ਪੰਜਾਬ ‘ਚ ਏਅਰ ਫੋਰਸ ਰਨਵੇਅ ਨੂੰ ਹੀ ਵੇਚ ਦਿੱਤਾ! ਹੁਣ ਵਿਜੀਲੈਂਸ ਫਰੋਲੇਗੀ ਦਸਤਾਵੇਜ਼
ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ, ਏਅਰ ਫੋਰਸ ਰਨਵੇਅ ਨੂੰ ਇੱਕ ਵਿਅਕਤੀ ਨੇ ਧੋਖਾਧੜੀ ਨਾਲ ਆਪਣੇ ਨਾਮ ‘ਤੇ ਰਜਿਸਟਰ ਕਰਵਾ ਲਿਆ…!
ਫਿਰੋਜ਼ਪੁਰ (ਪੰਜਾਬ)
ਪੰਜਾਬ ਦੇ ਫਿਰੋਜ਼ਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਪਿੰਡ ਫੱਤੂਵਾਲਾ ਵਿੱਚ ਬਣੇ ਏਅਰ ਫੋਰਸ ਰਨਵੇਅ ਨੂੰ ਇੱਕ ਵਿਅਕਤੀ ਨੇ ਧੋਖਾਧੜੀ ਨਾਲ ਆਪਣੇ ਨਾਮ ‘ਤੇ ਰਜਿਸਟਰ ਕਰਵਾ ਲਿਆ।
ਇਹ ਹਵਾਈ ਪੱਟੀ ਲਗਭਗ 30 ਏਕੜ ਵਿੱਚ ਬਣੀ ਹੈ। ਮੁਲਜ਼ਮ ਨੇ ਜ਼ਮੀਨ ਦੇ ਅਸਲ ਮਾਲਕ ਦੀ ਮੌਤ ਤੋਂ ਬਾਅਦ ਆਪਣਾ ਨਾਮ ਮਾਲ ਰਿਕਾਰਡ ਵਿੱਚ ਦਰਜ ਕਰਵਾ ਦਿੱਤਾ। ਹੁਣ ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ।
ਅਦਾਲਤ ਨੇ ਵਿਜੀਲੈਂਸ ਬਿਊਰੋ ਦੇ ਮੁੱਖ ਨਿਰਦੇਸ਼ਕ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਹੁਣ ਮਾਮਲੇ ਦੀ ਅਗਲੀ ਸੁਣਵਾਈ 3 ਜੁਲਾਈ ਨੂੰ ਹੋਣੀ ਹੈ।
ਉਦੋਂ ਤੱਕ, ਇਸ ਮਾਮਲੇ ਵਿੱਚ ਸਾਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ, ਵਿਜੀਲੈਂਸ ਹਾਈ ਕੋਰਟ ਨੂੰ ਅੰਤਿਮ ਰਿਪੋਰਟ ਸੌਂਪ ਦੇਵੇਗੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਫੌਜ ਨੇ ਇਸ ਹਵਾਈ ਪੱਟੀ ਦੀ ਵਰਤੋਂ ਪਾਕਿਸਤਾਨ ਖਿਲਾਫ਼ ਲੜ੍ਹੇ ਗਏ 1962, 1965 ਅਤੇ 1971 ਦੇ ਯੁੱਧ ਵਿੱਚ ਕੀਤੀ ਸੀ।
ਪਹਿਲਾਂ ਹਵਾਈ ਸੈਨਾ ਅਤੇ ਹੁਣ ਫੌਜ ਦੇ ਕਬਜ਼ੇ ਵਿੱਚ ਹਵਾਈ ਪੱਟੀ ਦੀ ਜ਼ਮੀਨ ਹੈ, ਜ਼ਮੀਨ ਦਾ ਮਾਮਲਾ ਸੇਵਾਮੁਕਤ ਕਾਨੂੰਨਗੋ ਨਿਸ਼ਾਨ ਸਿੰਘ ਦੁਆਰਾ ਹਾਈ ਕੋਰਟ ਵਿੱਚ ਲਿਜਾਇਆ ਗਿਆ ਹੈ। ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਕਿ ਜਾਂਚ ਸੀਬੀਆਈ ਜਾਂ ਕਿਸੇ ਸੁਤੰਤਰ ਏਜੰਸੀ ਤੋਂ ਕਰਵਾਈ ਜਾਵੇ।
ਦਸਤਾਵੇਜ਼ਾਂ ਨਾਲ ਕੀਤੀ ਗਈ ਛੇੜਛਾੜ
ਪਟੀਸ਼ਨਕਰਤਾ ਨੇ ਆਪਣੀ ਦਲੀਲ ਵਿੱਚ ਕਿਹਾ ਹੈ ਕਿ ਪਿੰਡ ਫੱਤੂਵਾਲਾ ਦੀ ਜ਼ਮੀਨ 1937-38 ਵਿੱਚ ਐਕੁਆਇਰ ਕੀਤੀ ਗਈ ਸੀ। ਜਦੋਂ ਕਿ ਪਿੰਡ ਦੇ ਸਰਪੰਚ ਦੇ ਅਨੁਸਾਰ ਇਹ ਪ੍ਰਾਪਤੀ 1932 ਵਿੱਚ ਹੋਈ ਸੀ। ਹੁਣ ਇਹ ਜ਼ਮੀਨ ਫੌਜ ਦੇ ਕਬਜ਼ੇ ਹੇਠ ਹੈ।
ਜ਼ਮੀਨ ਦੀ ਖਰੀਦ ਬਾਰੇ ਪਤਾ ਲੱਗਣ ‘ਤੇ ਫਿਰੋਜ਼ਪੁਰ ਛਾਉਣੀ ਦੇ ਕਮਾਂਡੈਂਟ ਨੇ ਇਸ ਮਾਮਲੇ ਵਿੱਚ ਡੀਸੀ ਫਿਰੋਜ਼ਪੁਰ ਨੂੰ ਇੱਕ ਪੱਤਰ ਵੀ ਲਿਖਿਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ 1997 ਵਿੱਚ ਪੰਜ ਵਿਕਰੀ ਦਸਤਾਵੇਜ਼ਾਂ ਰਾਹੀਂ ਜ਼ਮੀਨੀ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਸੀ।
ਜ਼ਮੀਨ ਦਾ ਅਸਲ ਮਾਲਕ ਮਦਨ ਮੋਹਨ ਲਾਲ ਹੈ। ਉਸਦੀ ਮੌਤ 1991 ਵਿੱਚ ਹੋਈ। ਉਸਦੀ ਮੌਤ ਤੋਂ 20 ਸਾਲ ਬਾਅਦ, 2009-10 ਵਿੱਚ, ਕੁਝ ਲੋਕਾਂ ਨੇ ਉਸਦੀ ਜਗ੍ਹਾ ‘ਤੇ ਮਾਲੀਆ ਰਿਕਾਰਡ ਵਿੱਚ ਆਪਣੇ ਨਾਮ ਦਰਜ ਕਰਵਾਏ। ਹਾਲਾਂਕਿ, ਭਾਰਤੀ ਫੌਜ ਨੇ ਕਦੇ ਵੀ ਜ਼ਮੀਨ ਦਾ ਕਬਜ਼ਾ ਕਿਸੇ ਹੋਰ ਨੂੰ ਨਹੀਂ ਸੌਂਪਿਆ। ਖ਼ਬਰ ਸ੍ਰੋਤ – ਟੀਵੀ9