ਪੰਜਾਬ ‘ਚ ਵੱਡੀ ਵਾਰਦਾਤ: ਪੁੱਤ ਵੱਲੋਂ ਪਿਤਾ ਦਾ ਗੋਲੀਆਂ ਮਾਰ ਕੇ ਕਤਲ
ਮ੍ਰਿਤਕ ਦੇ ਪੁੱਤਰ ਖ਼ਿਲਾਫ਼ ਮਾਮਲਾ ਦਰਜ, ਗ੍ਰਿਫ਼ਤਾਰੀ ਲਈ ਕੀਤੀ ਜਾ ਰਹੀ ਛਾਪੇਮਾਰੀ – ਥਾਣਾ ਮੁਖੀ
Punjab News –
ਖੇਮਕਰਨ ਦੇ ਪਿੰਡ ਰੱਤੋਕੇ ਹਵੇਲੀਆਂ ਵਿੱਚ ਬੁੱਧਵਾਰ ਸਵੇਰੇ ਇੱਕ ਪੁੱਤਰ ਵੱਲੋਂ ਆਪਣੇ ਪਿਤਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ, ਘਟਨਾ ਸਮੇਂ ਪੁੱਤਰ ਆਪਣੇ ਪਿਤਾ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ, ਜਿਸ ਕਾਰਨ ਦੋਵਾਂ ਵਿਚਕਾਰ ਤਕਰਾਰ ਹੋ ਗਈ। ਏਸੇ ਦੌਰਾਨ ਗੁੱਸੇ ਵਿੱਚ ਆਏ ਪੁੱਤਰ ਨੇ ਪਿਤਾ ਦੀ ਲਾਇਸੈਂਸੀ ਬੰਦੂਕ ਨਾਲ ਉਸਨੂੰ ਗੋਲੀ ਮਾਰ ਦਿੱਤੀ ਅਤੇ ਰਾਈਫਲ ਲੈ ਕੇ ਫਰਾਰ ਹੋ ਗਿਆ।
ਪੀੜਤ ਪਰਿਵਾਰ ਦੇ ਮੁਤਾਬਕ, ਘਟਨਾ ਸਮੇਂ ਪਿਤਾ ਹਰਜਿੰਦਰ ਸਿੰਘ ਘਰ ਦੇ ਵੇਹੜੇ ਵਿੱਚ ਖੜ੍ਹਾ ਸੀ, ਜਦੋਂ ਉਸਦੇ ਪੁੱਤਰ ਜਰਨੈਲ ਸਿੰਘ ਨੇ ਪੈਸਿਆਂ ਦੀ ਮੰਗ ਕੀਤੀ। ਤਕਰਾਰ ਤੋਂ ਬਾਅਦ ਜਰਨੈਲ ਸਿੰਘ ਨੇ ਕਮਰੇ ਵਿੱਚੋਂ ਬੰਦੂਕ ਕੱਢੀ ਅਤੇ ਪਿਤਾ ਨੂੰ ਗੋਲੀ ਮਾਰ ਦਿੱਤੀ।
ਪੀੜਤ ਦੇ ਜਵਾਈ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਘਟਨਾ ਤੋਂ ਬਾਅਦ ਸਹੁਰੇ ਨੂੰ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਖੇਮਕਰਨ ਦੇ ਮੁਖੀ ਐਸਆਈ ਗੁਰਿੰਦਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਖਿਲਾਫ਼ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸਦੀ ਭਾਲ ਜਾਰੀ ਹੈ। ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਪੱਟੀ ਵਿੱਚ ਕਰਵਾਇਆ ਜਾ ਰਿਹਾ ਹੈ।