All Latest NewsNews FlashPunjab News

India-Pakistan ceasefire: ਦੋਵਾਂ ਦੇਸ਼ਾਂ ਦੇ ਜੰਗਬਾਜ਼ਾਂ ਨੂੰ ਫਿੱਟ ਲਾਹਣਤਾਂ ਪਾਉ: ਮਨਜੀਤ ਧਨੇਰ

 

ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ਿਆਂ ਲਈ ਬੇਗੁਨਾਹ ਲੋਕ ਮਰਵਾਏ: ਗੁਰਦੀਪ ਰਾਮਪੁਰਾ

ਜੰਗਬਾਜ਼ਾਂ ਨੂੰ ਦੁਰਕਾਰੋ, ਲੋਕ ਸੰਘਰਸ਼ਾਂ ਦਾ ਪਿੜ ਮਘਾਉ: ਹਰਨੇਕ ਮਹਿਮਾ

ਦਲਜੀਤ ਕੌਰ, ਚੰਡੀਗੜ੍ਹ

ਭਾਰਤੀ ਕਿਸਾਨ ਯੂਨੀਅਨ ਏਕਤਾ -ਡਕੌਂਦਾ ਦੀ ਸੂਬਾ ਕਮੇਟੀ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਜ਼ੰਗ ਬੰਦੀ ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਹ ਜ਼ੰਗ ਅਮਰੀਕਾ ਦੇ ਇਸ਼ਾਰੇ ਤੇ ਦੋਵੇਂ ਦੇਸ਼ਾਂ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਸਰਕਾਰਾਂ ਵੱਲੋਂ ਕਾਰਪੋਰੇਟਾਂ ਦੇ ਮੁਨਾਫ਼ੇ ਵਧਾਉਣ ਦੀ ਗਿਣਤੀ ਮਿਣਤੀ ਅਧੀਨ ਲਾਈ ਗਈ ਸੀ। ਦੋਵੇਂ ਪਾਸੇ ਸੈਂਕੜੇ ਬੇਗੁਨਾਹ ਲੋਕਾਂ ਦੀਆਂ ਮੌਤਾਂ, ਜਾਇਦਾਦ ਦੀ ਤਬਾਹੀ ਅਤੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਲਈ ਇਹ ਸਾਮਰਾਜੀ ਪੂੰਜੀਵਾਦੀ ਸਿਸਟਮ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਜਿਸ ਅਧੀਨ ਕਾਰਪੋਰੇਟ ਘਰਾਣੇ, ਸੰਸਾਰ ਪੱਧਰ ਤੇ ਆਪਣੇ ਮੁਨਾਫ਼ਿਆਂ ਲਈ ਲੋਕਾਂ ਦਾ ਖ਼ੂਨ ਵਹਾਉਣ ਤੋਂ ਵੀ ਗੁਰੇਜ ਨਹੀਂ ਕਰਦੇ।

ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਪਹਿਲਾਂ ਵੀ ਪੁਲਵਾਮਾ ਅਤੇ ਚਿੱਠੀ ਸਿੰਘਪੁਰਾ ਵਿੱਚ ਬੇਗੁਨਾਹ ਲੋਕਾਂ ਦੇ ਕਤਲ ਹੋਏ ਸਨ। ਉਹਨਾਂ ਦੇ ਕਤਲ ਕਿਸ ਨੇ ਕੀਤੇ? ਇਸ ਬਾਰੇ ਅੱਜ ਤੱਕ ਕੋਈ ਪੁਖ਼ਤਾ ਸਬੂਤ/ਜਾਂਚ ਰਿਪੋਰਟ ਸਾਹਮਣੇ ਨਹੀਂ ਆਈ। ਇਸੇ ਤਰਾਂ ਪਹਿਲਗਾਮ ਵਿਖੇ ਇੱਕ ਸਾਜਿਸ਼ ਅਧੀਨ 26 ਬੇਗੁਨਾਹ ਲੋਕਾਂ ਦੇ ਕਤਲ, ਉਸ ਤੋਂ ਬਾਅਦ ਪਾਕਿਸਤਾਨ ਵਿੱਚ ਅਤੇ ਭਾਰਤ ਦੇ ਪੁੰਛ, ਫਿਰੋਜ਼ਪੁਰ ਦੇ ਖਾਈ ਫੇਮੇ ਕੀ ਪਿੰਡ ਤੋਂ ਇਲਾਵਾ ਦੋਵੇਂ ਪਾਸਿਆਂ ਦੇ ਸੈਂਕੜੇ ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਪਹਿਲਗਾਮ ਵਿਖੇ ਲੋਕਾਂ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਸੀ?

