ਸਰਹੱਦੀ ਪਿੰਡਾਂ ਦੀ ਕਹਾਣੀ: ਜੈ ਜਵਾਨ-ਜੈ ਕਿਸਾਨ ਦਾ ਸੰਗਮ! ਬਾਰਡਰ ‘ਤੇ BSF, ਖੇਤ ‘ਚ ਕਿਸਾਨ

All Latest NewsNews FlashPunjab News

 

ਸਰਹੱਦੀ ਪਿੰਡਾਂ ਦੇ ਲੋਕਾਂ ਨੇ ਕਿਹਾ ਬੀ.ਐਸ.ਐਫ ਦੇ ਹੁੰਦਿਆਂ ਡਰ ਕਾਹਦਾ, BSF ਦਾ ਲੋਕ ਕਰ ਰਹੇ ਹਨ ਧੰਨਵਾਦ

ਪਰਮਜੀਤ ਢਾਬਾਂ, ਫਾਜ਼ਿਲਕਾ-

ਭਾਰਤ ਪਾਕਿ ਸਰਹੱਦ ਤੇ ਵਸੇ ਫਾਜ਼ਿਲਕਾ ਜ਼ਿਲ੍ਹੇ ਵਿਚ ਜੈ ਜਵਾਨ ਜੈ ਕਿਸਾਨ ਦਾ ਸੰਗਮ ਵੇਖਣ ਨੂੰ ਮਿਲ ਰਿਹਾ ਹੈ। ਕੌਮਾਂਤਰੀ ਸਰਹੱਦ ਦੀ ਰਾਖੀ ਲਈ ਬੀਐਸਐਫ ਦੇ ਜਵਾਨ ਤਾਇਨਾਤ ਹਨ ਜਦ ਕਿ ਜੀਰੋ ਲਾਈਨ ਦੇ ਬਿਲਕੁਲ ਨਾਲ ਤੱਕ ਜ਼ਿਲ੍ਹੇ ਦੇ ਕਿਸਾਨ ਖੇਤੀ ਕਰਕੇ ਮੁਲਕ ਦੀ ਅੰਨ ਸੁਰੱਖਿਆ ਦੀ ਜਿੰਮੇਵਾਰੀ ਚੁੱਕ ਰਹੇ ਹਨ।

ਇੰਨ੍ਹਾਂ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਮਨਾਂ ਵਿਚ ਦੇਸ਼ ਪ੍ਰੇਮ ਗਹਿਰਾ ਉਤਰਿਆ ਹੋਇਆ ਹੈ ਅਤੇ ਉਹ ਸੀਮਾ ਸੁਰੱਖਿਆ ਬਲ ਦਾ ਧੰਨਵਾਦ ਕਰਦੇ ਹੋਏ ਆਖਦੇ ਹਨ ਕਿ ਜਦੋਂ ਸਰਹੱਦ ਤੇ ਬੀਐਸਐਫ ਦੀਆਂ ਨਿਗੇਹਬਾਨ ਅੱਖਾਂ ਤਾਇਨਾਤ ਹਨ ਤਾਂ ਡਰ ਕਾਹਦਾ।

ਇਸ ਇਲਾਕੇ ਵਿਚ ਸਰਹੱਦੀ ਲੋਕਾਂ ਅਤੇ ਬੀਐਸਐਫ ਵਿਚ ਹਮੇਸ਼ਾ ਹੀ ਬਿਹਤਰ ਤਾਲਮੇਲ ਬਣਿਆ ਰਹਿੰਦਾ ਹੈ। ਅਜਿਹਾ ਇਸ ਲਈ ਕਿਉਂਕਿ ਸਾਡੀ ਬੀਐਸਐਫ ਫੋਰਸ ਨੇ ਲੋਕਾਂ ਵਿਚ ਵਿਸਵਾਸ਼ ਪੈਦਾ ਕੀਤਾ ਹੈ ਕਿ ਬੀਐਸਐਫ ਦੇ ਹੁੰਦਿਆਂ ਲਹਿੰਦੇ ਪਾਸੇ ਤੋਂ ਤੱਤੀ ਵਾਅ ਵੀ ਨਹੀਂ ਆ ਸਕਦੀ। ਲੋਕ ਆਖਦੇ ਹਨ ਕਿ ਬੀਐਸਐਫ ਦੀ ਤਾਇਨਾਤੀ ਸਾਡੀ ਸੁਰੱਖਿਆ ਦੀ ਗਰੰਟੀ ਹੈ।

ਪਿੱਛਲੇ ਦਿਨੀਂ ਪਾਕਿ ਨਾਲ ਉਪਜੇ ਤਨਾਅ ਤੋਂ ਬਾਅਦ ਹੁਣ ਮੁੜ ਸਥਿਤੀ ਆਮ ਵਾਂਗ  ਹੋ ਗਈ ਹੈ ਅਤੇ ਕਿਸਾਨ ਆਪਣੇ ਰੋਜਮਰਾਂ ਦੇ ਕੰਮ ਕਾਜ ਲੱਗ ਗਏ ਹਨ। ਪੁਰਸ਼ ਖੇਤਾਂ ਵਿਚ ਸਾਉਣੀ ਦੀ ਫਸਲ ਦੀ ਤਿਆਰੀ ਵਿਚ ਲੱਗੇ ਹਨ ਅਤੇ ਝੋਨੇ ਦੀ ਪਨੀਰੀ ਆਦਿ ਲਗਾ ਰਹੇ ਹਨ ਅਤੇ ਸੁਆਣੀਆਂ ਘਰਾਂ ਵਿਚ ਘਰ ਦੇ ਕੰਮ ਅਤੇ ਦੁਧਾਰੂ ਜਾਨਵਰਾਂ ਦੀ ਸਾਂਭ ਸੰਭਾਲ ਵਿਚ ਲੱਗ ਗਈਆਂ ਹਨ।

