Canada News- ਕੈਨੇਡਾ ‘ਚ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ
Canada News- ਦੋਰਾਹਾ ਦੇ ਰਾਜਗੜ੍ਹ ਪਿੰਡ ਤੋਂ ਉੱਠ ਕੇ ਕੈਨੇਡਾ ਤੱਕ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਕਾਮਯਾਬੀ ਦੀ ਨਵੀਂ ਇਤਿਹਾਸ ਲਿਖਣ ਵਾਲੇ ਦਰਸ਼ਨ ਸਿੰਘ ਸਾਹਸੀ ਦੀ ਕੈਨੇਡਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਇਹ ਖ਼ਬਰ ਜਿਵੇਂ ਹੀ ਪਿੰਡ ਰਾਜਗੜ੍ਹ ਪਹੁੰਚੀ, ਸਾਰਾ ਇਲਾਕਾ ਸੋਗ ਵਿੱਚ ਡੁੱਬ ਗਿਆ। ਪਿੰਡ ਦੀਆਂ ਗਲੀਆਂ, ਜਿੱਥੇ ਇੱਕ ਸਮੇਂ ਉਸਦੇ ਨਾਮ ਦੇ ਜਸ਼ਨ ਮਨਾਏ ਜਾਂਦੇ ਸਨ, ਹੁਣ ਚੁੱਪੀ ਦੀ ਚਾਦਰ ਵਿੱਚ ਲਪੇਟੀਆਂ ਹੋਈਆਂ ਹਨ।
68 ਸਾਲਾ ਦਰਸ਼ਨ ਸਿੰਘ ਸਾਹਸੀ ਦਾ ਜਨਮ 1956 ਵਿੱਚ ਪਿੰਡ ਰਾਜਗੜ੍ਹ ਵਿੱਚ ਹੋਇਆ ਸੀ। ਉਸਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਸਕੂਲ ਰਾਜਗੜ੍ਹ ਤੋਂ ਕੀਤੀ ਤੇ ਫਿਰ ਦੋਰਾਹਾ ਕਾਲਜ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ।
ਪੜ੍ਹਾਈ ਦੇ ਬਾਅਦ ਕੁਝ ਸਾਲ ਉਸਨੇ ਖੇਤੀਬਾੜੀ ਕੀਤੀ, ਪਰ ਉੱਚੀਆਂ ਉਡਾਣਾਂ ਭਰਨ ਦਾ ਜਜ਼ਬਾ ਉਸਦੇ ਅੰਦਰ ਸੀ। ਨੌਜਵਾਨੀ ਵਿੱਚ ਉਹ ਦੁਬਈ ਗਿਆ ਤੇ ਇੱਕ ਕਰੂਜ਼ ਜਹਾਜ਼ ‘ਤੇ ਨੌਕਰੀ ਕੀਤੀ। ਉੱਥੇ ਤੋਂ ਉਸਨੇ ਕੈਨੇਡਾ ਦਾ ਰੁਖ ਕੀਤਾ, ਜਿੱਥੇ ਸ਼ੁਰੂਆਤੀ ਦਿਨਾਂ ਵਿੱਚ ਬਹੁਤ ਸੰਘਰਸ਼ ਕਰਨਾ ਪਿਆ। ਛੋਟੀਆਂ ਨੌਕਰੀਆਂ ਕਰਦਿਆਂ ਉਸਨੇ ਮਿਹਨਤ ਨਾਲ ਆਪਣਾ ਰਸਤਾ ਬਣਾਇਆ ਤੇ ਕੱਪੜੇ ਰੀਸਾਈਕਲਿੰਗ ਦਾ ਕਾਰੋਬਾਰ ਸ਼ੁਰੂ ਕੀਤਾ।
ਮਿਹਨਤ, ਇਮਾਨਦਾਰੀ ਤੇ ਦ੍ਰਿੜਤਾ ਨਾਲ ਇਹ ਛੋਟਾ ਕਾਰੋਬਾਰ ਵੇਲੇ ਦੇ ਨਾਲ ਅਰਬਾਂ ਰੁਪਏ ਦੀ ਕੰਪਨੀ ਵਿੱਚ ਬਦਲ ਗਿਆ। ਅੱਜ ਉਸਦੀ ਕੰਪਨੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਆਪਣਾ ਨਾਮ ਬਣਾ ਚੁੱਕੀ ਹੈ।
ਦੂਜੇ ਪਾਸੇ ਕੈਨੇਡਾ ਚ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਦੇ ਕਤਲ ਮਾਮਲੇ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਬਿਆਨ ਸਾਮ੍ਹਣੇ ਆਇਆ। ਪਾਇਲ ਤੋਂ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਓਹਨਾਂ ਦੇ ਹਲਕੇ ਦੇ ਪਿੰਡ ਰਾਜਗੜ੍ਹ ਦੇ ਵਸਨੀਕ ਦਰਸ਼ਨ ਸਿੰਘ ਦਾ ਕਤਲ ਫਿਰਕਾਪ੍ਰਸਤੀ ਹੈ। ਨਫ਼ਰਤ ਦੀ ਅੱਗ ਕੈਨੇਡਾ ਚ ਫੈਲ ਰਹੀ ਹੈ ਉਸਦਾ ਨਤੀਜਾ ਹੈ। ਪੰਜਾਬੀਆਂ ਨੂੰ ਤਰੱਕੀ ਕਰਦੇ ਨਹੀਂ ਸਹਿਣ ਕਰ ਰਹੇ। ਇਸ ਮਾਮਲੇ ਚ ਕੈਨੇਡਾ ਸਰਕਾਰ ਨੂੰ ਛੇਤੀ ਕਾਰਵਾਈ ਕਰਕੇ ਕਾਤਲਾਂ ਨੂੰ ਫੜਕੇ ਸਖ਼ਤ ਸਜਾ ਦੇਣੀ ਚਾਹੀਦੀ ਹੈ। ਭਾਰਤ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਕੈਨੇਡਾ ਸਰਕਾਰ ਉਪਰ ਦਬਾਅ ਬਣਾਇਆ ਜਾਵੇ ਅਤੇ ਅਜਿਹੀਆਂ ਘਟਨਾਵਾਂ ਰੋਕੀਆਂ ਜਾਣ।

