ਸਮਝਿਆ ਜਾਵੇਗਾ।ਜਿਹੜੇ ਬੱਚਿਆਂ ਦੇ ਨਾਪ ਛੋਟੇ ਵੱਡੇ ਹੋਣਗੇ ਉਹਨਾਂ ਨੂੰ ਨਵੇਂ ਨਾਪ ਦੀ ਵਰਦੀ ਦੋ ਦਿਨਾਂ ਵਿੱਚ ਸਕੂਲ ਪੱਧਰ ‘ਤੇ ਦਿੱਤੀ ਜਾਵੇਗੀ।
ਸਕੂਲਾਂ ਵੱਲੋਂ ਪਹਿਲਾਂ ਹੀ ਲਗਾਏ ਰੰਗ ਤੇ ਡਿਜ਼ਾਈਨ ਦੀ ਵਰਦੀ ਦੇਣ ਦੀ ਮੰਗ ਤੋਂ ਪ੍ਰਸ਼ਾਸਨ ਵੱਲੋਂ ਅਸਮੱਰਥਾ ਪ੍ਰਗਟਾਈ ਗਈ । ਜਾਣਕਾਰੀ ਦਿੱਤੀ ਗਈ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਕਮੇਟੀ ਬਣਾ ਕੇ ਰੰਗ ਤੇ ਡਿਜ਼ਾਈਨ ਫ਼ਾਈਨਲ ਕੀਤਾ ਗਿਆ।
ਜਥੇਬੰਦੀ ਵੱਲੋਂ ਵਰਦੀ ਦੀ ਗੁਣਵੱਤਾ ਐਸ ਐਮ ਸੀ ਕਮੇਟੀ ਤੋਂ ਪਾਸ ਕਰਵਾਉਣ ਦੀ ਮੰਗ ਜ਼ੋਰਦਾਰ ਢੰਗ ਨਾਲ ਰੱਖੀ। ਸੈਸ਼ਨ 2024-25 ਵਿੱਚ ਸਰਕਾਰ ਵੱਲੋਂ ਮਿਲੀਆ ਵਰਦੀਆਂ ਵਿੱਚ ਟਾਈ , ਬੈਲਟ ਤੇ ਆਈ ਕਾਰਡ ਨਹੀ ਮਿਲੇ ਸਨ,ਇਸ ਸੈਸਨ ਦਿੱਤੇ ਜਾਣ ਦੀ ਮੰਗ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਜਥੇਬੰਦੀ ਵੱਲੋਂ ਕਿਹਾ ਕਿ ਜਦੋ ਤੱਕ ਸਾਰੇ ਵਿਦਿਆਰਥੀਆਂ ਨੂੰ ਨਾਪ ਅਨੁਸਾਰ ਵਰਦੀ ਨਹੀ ਮਿਲ ਜਾਂਦੀ ਵਰਤੋਂ ਸਰਟੀਫਿਕੇਟ ਨਹੀ ਦਿੱਤਾ ਜਾਵੇਗਾ।
ਬਿੱਲ ਤੇ ਕੋਟੇਸ਼ਨਾਂ ਇਕੱਠੇ ਹੀ ਦਿੱਤੇ ਜਾਣ ਦੀ ਮੰਗ ਵੀ ਪ੍ਰਵਾਨ ਕੀਤੀ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਭਰੋਸਾ ਦਿੱਤਾ ਗਿਆ ਕਿ ਵਰਦੀਆਂ ਵੰਡਣ ਦੇ ਸਬੰਧੀ ਵਿੱਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਆਉਂਦੀ ਹੈ ਜਥੇਬੰਦੀ ਉਦੋ ਹੀ ਸੰਪਰਕ ਕਰ ਸਕਦੀ ਉਸਦਾ ਯੋਗ ਹੱਲ ਕੱਢਿਆ ਜਾਵੇਗਾ।ਇੱਕ ਮੰਗ ਪੱਤਰ ਮਾਨਯੋਗ ਜਿਲ੍ਹਾ ਸਿੱਖਿਆ ਅਫ਼ਸਰ ਜੀ ਨੂੰ ਦਿੱਤਾ ਗਿਆ।
ਵਫ਼ਦ ਵਿੱਚ ਰਵਿੰਦਰ ਸਿੰਘ ਪੱਪੀ ਸਿੱਧੂ ਪ੍ਰਧਾਨ, ਮਨਪ੍ਰੀਤ ਸਿੰਘ ਗੋਸਲਾਂ ਜਨਰਲ ਸਕੱਤਰ , ਅਮਰੀਕ ਸਿੰਘ,ਚਰਨਜੀਤ ਸਿੰਘ , ਗੁਰਬੀਰ ਸਿੰਘ , ਸੋਹਣ ਸਿੰਘ ,ਰਾਜੇਸ ਕੁਮਾਰ, ਹਰਮਨਜੀਤ ਸਿੰਘ ਬੱਬੂ, ਕੁਲਵਿੰਦਰ ਸਿੰਘ,ਹਰਿੰਦਰ ਸਿੰਘ , ਨਿਰਮਲ ਸਿੰਘ , ਜੁਗਰਾਜ ਸਿੰਘ , ਹਰਵਿੰਦਰ ਸਿੰਘ , ਸੰਦੀਪ ਆਦਿ ਹਾਜ਼ਰ ਸਨ।