ਕਿਤਾਬਾਂ ਤੋਂ ਬਿਨਾਂ ਕਿਵੇਂ ਆਵੇਗੀ ਸਿੱਖਿਆ ਕ੍ਰਾਂਤੀ? – ਡੀ.ਟੀ.ਐੱਫ ਨੇ ਚੁੱਕੇ ਸਵਾਲ
ਪੰਜਾਬ ਨੈੱਟਵਰਕ, ਸੰਗਰੂਰ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਹਾਲੇ ਤੱਕ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਮੁਹੱਈਆ ਨਾ ਕਰਾਉਣ ‘ਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਸਕੱਤਰ ਹਰਭਗਵਾਨ ਗੁਰਨੇ ਨੇ ਸਰਕਾਰ ਨੂੰ ਸਵਾਲ ਪੁੱਛਦਿਆਂ ਕਿਹਾ ਹੈ ਕਿ ਕਿਤਾਬਾਂ ਤੋਂ ਬਿਨਾਂ ਸਿੱਖਿਆ ਕ੍ਰਾਂਤੀ ਭਲਾ ਕਿਵੇਂ ਆਵੇਗੀ।
ਪੰਜਾਬ ਸਰਕਾਰ ਜਨਤਕ ਸਿੱਖਿਆ ਵਿੱਚ ਲਗਾਤਾਰ ਕ੍ਰਾਂਤੀ ਦੀਆਂ ਗੱਲਾਂ ਕਰ ਰਹੀ ਹੈ ਜਦੋਂ ਕਿ ਪਾਠ ਪੁਸਤਕਾਂ ਦੀ ਸਥਿਤੀ ਤੋਂ ਲੱਗਦਾ ਹੈ ਕਿ ਸਰਕਾਰ ਦਾ ਸਿੱਖਿਆ ਕ੍ਰਾਂਤੀ ਦਾ ਸੰਕਲਪ ਹੀ ਗ਼ਲਤ ਹੈ। ਉਹ ਜਨਤਕ ਸਿੱਖਿਆ ਦੀ ਬਿਹਤਰੀ ਲਈ ਇਹਨਾਂ ਅਤਿ ਜ਼ਰੂਰੀ ਲੋੜਾਂ ਦੀ ਬਜਾਏ ਬੇਲੋੜੇ ਉਦਘਾਟਨੀ ਬੋਰਡਾਂ ਅਤੇ ਨੀਂਹ ਪੱਥਰਾਂ ਦੀ ਹਨੇਰੀ ਲਿਆਉਣ ਨੂੰ ਸਿੱਖਿਆ ਕ੍ਰਾਂਤੀ ਦਾ ਨਾਂ ਦੇ ਕੇ ਜਨਤਾ ਨੂੰ ਭਰਮਾ ਰਹੀ ਹੈ।
ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਵਿੱਤ ਸਕੱਤਰ ਯਾਦਵਿੰਦਰ ਪਾਲ ਅਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿਹਾ ਕਿ ਜਥੇਬੰਦੀ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਜਮਾਤ ਦੀ ਕੋਈ ਵੀ ਕਿਤਾਬ ਵਿਦਿਆਰਥੀਆਂ ਤੱਕ ਨਹੀਂ ਪਹੁੰਚੀ ਹੈ।
ਇਸ ਤੋਂ ਇਲਾਵਾ ਤੀਜੀ ਦੀ ਵਾਤਾਵਰਨ ਸਿੱਖਿਆ, ਪੰਜਵੀਂ ਦਾ ਗਣਿਤ,ਛੇਵੀਂ ਦੀ ਸਮਾਜਿਕ ਸਿੱਖਿਆ, ਸੱਤਵੀਂ ਦੀ ਸਮਾਜਿਕ ਸਿੱਖਿਆ,ਕੰਪਿਊਟਰ ਤੇ ਡਰਾਇੰਗ,ਅੱਠਵੀਂ ਦਾ ਗਣਿਤ ਤੇ ਪੰਜਾਬੀ, ਨੌਵੀਂ ਦਾ ਸਮਾਜਿਕ ਸਿੱਖਿਆ ਭਾਗ 2 ਤੇ ਅੰਗਰੇਜ਼ੀ ਮੇਨ ਕੋਰਸ,ਦਸਵੀਂ ਦਾ ਸਮਾਜਿਕ ਸਿੱਖਿਆ ਭਾਗ 2 ਤੇ ਅੰਗਰੇਜ਼ੀ ਮੇਨ ਕੋਰਸ,ਗਿਆਰ੍ਹਵੀਂ ਦੀ ਪਨੋਰਮਾ ਆਫ ਲਾਈਫ,ਰਾਜਨੀਤੀ ਵਿਗਿਆਨ ਤੇ ਇਤਿਹਾਸ,ਬਾਰ੍ਹਵੀਂ ਦੀ ਰਾਜਨੀਤੀ ਵਿਗਿਆਨ ਤੇ ਇਤਿਹਾਸ ਦੀਆਂ ਕਿਤਾਬਾਂ ਸਕੂਲਾਂ ਵਿੱਚ ਨਹੀਂ ਪਹੁੰਚੀਆਂ ਹਨ।
ਆਗੂਆਂ ਨੇ ਵਿਭਾਗ ਤੋਂ ਮੰਗ ਕੀਤੀ ਕਿ ਜਲਦੀ ਤੋ ਜਲਦੀ ਉਕਤ ਕਿਤਾਬਾਂ ਵਿਦਿਆਰਥੀਆਂ ਤੱਕ ਪਹੁੰਚਾਈਆਂ ਜਾਣ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨੇ ਹੋਵੇ ਅਤੇ ਭਵਿੱਖ ਵਿੱਚ ਵੀ ਵਿੱਦਿਅਕ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹਰੇਕ ਵਿਦਿਆਰਥੀ ਤੱਕ ਸਾਰੀਆਂ ਕਿਤਾਬਾਂ ਪਹੁੰਚਾਉਣੀਆਂ ਯਕੀਨੀ ਬਣਾਈਆਂ ਜਾਣ।