ਸਰਹੱਦ ਦੇ ਬਿੱਲਕੁਲ ਨਾਲ ਵਸੇ ਪਿੰਡ ਪੱਕਾ ਚਿਸਤੀ ਦੇ ਵਸਨ ਸਿੰਘ ਆਖਦੇ ਹਨ ਕਿ ਸਾਡਾ ਬੀਐਸਐਫ ਨਾਲ ਨਿਯਮਤ ਰਾਬਤਾ ਰਹਿੰਦਾ ਹੈ ਅਤੇ ਉਨ੍ਹਾਂ ਵੱਲੋਂ ਸਾਡੀ ਹਰ ਪ੍ਰਕਾਰ ਨਾਲ ਮਦਦ ਕੀਤੀ ਜਾਂਦੀ ਹੈ। ਇਸੇ ਪਿੰਡ ਦੇ ਲਖਵਿੰਦਰ ਸਿੰਘ ਆਖਦੇ ਹਨ ਕਿ ਬੀਐਸਐਫ ਦਾ ਸਾਡੇ ਨਾਲ ਵਿਹਾਰ ਬਹੁਤ ਚੰਗਾ ਹੈ।

ਪਿੰਡ ਬੇਰੀ ਵਾਲਾ ਦੇ ਨਾਮਦੇਵ ਅਤੇ ਗੁਰਮੀਤ ਸਿੰਘ ਆਖਦੇ ਹਨ ਇਹ ਫੋਰਸ ਨਾ ਕੇਵਲ ਸਰਹੱਦਾਂ ਦੀ ਰਾਖੀ ਕਰ ਰਹੀ ਹੈ ਸਗੋਂ ਨਸ਼ੇ ਤਸਕਰਾਂ ਨੂੰ ਕਾਬੂ ਕਰਨ ਵਿਚ ਵੀ ਇਸਦੀ ਸ਼ਾਨਦਾਰ ਭੁਮਿਕਾ ਹੈ। ਪੱਕਾ ਚਿਸਤੀ ਦੇ ਇੰਨਕਲਾਬ ਗਿੱਲ ਆਖਦੇ ਹਨ ਬੀਐਸਐਫ ਨੂੰ ਵੇਖ ਸਾਡੇ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਵਿਚ ਫੌਜ ਤੇ ਬੀਐਸਐਫ ਵਿਚ ਭਰਤੀ ਦੀ ਲਗਨ ਲਗਦੀ ਹੈ।

ਪਿੰਡ ਗੰਜੂਆਣਾ ਦੇ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪਿੰਡ ਵਿਚ ਕਿਸਾਨ ਬਿਨ੍ਹਾਂ ਕਿਸੇ ਡਰ ਭੈਅ ਦੇ ਅਗਲੀ ਫਸਲ ਦੀ ਤਿਆਰੀ ਕਰ ਰਹੇ ਹਨ। ਖੇਤ ਤਿਆਰ ਕੀਤੇ ਜਾ ਰਹੇ ਹਨ। ਜੀਵਨ ਪੂਰੀ ਤਰਾਂ ਆਮ ਵਾਂਗ ਹੋ ਗਿਆ ਹੈ ਅਤੇ ਲੋਕ ਨਿਸਚਿੰਤ ਹਨ ਕਿਉਂਕਿ ਬਾਰਡਰ ਤੇ ਮੁਲਕ ਦੇ ਪਹਿਰੇਦਾਰ ਬੀਐਸਐਫ ਦੇ ਜਵਾਨ ਦਿਨ ਰਾਤ ਸਾਡੀ ਰਾਖੀ ਕਰਦੇ ਰਹਿੰਦੇ ਹਨ।

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਖਦੇ ਹਨ ਕਿ ਬੀਐਸਐਫ ਅਤੇ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਮਿਲਵਰਤਨ ਲਾਮਿਸ਼ਾਲ ਹੈ। ਜਿਸ ਦ੍ਰਿੜਤਾ ਨਾਲ ਲੋਕਾਂ ਨੇ ਬੀਐਸਐਫ ਦਾ ਸਾਥ ਦਿੱਤਾ ਹੈ ਇਹ ਲੋਕਾਂ ਦੇ ਦੇਸ਼ ਪ੍ਰੇਮ ਦਾ ਪ੍ਰਮਾਣ ਤਾਂ ਹੈ ਹੀ, ਉਥੇ ਹੀ ਇਹ ਬੀਐਸਐਫ ਵੱਲੋਂ ਲੋਕਾਂ ਨਾਲ ਬਣਾਈ ਨੇੜਦਾ ਦਾ ਵੀ ਪ੍ਰਤੀਕ ਹੈ।

 

Media PBN Staff

Media PBN Staff

Leave a Reply

Your email address will not be published. Required fields are marked *