ਅਧਿਆਪਕਾਂ ਨੂੰ ਨੋਟਿਸ ਕੱਢਣ ਵਾਲੇ SDM ਨਾਲ ਡੀਟੀਐੱਫ਼ ਅਤੇ 6635 ਅਧਿਆਪਕ ਯੂਨੀਅਨ ਦੀ ਹੋਈ ਅਹਿਮ ਮੀਟਿੰਗ, ਜਾਣੋ ਕੀ ਮਿਲਿਆ ਭਰੋਸਾ
ਜ਼ਿਲਾ ਪ੍ਰਸ਼ਾਸਨ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਲਗਾਉਣ ਤੋਂ ਗੁਰੇਜ ਕਰੇ- ਮਲਕੀਤ ਸਿੰਘ ਹਰਾਜ /ਸ਼ਲਿੰਦਰ ਕੰਬੋਜ
ਪੰਜਾਬ ਨੈੱਟਵਰਕ, ਫਿਰੋਜ਼ਪੁਰ
ਪੰਜਾਬ ਸਰਕਾਰ ਅਤੇ ਇਸ ਦੇ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਸਮੇਤ ਹੋਰ ਵੱਖ-ਵੱਖ ਪਲੇਟਫਾਰਮਾਂ ਤੋਂ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਨਾ ਲਗਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪ੍ਰੰਤੂ ਇਸਦੇ ਬਾਵਜੂਦ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਧਿਆਪਕਾਂ ਦੀ ਵੱਡੇ ਪੱਧਰ ‘ਤੇ ਪਰਾਲੀ ਸਾੜਣ ਤੋਂ ਰੋਕਣ, ਬੀ. ਐੱਲ.ਓ.ਅਤੇ ਹੜ ਕੰਟਰੋਲ ਸਮੇਤ ਹੋਰ ਬਹੁਤ ਸਾਰੀਆਂ ਗੈਰ ਵਿੱਦਿਅਕ ਡਿਊਟੀਆਂ ਲਗਾ ਕੇ ਸਕੂਲਾਂ ਦਾ ਵਿੱਦਿਅਕ ਮਾਹੌਲ ਪ੍ਰਭਾਵਿਤ ਕੀਤਾ ਜਾ ਰਿਹਾ ਹੈ।
ਪਿਛਲੇ ਦਿਨੀਂ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਅੱਗ ਦੀ ਰੋਕਥਾਮ ਲਈ ਅਧਿਆਪਕ ਪਾਰਸ ਈ.ਟੀ.ਟੀ. ਅਧਿਆਪਕ ਮਹੀਆਂ ਵਾਲਾ ਕਲਾਂ (ਜੀਰਾ) ਅਤੇ ਮਨੋਜ ਕੁਮਾਰ ਈ.ਟੀ.ਟੀ. ਅਧਿਆਪਕ ਸਪਸ ਅਲੀਪੁਰ (ਜੀਰਾ) ਦੀ ਡਿਊਟੀ ਲਗਾਈ ਗਈ ਅਤੇ ਜਿਸ ਪਿੰਡ ਵਿੱਚ ਅੱਗ ਦੀ ਰੋਕਥਾਮ ਲਈ ਡਿਊਟੀ ਲਗਾਈ ਗਈ ਸਬੰਧਿਤ ਕਰਮਚਾਰੀਆਂ ਨੇ ਲੋਕਾਂ ਨੂੰ ਜਾਗਰੂਕ ਕੀਤਾ।