ਕਾਤਲ ਕਿਸ ਤਰ੍ਹਾਂ ਉੱਥੇ ਪਹੁੰਚ ਗਏ ਅਤੇ ਕਿਸ ਤਰ੍ਹਾਂ ਬਚ ਕੇ ਨਿਕਲ ਗਏ? ਇਸ ਬਾਰੇ ਕਿਸੇ ਨੇ ਵੀ ਜਾਂਚ ਕਰਨ ਅਤੇ ਜ਼ਿੰਮੇਵਾਰੀ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਸਾਰਾ ਕੁੱਝ ਫ਼ਿਰਕੂ ਜ਼ੰਗੀ ਜਨੂੰਨ ਹੇਠ ਦੱਬ ਦਿੱਤਾ ਗਿਆ। ਝੂਠ ਬੋਲਣ ਅਤੇ ਗ਼ਲਤ ਜਾਣਕਾਰੀ ਫੈਲਾਉਣ ਵਾਲੇ ਗੋਦੀ ਮੀਡੀਆ ਚੈਨਲਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਗਈ, ਜਿਹਨਾਂ ਨੇ ਇਥੋਂ ਤੱਕ ਝੂਠਾ ਪ੍ਰਚਾਰ ਕੀਤਾ ਕਿ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੇ ਕਬਜ਼ਾ ਹੋ ਗਿਆ ਹੈ ਅਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਤੱਕ ਨੇ ਇਸ ਗੁੰਮਰਾਹਕੁਨ ਸੂਚਨਾ ਨੂੰ ਅੱਗੇ ਸ਼ੇਅਰ ਕੀਤਾ। ਦੂਜੇ ਪਾਸੇ ਸੱਚੀ ਰਿਪੋਰਟਿੰਗ ਕਰਨ ਵਾਲੇ ‘ਦੀ ਵਾਇਰ’ ‘4 ਪੀ ਐਮ’ ਅਤੇ ਪਰਸੂਨ ਬਾਜਪਾਈ ਯੂ ਟਿਊਬ ਚੈਨਲ ਤੋਂ ਇਲਾਵਾ 8000 ਐਕਸ ਖਾਤੇ ਬੰਦ ਕਰ ਦਿੱਤੇ ਗਏ।

ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਇਹ ਗੱਲ ਹੁਣ ਲੁਕੀ ਛਿਪੀ ਨਹੀਂ ਕਿ ਇਹ ਜ਼ੰਗ ਕਾਰਪੋਰੇਟਾਂ ਦੀਆਂ ਗਿਣਤੀਆਂ ਮਿਣਤੀਆਂ ਅਧੀਨ ਲਾਈ ਗਈ ਸੀ। ਕੁੱਝ ਚਿਰ ਪਹਿਲਾਂ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਜੰਗਬੰਦੀ ਲਈ ਸਹਿਮਤ ਹਨ ਅਤੇ ਉਸ ਤੋਂ ਤੁਰੰਤ ਬਾਅਦ ਹੀ ਜੰਗ ਬੰਦੀ ਦਾ ਐਲਾਨ ਹੋ ਜਾਂਦਾ ਹੈ।

ਇਸ ਤੋਂ ਇਲਾਵਾ ਪਿਛਲੇ ਦਿਨੀਂ ਫਰਾਂਸ ਦੀ ਰਾਫੇਲ ਜਹਾਜ਼ ਬਣਾਉਣ ਵਾਲੀ ਕੰਪਨੀ ਨਾਲ 28 ਅਪ੍ਰੈਲ 2025 ਨੂੰ 63,000 ਕਰੋੜ ਰੁਪਏ ਦਾ ਸੌਦਾ ਅਤੇ ਅਗਸਤ 2024 ਵਿੱਚ ਅਮਰੀਕਾ ਨਾਲ ਹਥਿਆਰਾਂ ਦਾ ਸੌਦਾ ਕਰਨਾ ਵੀ ਇਸ ਸਾਜਿਸ਼ ਦਾ ਪਰਦਾਫਾਸ਼ ਕਰਦਾ ਹੈ। ਹੁਣ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਕਾਰਪੋਰੇਟ ਘਰਾਣਿਆਂ ਤੋਂ ਹਥਿਆਰ ਖਰੀਦਣ ਲਈ ਖਰਚਣਗੀਆਂ। ਇਸ ਤਰ੍ਹਾਂ ਲੋਕਾਂ ਤੇ ਹੋਰ ਟੈਕਸ ਲਾ ਕੇ ਅਤੇ ਉਹਨਾਂ ਦੀਆਂ ਸਹੂਲਤਾਂ ਤੇ ਕੱਟ ਲਾ ਕੇ ਕਾਰਪੋਰੇਟਾਂ ਦੇ ਮੁਨਾਫ਼ੇ ਹੋਰ ਵਧਾਏ ਜਾਣਗੇ।

ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਬਾਰਡਰ ਦੇ ਨੇੜਲੇ ਪਿੰਡਾਂ ਨੂੰ ਜਿੰਨੇ ਦੁੱਖ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ ਉਸ ਦਾ ਇਹਨਾਂ ਜੰਗਬਾਜ਼ਾਂ ਨੂੰ ਕੋਈ ਅਫ਼ਸੋਸ ਨਹੀਂ ਹੈ। ਜਥੇਬੰਦੀ ਪਹਿਲਾਂ ਵੀ ਕਹਿੰਦੀ ਆਈ ਹੈ ਕਿ ਇਹ ਨਿਹੱਕੀ ਜੰਗ ਹੈ ਜਿਸ ਵਿੱਚ ਮਜ਼ਦੂਰਾਂ ਕਿਸਾਨਾਂ ਅਤੇ ਆਮ ਲੋਕਾਂ ਦੇ ਧੀਆਂ ਪੁੱਤ ਮਰਨਗੇ ਅਤੇ ਨੁਕਸਾਨ ਵੀ ਉਹਨਾਂ ਦਾ ਹੀ ਹੋਵੇਗਾ। ਇਸ ਲਈ ਇਸ ਨਿਹੱਕੀ ਜ਼ੰਗ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ਸੀ।

ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਅਤੇ ਹਰੀਸ਼ ਨੱਢਾ ਕਿਹਾ ਕਿ ਇਸ ਰੌਲੇ ਰੱਪੇ ਅੰਦਰ ਬਰਤਾਨੀਆ ਨਾਲ ਮੁਕਤ ਵਪਾਰ ਸਮਝੌਤਾ ਸਿਰੇ ਚਾੜ੍ਹ ਲਿਆ ਗਿਆ ਹੈ। ਪੰਜਾਬ ਅੰਦਰ ਵੀ ਇੱਕ ਪਾਸੇ ਬਲੈਕ ਆਊਟ ਕਰਕੇ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਸਨ, ਦੂਜੇ ਪਾਸੇ ਬਠਿੰਡਾ ਜਿਲ੍ਹੇ ਦੇ ਪਿੰਡ ਜਿਉਂਦ ਵਿਖੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਸੈਂਕੜੇ ਪੁਲਸੀਏ ਭੇਜ ਕੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਜੰਗ, ਹਾਕਮਾਂ ਦੇ ਹੱਥਾਂ ਵਿੱਚ ਲੋਕਾਂ ਦੇ ਸੰਘਰਸ਼ਾਂ ਨੂੰ ਦਬਾਉਣ ਅਤੇ ਆਪਣੇ ਮਨਸੂਬਿਆਂ ਦੀ ਪੂਰਤੀ ਕਰਨ ਲਈ ਇੱਕ ਹਥਿਆਰ ਹੈ। ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮੌਕਿਆਂ ਤੇ ਭਾਵੁਕਤਾ ਵਿੱਚ ਨਾ ਆਉਣ ਅਤੇ ਹਾਲਾਤਾਂ ਦੀ ਪੂਰੀ ਸਮੀਖਿਆ ਕਰਦੇ ਹੋਏ ਆਪਣੀ ਜਮਾਤੀ ਤਬਕਾਤੀ ਏਕਤਾ ਬਣਾਈ ਰੱਖਦਿਆਂ ਸੰਘਰਸ਼ਾਂ ਦੇ ਰਾਹ ਤੋਂ ਨਾ ਡੋਲਣ।

 

Leave a Reply

Your email address will not be published. Required fields are marked *