ਹਨ੍ਹੇਰੇ ‘ਚ ਡੁੱਬਣ ਲੱਗਾ ਪੰਜਾਬ! ਬਿਜਲੀ ਨੂੰ ਤਰਸਣ ਲੱਗੇ ਪੰਜਾਬੀ
ਗਰਮੀ ਦੇ ਮੌਸਮ ‘ਚ ਬਿਜਲੀ ਨੂੰ ਤਰਸ ਰਹੇ ਹਨ ਪੰਜਾਬ ਦੇ ਲੋਕ : ਖੰਨਾ
ਚੰਡੀਗੜ੍ਹ
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਕੜਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਝੋਨੇ ਦੀ ਬਿਜਾਈ ਦਾ ਸਮਾਂ ਨੇੜੇ ਆ ਰਿਹਾ ਹੈ, ਪਰ ਸਰਕਾਰ ਕਿਸਾਨਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣ ‘ਚ ਨਾਕਾਮ ਰਹੀ ਹੈ।
ਖੰਨਾ ਨੇ ਆਖਿਆ ਕਿ ਸਰਕਾਰ ਵਲੋਂ ਨਾ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ, ਨਾ ਹੀ ਆਮ ਲੋਕਾਂ ਲਈ ਲਗਾਤਾਰ ਬਦਤਰ ਹੋ ਰਹੀ ਬਿਜਲੀ ਸੇਵਾਵਾਂ ਦਾ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਵਲੋਂ ਲਗਾਤਾਰ ਤਾਪਮਾਨ ਵਧਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ, ਜਿਸ ਕਰਕੇ ਸਿਹਤ ਸੰਬੰਧੀ ਮੁਸੀਬਤਾਂ ਵੱਧਣ ਦੀ ਸੰਭਾਵਨਾ ਹੈ।
ਖੰਨਾ ਨੇ ਦਾਅਵਾ ਕੀਤਾ ਕਿ ਪਿੰਡਾਂ ਵਿਚ ਬਿਜਲੀ ਦੀ ਕਟੌਤੀ ਕਰਕੇ ਨਲਕੇ ਵੀ ਠੱਪ ਹੋ ਗਏ ਹਨ, ਜਿਸ ਨਾਲ ਪੀਣ ਵਾਲੇ ਪਾਣੀ ਦੀ ਕਿਲਤ ਵੀ ਪੈਣੀ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਮੁਫ਼ਤ ਬਿਜਲੀ ਦੇ ਵਾਅਦੇ ਤਾਂ ਕੀਤੇ ਸਨ ਪਰ ਅਮਲ ‘ਚ ਲਿਆਉਣ ਤੋਂ ਬਿਲਕੁਲ ਨਾਕਾਮ ਰਹੀ ਹੈ।
ਖੰਨਾ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਝੋਨੇ ਦੀ ਬਿਜਾਈ ਨੂੰ ਧਿਆਨ ਵਿੱਚ ਰੱਖਦਿਆਂ, ਕਿਸਾਨਾਂ ਅਤੇ ਆਮ ਲੋਕਾਂ ਲਈ ਬਿਜਲੀ ਦੀ ਲਗਾਤਾਰ ਅਤੇ ਯਥੇਸ਼ਟ ਸਪਲਾਈ ਯਕੀਨੀ ਬਣਾਵੇ।
ਖੰਨਾ ਨੇ ਕਿਹਾ ਕਿ ਅਗਲੇ ਮਹੀਨੇ ਡੇਂਗੂ ਅਤੇੇ ਮਲੇਰੀਆ ਦੀ ਬਿਮਾਰੀ ਵਿੱਚ ਵਾਧਾ ਕਰਨ ਵਾਲੇ ਹਨ ਪਰ ਇੰਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਕੋਈ ਵਿਆਪਕ ਯੋਜਨਾ ਅਮਲ ਵਿੱਚ ਨਹੀਂ ਲਿਆਂਦੀ ਗਈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪ੍ਰਾਇਮਰੀ ਹੈਲਥ ਸੈਂਟਰਾਂ ਤੇ ਉਪਲਬਧ ਵਿਸ਼ੇਸ਼ ਰੋਗ ਮਾਹਿਰ ਡਾਕਟਰਾਂ ਦੀ ਥਾਂ ਆਮ ਆਦਮੀਂ ਕਲੀਨਿਕ ਵਿੱਚ ਨਿਯੁਕਤ ਨਵੇਂ ਸਿਰਫ਼ ਐਮਬੀਬੀਐਸ ਡਾਕਟਰਾਂ ਨੂੰ ਨਿਯੁਕਤ ਕਰਨ ਦੇ ਫੈਸਲੇ ਕਾਰਨ ਪੇਂਡੂ ਲੋਕਾਂ ਨੂੰ ਮਿਲਦੀਆਂ ਬਿਹਤਰ ਸਿਹਤ ਸਹੂਲਤਾਂ ਮਿੱਟੀ ਵਿੱਚ ਮਿਲ ਗਈਆਂ ਹਨ।
ਉਨ੍ਹਾਂ ਕਿਹਾ ਕਿ ਬੇਹਤਰ ਢੰਗ ਨਾਲ ਚੱਲ ਰਹੇ ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕਰਨ ਦੀ ਥਾਂ ਇਹ ਕਲੀਨਿਕ ਅਜਿਹੇ ਥਾਵਾਂ ‘ਤੇ ਖੁੱਲ੍ਹਣੇ ਚਾਹੀਦੇ ਹਨ ਜਿੱਥੇ ਬੀਤੇ ਲੰਬੇ ਸਮੇਂ ਤੋਂ ਸਿਹਤ ਸਹੂਲਤਾਂ ਉਪਲਬਧ ਨਹੀਂ ਹਨ।