ਪਰ ਫਿਰ ਵੀ ਖੇਤਾਂ ਵਿੱਚ ਪਰਾਲੀ ਦੀ ਲੱਗੀ ਅੱਗ ਦੇ ਹਵਾਲੇ ਨਾਲ ਇਹਨਾਂ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ, ਜਿਸਦਾ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਸਿੰਘ ਹਰਾਜ, ਈ.ਟੀ.ਟੀ.ਅਧਿਆਪਕ ਯੂਨੀਅਨ 6635 ਦੇ ਸੂਬਾਈ ਆਗੂ ਸ਼ਲਿੰਦਰ ਕੰਬੋਜ਼ ਦੀ ਅਗਵਾਈ ਵਿੱਚ ਵਿਰੋਧ ਕੀਤਾ ਗਿਆ ਅਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਨਾਂ ਮੰਗ ਪੱਤਰ ਵੀ ਦਿੱਤਾ ਗਿਆ ਅਤੇ ਮਸਲੇ ਦਾ ਹੱਲ ਨਾ ਹੋਣ ਤੱਕ ਸੰਘਰਸ਼ ਦਾ ਬਿਗਲ ਵਜਾਉਣ ਦਾ ਐਲਾਨ ਕੀਤਾ ਗਿਆ।
ਇਸ ਸਭ ਦੇ ਮੱਦੇਨਜ਼ਰ ਅੱਜ ਐਸਡੀਐਮ ਜੀਰਾ ਗੁਰਮੀਤ ਸਿੰਘ ਨਾਲ ਡੀਟੀਐਫ ਜ਼ਿਲਾ ਫਿਰੋਜ਼ਪੁਰ ਅਤੇ 6635 ਅਧਿਆਪਕ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਹੋਈ, ਜਿਸ ਵਿੱਚ ਐਸਡੀਐਮ ਨੇ ਉਪਰੋਕਤ ਨੋਟਿਸ ਦਫਤਰ ਦਾਖਲ ਕਰਨ ਦਾ ਭਰੋਸਾ ਦਿੱਤਾ ਅਤੇ ਭਵਿੱਖ ਵਿੱਚ ਅਧਿਆਪਕਾਂ ਦੀਆਂ ਅਜਿਹੇ ਗੈਰ ਵਿੱਦਅਕ ਕੰਮਾਂ ਵਿੱਚ ਡਿਊਟੀਆਂ ਨਾ ਲਗਾਉਣ ਦਾ ਪੂਰਨ ਭਰੋਸਾ ਦਿੱਤਾ।
ਮੀਟਿੰਗ ਤੋਂ ਬਾਅਦ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ ਅਤੇ 6635 ਯੂਨੀਅਨ ਤੋਂ ਸਲਿੰਦਰ ਕੰਬੋਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਐਸਡੀਐਮ ਜੀਰਾ ਨੇ ਜਥੇਬੰਦੀਆਂ ਦੀਆਂ ਮੰਗਾਂ ਤੇ ਪੂਰਨ ਸਹਿਮਤੀ ਜਤਾਈ ਹੈ ਅਤੇ ਉਹਨਾਂ ਨੂੰ ਆਸ ਹੈ ਕਿ ਜਿਲਾ ਪ੍ਰਸ਼ਾਸਨ ਭਵਿੱਖ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਮੱਦੇ ਨਜ਼ਰ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਲਗਾਉਣ ਤੋਂ ਗੁਰੇਜ ਕਰੇਗਾ। ਉਹਨਾਂ ਕਿਹਾ ਕਿ ਅਧਿਆਪਕ ਦਾ ਕੰਮ ਬੱਚੇ ਪੜ੍ਹਾਉਣ ਦਾ ਹੈ, ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਤੋਂ ਰੋਕਣਾ ਨਹੀਂ ਹੈ। ਇਸ ਮੌਕੇ ਸਰਬਜੀਤ ਸਿੰਘ ਭਾਵੜਾ, ਗੁਰਵਿੰਦਰ ਸਿੰਘ ਖੋਸਾ ਰਵਿੰਦਰ ਕੰਬੋਜ਼, ਜਸ਼ਨ ਕੰਬੋਜ਼, ਸੁਖਮੰਦਰ ਕੰਬੋਜ਼ ਆਦਿ ਹਾਜ਼ਰ ਸਨ।