ਪੰਜਾਬ ‘ਚ ਲੇਡੀ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਦਾ ਫਿਰ ਪਿਆ ਰੱਫ਼ੜ, ਮੰਗਾਂ ਸਬੰਧੀ DTF ਦਾ ਵਫ਼ਟ ADC ਨੂੰ ਮਿਲਿਆ
ਪੰਜਾਬ ਨੈੱਟਵਰਕ, ਹੁਸ਼ਿਆਰਪੁਰ
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਦਾ ਵਫ਼ਦ ਜਿਸ ਵਿੱਚ ਵੱਡੀ ਗਿਣਤੀ ਮਹਿਲਾ ਅਧਿਆਪਕਾਵਾਂ ਸ਼ਾਮਿਲ ਸਨ, ਚੋਣ ਡਿਊਟੀਆਂ, ਮਹਿਲਾ ਅਧਿਆਪਕਾਵਾਂ ਅਤੇ BLO ਦੀਆਂ ਮੰਗਾਂ ਸੰਬੰਧੀ ਉੱਚ ਅਧਿਕਾਰੀਆਂ ਨੂੰ ਮਿਲਿਆ।
ਜ਼ਿਲ੍ਹੇ ਵਿੱਚ ਪੰਚਾਇਤੀ ਚੋਣਾਂ ਵਿੱਚ ਵੱਡੀ ਗਿਣਤੀ ਮਹਿਲਾ ਅਧਿਆਪਕਾਵਾਂ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਲਗਾਉਣ, ਕਪਲ ਕੇਸਾਂ ਦੀ ਵੀ ਚੋਣ ਡਿਊਟੀਆਂ ਲਗਾਉਣ ਅਤੇ BLO ਦੀਆਂ ਵੀ ਚੋਣ ਡਿਊਟੀਆਂ ਲਗਾ ਕੇ ਉਨ੍ਹਾਂ ਤੋਂ ਦੋਹਰੀ ਡਿਊਟੀ ਲੈਣ ਜਿਹੇ ਹੋਰ ਮੁੱਦਿਆਂ ਉੱਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੂੰ ਮਿਲਿਆ ਅਤੇ ਉਨ੍ਹਾਂ ਨਾਲ਼ ਇੱਕ ਵਿਸਥਾਰਿਤ ਮੀਟਿੰਗ ਕੀਤੀ।
ਮੀਟਿੰਗ ਦੇ ਸ਼ੁਰੂ ਵਿੱਚ ਵਫ਼ਦ ਨੇ ਮੰਗ ਕੀਤੀ ਕਿ ਕਿਉਕਿ ਪੰਚਾਇਤੀ ਚੋਣਾਂ ਵਿੱਚ ਬਹੁਤੀ ਜ਼ਿੰਮੇਵਾਰੀ ਵਧੀਕ ਡਿਪਟੀ ਕਮਿਸ਼ਨਰ (ਵ) ਦੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਵੀ ਇਸ ਮੀਟਿੰਗ ਵਿੱਚ ਸੱਦਿਆ ਜਾਵੇ।
ਜਦੋਂ ਇਹ ਸੰਭਵ ਨਹੀਂ ਹੋਇਆ ਤਾਂ ਵਫ਼ਦ ਨੇ ਇਨ੍ਹਾਂ ਮੁੱਦਿਆਂ ਉੱਤੇ ਮਾਣਯੋਗ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣਕਾਰ ਅਫ਼ਸਰ ਹੁਸ਼ਿਆਰਪੁਰ ਜੀ ਦੀ ਅਗਵਾਈ ਹੇਠ ਯੂਨੀਅਨ ਦੀ ਜ਼ਿਲ੍ਹੇ ਦੀ ਸਮੂਹ ਅਫ਼ਸਰਸ਼ਾਹੀ ਨਾਲ਼ ਪੈਨਲ ਮੀਟਿੰਗ ਦੀ ਮੰਗ ਕੀਤੀ ਜਿਸਤੇ ਏ.ਡੀ.ਸੀ. ਨੇ ਜਲਦ ਇਹ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਚੋਣਾਂ ਨਾਲ਼ ਜੁੜੇ 20 ਦੇ ਕਰੀਬ ਮੁੱਦੇ ਵਫ਼ਦ ਵਲੋਂ ਉਨ੍ਹਾਂ ਸਾਹਮਣੇ ਚੁੱਕੇ ਗਏ ਅਤੇ ਹਰੇਕ ਮੁੱਦੇ ਉੱਤੇ ਚਰਚਾ ਕੀਤੀ ਗਈ। ਕਪਲ ਕੇਸਾਂ, BLO ਡਿਊਟੀਆਂ, ਦੋਹਰੀਆਂ ਡਿਊਟੀਆਂ ਸੰਬੰਧੀ ਵਫ਼ਦ ਵਲੋਂ ਫ਼ਰੀਦਕੋਟ,ਜਲੰਧਰ, ਗੁਰਦਾਸਪੁਰ ਅਤੇ ਹੋਰ ਜ਼ਿਲ੍ਹਿਆਂ ਦੇ ਡੀ.ਸੀ. ਸਾਹਿਬਾਨਾਂ ਵਲੋਂ ਲਏ ਫ਼ੈਸਲਿਆਂ ਬਾਰੇ ਵੀ ਦੱਸਿਆ ਗਿਆ।
ਕੰਪਿਊਟਰ ਅਧਿਆਪਕਾਂ ਨੂੰ ਕਈ ਕਈ ਮਹੀਨੇ ਚੋਣ ਡਿਊਟੀਆਂ ਦੇ ਨਾਂ ਉੱਤੇ ਸਕੂਲਾਂ ਤੋਂ ਕੱਢ ਕੇ ਦਫ਼ਤਰਾਂ ਵਿੱਚ ਲਗਾਈ ਰੱਖਣ ਦੇ ਮੁੱਦੇ ਉੱਤੇ ਵਫ਼ਦ ਨੇ ਇੱਥੋਂ ਤੱਕ ਕਿਹਾ ਕਿ ਜੇਕਰ IAS/PCS ਅਫ਼ਸਰਾਂ ਦੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹੁੰਦੇ ਤਾਂ ਕੰਪਿਊਟਰ ਅਧਿਆਪਕਾਂ ਨੂੰ ਇੱਕ ਦਿਨ ਲਈ ਵੀ ਸਕੂਲਾਂ ਤੋਂ ਕੱਢ ਕੇ ਦਫ਼ਤਰਾਂ ਵਿੱਚ ਨਹੀਂ ਲਗਾਇਆ ਜਾਣਾ ਸੀ।
ਏ.ਡੀ.ਸੀ. ਸਾਹਿਬ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਓਹ ਉਨ੍ਹਾਂ ਦੀਆਂ ਮੰਗਾਂ ਮਾਣਯੋਗ ਡੀ.ਸੀ. ਸਾਹਿਬਾ ਮੂਹਰੇ ਰੱਖਣਗੇ ਅਤੇ ਯੂਨੀਅਨ ਨਾਲ਼ ਪੈਨਲ ਮੀਟਿੰਗ ਕਰਵਾਉਣਗੇ। ਬਾਅਦ ਵਿੱਚ ਯੂਨੀਅਨ ਨੇ ਆਪਸੀ ਮੀਟਿੰਗ ਕਰਕੇ ਫ਼ੈਸਲਾ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਓਹ ਜਲਦ ਮੀਟਿੰਗ ਕਰਕੇ ਜਥੇਬੰਦਕ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।