ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਵੱਡੀ ਖ਼ਬਰ
ਚੰਡੀਗੜ੍ਹ
ਪੰਜਾਬ ਸਰਕਾਰ ਵੱਲੋ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਸੁਧਾਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਲਈ ਪੰਜਾਬ ਸਰਕਾਰ ਵੱਲੋ ਸਾਲ 2025-26 ਦੌਰਾਨ ਵੀ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਿੱਤੀ ਜਾ ਰਹੀ ਹੈ।
ਇਹ ਜਾਣਕਾਰੀ ਕੋਮਲ ਮਿੱਤਲ, ਡਿਪਟੀ ਕਮਿਸ਼ਨਰ, ਐਸ ਏ ਐਸ ਨਗਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਅਪੀਲ ਕਰਦਿਆਂ ਦਿੱਤੀ।
ਉਨ੍ਹਾਂ ਦੱਸਿਆ ਕਿ ਕਿਸਾਨ ਇਸ ਸਬੰਧੀ ਆਪਣੀ ਸਹਿਮਤੀ https://agrisubsidy.agrimachinerypb.com/#/dsr-registration ਲਿੰਕ ਤੇ ਰਜਿਸਟਰ ਕਰਕੇ ਦੇ ਸਕਦੇ ਹਨ।
ਕਿਸਾਨ ਲਿੰਕ ਖੋਲ੍ਹ ਕੇ ਆਪਣਾ ਆਧਾਰ ਨੰਬਰ ਭਰਨਗੇ। ਉਸ ਤੋਂ ਬਾਅਦ ਕਿਸਾਨ ਦੀ ਨਿੱਜੀ ਅਤੇ ਬੈਂਕ ਸਬੰਧੀ ਜਾਣਕਾਰੀ ਅਨਾਜ ਖਰੀਦ, ਈ ਮੰਡੀਕਰਨ ਪੋਰਟਲ ਵਿੱਚ ਕੀਤੀ ਰਜਿਸਟ੍ਰੇਸ਼ਨ ਅਨੁਸਾਰ ਹੀ ਰਹੇਗੀ। ਉਸ ਉਪਰੰਤ ਕਿਸਾਨ ਵੱਲੋ ਸਿਰਫ਼ ਆਪਣੀ ਸਿੱਧੀ ਬਿਜਾਈ ਅਧੀਨ ਜ਼ਮੀਨ ਦੇ ਵੇਰਵੇ ਹੀ ਦਿੱਤੇ ਜਾਣੇ ਹਨ।
ਉਦਾਹਰਨ ਲਈ ਕਿਸਾਨ ਵੱਲੋ ਜ਼ਮੀਨ ਦਾ ਜ਼ਿਲ੍ਹਾ/ਤਹਿਸੀਲ-ਸਬ ਤਹਿਸੀਲ/ਪਿੰਡ/ਖੇਵਟ ਨੰ:/ਖਸਰਾ ਨੰ: ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ (ਕਨਾਲ/ਮਰਲਾ/ਬਿੱਘਾ) ਜਾਂ ਬਿਸਵਾ ਵਿੱਚ ਦਿੱਤੀ ਜਾਵੇ।
ਇਹ ਲਿੰਕ 10 ਮਈ 2025 ਤੋ ਕਿਸਾਨਾਂ ਲਈ ਖੁੱਲ੍ਹਾ ਹੈ। ਝੋਨੇ ਦੀ ਸਿੱਧੀ ਬਿਜਾਈ ਦੀ ਪਹਿਲੀ ਤਸਦੀਕ 01 ਜੁਲਾਈ 2025 ਤੋ 15 ਜੁਲਾਈ 2025 ਤੱਕ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ, ਡਾ. ਗੁਰਮੇਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਵਧੇਰੇ ਜਾਣਕਾਰੀ ਲਈ ਕਿਸਾਨ ਬਲਾਕ ਅਤੇ ਜ਼ਿਲ੍ਹਾ ਪੱਧਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।