ਵੱਡੀ ਖ਼ਬਰ: ਕਿਸਾਨਾਂ ‘ਤੇ ਪੁਲਿਸ ਵੱਲੋਂ ਭਾਰੀ ਲਾਠੀਚਾਰਜ, ਕਈ ਕਿਸਾਨ ਗ੍ਰਿਫਤਾਰ
ਇੱਕ ਪਾਸੇ ਕਿਸਾਨਾਂ ਨੂੰ ਕਾਤਲ ਕਹਿਣਾ ਅਤੇ ਦੂਜੇ ਪਾਸੇ ਹਰ ਰੋਜ਼ ਬਜ਼ੁਰਗ ਔਰਤਾਂ ਅਤੇ ਬਜ਼ੁਰਗ ਕਿਸਾਨਾਂ ‘ਤੇ ਲਾਠੀਚਾਰਜ ਕਰਨਾ, ਇਹ ਕਿਹੋ ਜਿਹਾ ਇਨਸਾਫ਼ ਹੈ?
ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਭਾਰਤ ਮਾਲਾ ਪ੍ਰੋਜੈਕਟ ਲਈ ਬਿਨਾਂ ਪੈਸੇ ਦਿੱਤੇ ਜਮੀਨਾਂ ਤੇ ਜਬਰੀ ਕਬਜ਼ੇ, ਸੈਕੜੇ ਔਰਤਾਂ, ਕਿਸਾਨ ਮਜ਼ਦੂਰ ਗ੍ਰਿਫਤਾਰ, ਬਜ਼ੁਰਗ ਔਰਤਾਂ ਨਾਲ ਹੋਈ ਖਿੱਚ ਧੂਹ
ਗੁਰਦਾਸਪੁਰ-
ਐਕਸਪ੍ਰੈਸਵੇਅ ਲਈ ਕਿਸਾਨਾਂ ਦੀ ਜ਼ਮੀਨ ਪ੍ਰਸ਼ਾਸਨ ਅਕਵਾਇਰ ਕਰ ਰਿਹਾ ਹੈ। ਇਸ ਕਾਰਨ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਲਈ ਚੀਮਾ ਖੁਦੀ ਪਿੰਡ ਵਿੱਚ ਜ਼ਮੀਨ ਦਾ ਕਬਜ਼ਾ ਲੈਣ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਜਦੋਂ ਕਿਸਾਨਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਜ਼ਮੀਨ ‘ਤੇ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਤਾਂ ਉਹ ਤੁਰੰਤ ਵਿਰੋਧ ਕਰਨ ਲਈ ਇੱਕਜੁੱਟ ਹੋ ਗਏ।
ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਤਣਾਅ ਵਧ ਗਿਆ। ਪੁਲਿਸ ਨੇ ਬਿਨ੍ਹਾਂ ਕੁੱਝ ਅੱਗਾ ਪਿੱਛਾ ਵੇਖੇ ਕਿਸਾਨਾਂ ਤੇ ਭਾਰੀ ਲਾਠੀਚਾਰਜ ਕੀਤਾ। ਇਸ ਸਮੇਂ ਬਹੁਤ ਸਾਰੇ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਵੱਡੀ ਗਿਣਤੀ ਵਿੱਚ ਮਹਿਲਾ ਕਿਸਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਵੱਖ-ਵੱਖ ਥਾਣਿਆਂ ਵਿੱਚ ਲਿਜਾਇਆ ਗਿਆ।
ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੇ ਬਹੁਤ ਘੱਟ ਭਾਅ ਮਿਲ ਰਹੇ ਹਨ, ਜਿਸਦਾ ਕਿਸਾਨ ਵਿਰੋਧ ਕਰ ਰਹੇ ਹਨ, ਪਰ ਕੀਮਤ ਦੇਣ ਦੀ ਬਜਾਏ, ਸਰਕਾਰ ਹਰ ਰੋਜ਼ ਉਨ੍ਹਾਂ ‘ਤੇ ਲਾਠੀਚਾਰਜ ਕਰ ਰਹੀ ਹੈ।
ਇੱਕ ਪਾਸੇ ਕਿਸਾਨਾਂ ਨੂੰ ਕਾਤਲ ਕਹਿਣਾ ਅਤੇ ਦੂਜੇ ਪਾਸੇ ਹਰ ਰੋਜ਼ ਬਜ਼ੁਰਗ ਔਰਤਾਂ ਅਤੇ ਬਜ਼ੁਰਗ ਕਿਸਾਨਾਂ ‘ਤੇ ਲਾਠੀਚਾਰਜ ਕਰਨਾ, ਇਹ ਕਿਹੋ ਜਿਹਾ ਇਨਸਾਫ਼ ਹੈ? ਅੱਜ 80 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਦਬਾਅ ਹੇਠ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਲਿਜਾਇਆ ਗਿਆ ਜਿੱਥੇ ਇਸ ਪ੍ਰਕਿਰਿਆ ਦੌਰਾਨ, ਇੱਕ ਕਿਸਾਨ ਪੁਲਿਸ ਬੱਸ ਦੀ ਲਪੇਟ ਵਿੱਚ ਆ ਗਿਆ। ਇਸ ਦੌਰਾਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਮਹਿਲਾ ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਅਤੇ ਮਹਿਲਾ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਧੱਕਾ ਦਿੱਤਾ ਅਤੇ ਕੁੱਟਿਆ।
ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਸ ਮੁੱਦੇ ਤੇ ਜਾਰੀ ਕੀਤਾ ਗਿਆ ਪ੍ਰੈੱਸ ਬਿਆਨ-
ਜਿੱਥੇ ਇੱਕ ਪਾਸੇ ਪੰਜਾਬ ਦੀ ਮਾਨ ਸਰਕਾਰ ਨਸ਼ਿਆਂ ਵਿਰੁੱਧ ਲੜਾਈ ਵਿੱਚ ਫੇਲ ਹੋਣ ਤੋਂ ਬਾਅਦ ਅਤੇ ਸਿੱਖਿਆ ਕ੍ਰਾਂਤੀ ਦੀ ਫੂਕ ਨਿਕਲਣ ਤੋਂ ਬਾਅਦ ਲੋਕਾਂ ਦਾ ਧਿਆਨ ਭਟਕਾਉਣ ਲਈ ਪੰਜਾਬ ਦੇ ਪਾਣੀਆਂ ਦੇ ਰਾਖੇ ਹੋਣ ਦਾ ਦਮ ਭਰ ਰਹੀ ਹੈ, ਉਥੇ ਹੀ ਦੂਜੇ ਪਾਸੇ ਜਿਲਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਦਰਜਨਾਂ ਥਾਵਾਂ ਤੇ ਭਾਰਤ ਮਾਲਾ ਸੜਕੀ ਪ੍ਰੋਜੈਕਟਾਂ ਤਹਿਤ ਨਿਕਲ ਰਹੀਆਂ ਸੜਕਾ ਲਈ ਜਮੀਨਾਂ ਅਕਵਾਇਰ ਕਰਨ ਦੇ ਮਾਮਲੇ ਵਿਚ ਬਿਨਾ ਪੈਸੇ ਦਿੱਤੇ ਸੈਕੜੇ ਕਿਸਾਨਾਂ ਦੀਆਂ ਜਮੀਨਾਂ ਤੇ ਬਿਨਾਂ ਮੁਆਵਜ਼ਾ ਦਿੱਤੇ ਜਬਰੀ ਕਬਜ਼ੇ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ, ਸਵਿੰਦਰ ਸਿੰਘ ਚੁਤਾਲਾ, ਜਰਮਨਜੀਤ ਸਿੰਘ ਬੰਡਾਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਦਾਸਪੁਰ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਇਹ ਕੋਸ਼ਿਸ਼ਾਂ ਜਾਰੀਂ ਹਨ ਅਤੇ ਪ੍ਰਸ਼ਾਸਨ ਵਾਰ ਵਾਰ ਵਾਅਦਾ ਕਰਕੇ ਮੁੱਕਰ ਰਿਹਾ ਹੈ। ਉਹਨਾਂ ਦੱਸਿਆ ਕਿ ਕੁਝ ਕਿਸਾਨ ਤਾਂ ਅਜਿਹੇ ਵੀ ਹਨ ਜਿੰਨਾ ਦੇ ਅਜੇ ਤੱਕ ਅਵਾਰਡ ਵੀ ਨਹੀਂ ਹੋਏ ਅਤੇ ਜ਼ਮੀਨ ਕਾਗਜ਼ਾਂ ਵਿਚ ਉਹਨਾਂ ਦੇ ਨਾਮ ਤੇ ਬੋਲ ਰਹੀ ਹੈ ਪਰ ਉਹਨਾਂ ਦੀਆਂ ਜਮੀਨਾਂ ਤੇ ਵੀ ਕਬਜ਼ੇ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਪਿੰਡ ਚੀਮਾ ਖੁੱਡੀ ਵਿਚ ਸੈਕੜੇ ਕਿਸਾਨ ਮਜ਼ਦੂਰ ਅਤੇ ਬੀਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਿਲ੍ਹਾ ਅੰਮ੍ਰਿਤਸਰ ਦੇ ਨਵਾ ਪਿੰਡ ਵਿੱਚ ਜਿੱਥੇ ਅੰਮ੍ਰਿਤਸਰ ਊਨਾ ਸੜਕ ਬਣਨ ਜਾ ਰਹੀ ਹੈ ਉਥੇ ਵੀ ਕਿਸਾਨਾਂ ਨੂੰ ਜਮੀਨਾਂ ਦੇ ਵਾਜਿਬ ਭਾਅ ਨਹੀਂ ਦਿੱਤੇ ਜਾ ਰਹੇ ਅਤੇ ਇਸ ਸਬੰਧੀ ਲਗਭਗ ਇਥੇ 2 ਸਾਲ ਤੋਂ ਪਿੰਡ ਵਾਲਿਆਂ ਵੱਲੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ।
ਪਰ ਇਥੇ ਵੀ ਜਬਰੀ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਵਿਰੋਧ ਕਰ ਰਹੇ ਕਿਸਾਨਾਂ ਮਜਦੂਰਾਂ ਨਾਲ ਪੁਲਿਸ ਵੱਲੋਂ ਜਬਰਦਸਤ ਖਿੱਚ ਧੂਹ ਕੀਤੀ ਗਈ ਅਤੇ ਜਬਰਦਸਤੀ ਵੱਟਾਂ ਪਾ ਦਿੱਤੀਆ ਗਈਆਂ ਪਰ ਬਾਅਦ ਵਿੱਚ ਕਿਸਾਨਾਂ ਵੱਲੋਂ ਜ਼ਮੀਨ ਦਾ ਕਬਜ਼ਾ ਵਾਪਿਸ ਬਹਾਲ ਕਰ ਲਿਆ ਗਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸਦਾ ਖਮਿਆਜ਼ਾ ਜਲਦ ਭੁਗਤਣਾ ਪਵੇਗਾ ਅਤੇ ਬਹੁਤ ਜਲਦ ਲੋਕਾਂ ਨਾਲ ਇਸ ਤਰੀਕੇ ਦੇ ਅੰਨ੍ਹੇ ਧੱਕੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।