Punjab News: ਪੰਜਾਬ ਦੇ ਸਕੂਲਾਂ ‘ਚ ਛੁੱਟੀਆਂ ਦੀ ਖਬਰ Fake News ਫੈਕਟਰੀ ‘ਚ ਬਣੀ! ਸਿੱਖਿਆ ਅਧਿਕਾਰੀ ਨੇ ਕਿਹਾ- ਕਰਾਂਗੇ ਕਾਨੂੰਨੀ ਕਾਰਵਾਈ
Punjab News: ਸੋਸ਼ਲ ਮੀਡੀਆ ‘ਤੇ Fake News ਜਾਂ ਫਿਰ ਗਲ਼ਤ ਜਾਣਕਾਰੀ ਫੈਲਾਉਣਾ ਕਾਨੂੰਨੀ ਅਪਰਾਧ – ਸਾਈਬਰ ਸੈਲ
Punjab News: ਪੰਜਾਬ ਦੇ ਸਾਰੇ ਸਕੂਲਾਂ ਵਿੱਚ 22 ਮਈ ਤੋਂ ਲੈ ਕੇ 30 ਜੂਨ ਤੱਕ ਦੀਆਂ ਛੁੱਟੀਆਂ ਸਬੰਧੀ ਅੱਜ ਕੁਝ ਮੀਡੀਆ ਅਦਾਰਿਆਂ ਦੇ ਵੱਲੋਂ ਇੱਕ ਪੁਰਾਣੇ ਪੱਤਰ ਨੂੰ ਅਟੈਚ ਕਰਕੇ ਖਬਰ ਚਲਾਈ। ਜਦੋਂ ਉਹ ਖਬਰ ਜਨਤਕ ਹੋਈ ਤਾਂ ਉਸ ਤੋਂ ਤੁਰੰਤ ਬਾਅਦ ਹੀ ਸਿੱਖਿਆ ਅਧਿਕਾਰੀਆਂ ਦਾ ਵੀ ਰਿਐਕਸ਼ਨ ਆ ਗਿਆ।
ਸਿੱਖਿਆ ਵਿਭਾਗ ਦੀ ਇੱਕ ਅਧਿਕਾਰੀ ਨੇ ਮੀਡੀਆ ਪੀਬੀਐੱਨ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਖਬਰ ਬਿਲਕੁਲ ਫੇਕ ਹੈ। ਉਹਨਾਂ ਨੇ ਕਿਹਾ ਕਿ ਸਕੂਲਾਂ ਵਿੱਚ ਹਾਲੇ ਛੁੱਟੀਆਂ ਦਾ ਐਲਾਨ ਨਹੀਂ ਕੀਤਾ ਗਿਆ।
ਅਧਿਕਾਰੀ ਨੇ ਇਹ ਵੀ ਦੱਸਿਆ ਕਿ ਜਿਸ ਅਫਸਰ ਦੇ ਨਾਂ ਹੇਠਾਂ ਇਹ ਪੱਤਰ ਵਾਇਰਲ ਹੋਇਆ ਹੈ ਉਸ ਅਫਸਰ ਨੂੰ ਹੀ ਸੇਵਾ ਮੁਕਤ ਹੋਏ ਨੂੰ ਵਿਭਾਗ ਵਿੱਚੋਂ ਗਏ ਨੂੰ ਕਰੀਬ ਤਿੰਨ ਮਹੀਨੇ ਹੋ ਗਏ ਨੇ।
ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਜਿਨਾਂ ਦੇ ਵੱਲੋਂ ਵੀ ਇਹ ਲੈਟਰ ਵਾਇਰਲ ਕੀਤਾ ਗਿਆ ਹੈ ਜਾਂ ਫਿਰ ਖ਼ਬਰ ਬਣਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਗਿਆ ਹੈ, ਉਹਨਾਂ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇੱਥੇ ਦੱਸ ਦਈਏ ਕਿ ਪਹਿਲਾਂ ਵੀ ਕੁਝ ਮੀਡੀਆ ਅਦਾਰਿਆਂ ਦੇ ਵੱਲੋਂ ਬਿਨਾਂ ਪੁਸ਼ਟੀ ਤੋਂ ਅਜਿਹੀਆਂ ਖਬਰਾਂ ਚਲਾਈਆਂ ਜਾਂਦੀਆਂ ਹਨ, ਜਿਹੜੀਆਂ ਕਿ ਬਾਅਦ ਵਿੱਚ ਫੇਕ ਸਾਬਤ ਹੁੰਦੀਆਂ ਹਨ।
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਹੁਣ ਉਹਨਾਂ ਮੀਡੀਆ ਅਦਾਰਿਆਂ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਨਿਗਾਹ ਰੱਖ ਰਹੀ ਹੈ, ਜਿਨਾਂ ਰਾਹੀਂ ਅਜਿਹੀਆਂ ਫੇਕ ਖਬਰਾਂ ਫੈਲਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ।
ਸਾਈਬਰ ਸੈਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਫੇਕ ਖਬਰ ਜਾਂ ਫਿਰ ਗਲ਼ਤ ਜਾਣਕਾਰੀ ਫੈਲਾਉਣਾ ਕਾਨੂੰਨੀ ਅਪਰਾਧ ਹੈ। ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਖਿਲਾਫ ਸਖਤੀ ਦੇ ਨਾਲ ਨਜਿੱਠਿਆ ਜਾਵੇਗਾ।