ਭਾਕਿਯੂ ਉਗਰਾਹਾਂ ਵੱਲੋਂ ਪੰਜਾਬ ਅਸੈਂਬਲੀ ਵੱਲੋਂ ਕੌਮੀ ਖੇਤੀ ਮੰਡੀਕਰਨ ਨੀਤੀ ਚੌਖਟਾ ਰੱਦ ਕਰਨਾ ਸੰਘਰਸ਼ਸ਼ੀਲ ਕਿਸਾਨਾਂ ਦੀ ਮਹੱਤਵਪੂਰਨ ਜਿੱਤ ਕਰਾਰ
ਐੱਮਐੱਸਪੀ ਅਤੇ ਹੋਰ ਲਟਕਦੀਆਂ ਮੰਗਾਂ ਦੇ ਹੱਲ ਲਈ ਐੱਸ ਕੇ ਐੱਮ ਦਾ ਚੰਡੀਗੜ੍ਹ ਪੱਕਾ ਮੋਰਚਾ ਅਵੱਸ਼ ਹੋਵੇਗਾ
ਦਲਜੀਤ ਕੌਰ, ਚੰਡੀਗੜ੍ਹ
ਪੰਜਾਬ ਅਸੈਂਬਲੀ ਵੱਲੋਂ ਕੌਮੀ ਖੇਤੀ ਮੰਡੀਕਰਨ ਨੀਤੀ ਚੌਖਟਾ ਰੱਦ ਕਰਨ ਨੂੰ ਸੰਘਰਸ਼ਸ਼ੀਲ ਕਿਸਾਨਾਂ ਦੀ ਅੰਸ਼ਕ ਜਿੱਤ ਕਰਾਰ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਅਤੇ ਪੰਜਾਬ ਦੀ ਨਵੀਂ ਖੇਤੀ ਨੀਤੀ ਲਾਗੂ ਕਰਵਾਉਣ ਸਮੇਤ ਲਟਕਦੀਆਂ ਭਖਵੀਆਂ ਕਿਸਾਨੀ ਮੰਗਾਂ ਦੇ ਹੱਲ ਲਈ ਐੱਸ ਕੇ ਐੱਮ ਦੇ ਸੱਦੇ ‘ਤੇ ਚੰਡੀਗੜ੍ਹ ਵਿਖੇ 5 ਮਾਰਚ ਤੋਂ ਸ਼ੁਰੂ ਕੀਤਾ ਜਾਣ ਵਾਲਾ ਪੱਕਾ ਮੋਰਚਾ ਅਵੱਸ਼ ਲਾਉਣ ਦਾ ਦਾਅਵਾ ਕੀਤਾ ਗਿਆ ਹੈ।
ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੋਸ਼ ਲਾਇਆ ਹੈ ਕਿ ਪੰਜਾਬ ਦੀ ਆਪ ਸਰਕਾਰ ਖੁਦ ਤਿਆਰ ਕੀਤੀ ਨਵੀਂ ਖੇਤੀ ਨੀਤੀ ਨੂੰ ਕਿਸਾਨਾਂ ਦੇ ਸੁਝਾਵਾਂ ਸਮੇਤ ਲਾਗੂ ਕਰਨ ਤੋਂ ਲਗਾਤਾਰ ਟਾਲ਼ਾ ਵੱਟਦੀ ਆ ਰਹੀ ਹੈ।
ਕੇਂਦਰੀ ਭਾਜਪਾ ਸਰਕਾਰ ਕਿਸਾਨਾਂ ਲਈ ਤਿੰਨ ਕਾਲ਼ੇ ਖੇਤੀ ਕਾਨੂੰਨਾਂ ਨਾਲੋਂ ਵੀ ਵੱਧ ਮਾਰੂ ਕਾਰਪੋਰੇਟ ਪੱਖੀ ਕੌਮੀ ਖੇਤੀ ਮੰਡੀਕਰਨ ਨੀਤੀ ਚੌਖਟਾ ਪੂਰੇ ਦੇਸ਼ ਦੇ ਕਿਸਾਨਾਂ ਸਿਰ ਮੜ੍ਹਨ ਲਈ ਤਾਹੂ ਹੈ। ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਸਮੇਤ ਹੋਰ ਲਟਕਦੀਆਂ ਮੰਗਾਂ ਦੇ ਤਸੱਲੀਬਖ਼ਸ਼ ਹੱਲ ਤੋਂ ਲਗਾਤਾਰ ਟਾਲ਼ਾ ਵੱਟ ਰਹੀ ਹੈ।
ਇਸ ਲਈ ਐੱਸ ਕੇ ਐੱਮ ਦੀ ਕੌਮੀ ਕਮੇਟੀ ਵੱਲੋਂ ਪੂਰੇ ਦੇਸ਼ ਦੀਆਂ ਸੂਬਾਈ ਰਾਜਧਾਨੀਆਂ ਵਿੱਚ 5 ਮਾਰਚ ਤੋਂ ਪੱਕੇ ਮੋਰਚੇ ਲਾਉਣ ਦੇ ਸੱਦੇ ਤਹਿਤ ਪੰਜਾਬ ਵਿੱਚ 7 ਰੋਜ਼ਾ ਮੋਰਚਾ ਦਿਨੇ ਰਾਤ ਲਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਦੀਆਂ ਜ਼ੋਰਦਾਰ ਤਿਆਰੀਆਂ ਲਈ ਜਥੇਬੰਦੀ ਵੱਲੋਂ ਦਿਨ ਰਾਤ ਇੱਕ ਕੀਤਾ ਹੋਇਆ ਹੈ। ਕਿਸਾਨ ਆਗੂਆਂ ਵੱਲੋਂ ਪੰਜਾਬ ਦੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਚੰਡੀਗੜ੍ਹ ਮੋਰਚੇ ਵਿੱਚ ਪ੍ਰਵਾਰਾਂ ਸਮੇਤ ਵਹੀਰਾਂ ਘੱਤ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।