ਪੰਜਾਬ ‘ਚ ਕੋਰੋਨਾ ਕੇਸ ਵਧਣ ਤੋਂ ਬਾਅਦ ਅਲਰਟ; ਸਿਹਤ ਮੰਤਰੀ ਨੇ ਕਿਹਾ- ਹਸਪਤਾਲਾਂ ‘ਚ ਤਿਆਰੀਆਂ ਮੁਕੰਮਲ
ਪੰਜਾਬ ਨੈੱਟਵਰਕ, ਪਟਿਆਲਾ :
ਪੰਜਾਬ ਸਮੇਤ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਕੇਸ ਆਉਣੇ ਸ਼ੁਰੂ ਹੋ ਗਏ ਹਨ, ਜਿਸ ਤੋਂ ਬਾਅਦ ਪੰਜਾਬ ਸਰਕਾਰ ਵੀ ਹਰਕਤ ਵਿੱਚ ਆ ਗਈ ਹੈ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਫੈਲਣ ਦੀ ਕਿਸੇ ਵੀ ਸੰਭਾਵਨਾ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ ਦੀ ਸੰਭਾਲ ਲਈ ਹਰ ਤਰ੍ਹਾਂ ਦੀਆਂ ਤਿਆਰੀਆਂ ਅਗੇਤੀਆਂ ਹੀ ਮੁਕੰਮਲ ਹਨ।
ਸਿਹਤ ਮੰਤਰੀ ਨੇ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਤੇ ਮਾਤਾ ਕੌਸ਼ੱਲਿਆ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਕੋਵਿਡ ਤੋਂ ਬਚਾਅ ਲਈ ਟੈਸਟਿੰਗ, ਕੋਵਿਡ ਸਹੂਲਤਾਂ, ਦਵਾਈਆਂ, ਆਈਸੋਲੇਸ਼ਨ, ਆਈ.ਸੀ.ਯੂ, ਬੈਡ, ਟੈਸਟਿੰਗ, ਆਕਸੀਜਨ ਪਲਾਂਟ, ਸਿਹਤ ਅਮਲੇ ਦੀ ਉਪਲਬੱਧਤਾ ਦਾ ਜਾਇਜ਼ਾ ਲਿਆ। ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਦੀ ਬਿਮਾਰੀ ਤੋਂ ਕਿਸੇ ਵੀ ਤਰ੍ਹਾਂ ਘਬਰਾਹਟ ਵਿਚ ਆਉਣ ਦੀ ਕੋਈ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਮੁੱਚਾ ਸਿਹਤ ਅਮਲਾ ਕਿਸੇ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ 24 ਘੰਟੇ ਨਿਰੰਤਰ ਤਿਆਰ-ਬਰ-ਤਿਆਰ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਰਜਿੰਦਰਾ ਹਸਪਤਾਲ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਕੋਵਿਡ ਤੋਂ ਬਚਾਅ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ ਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦੋਵਾਂ ਹਸਪਤਾਲਾਂ ਵਿਚ ਹਰ ਤਰ੍ਹਾਂ ਦੀਆਂ ਤਿਆਰੀਆਂ ਪੁਖ਼ਤਾ ਕੀਤੀਆਂ ਗਈਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਸੁਪਰਸਪੈਸ਼ਿਲਿਟੀ ਵਿੰਗ ਵਿਖੇ ਕਿਸੇ ਵੀ ਐਮਰਜੈਂਸੀ ਲਈ 40 ਬੈਡ ਪੂਰੀ ਤਰ੍ਹਾਂ ਤਿਆਰ ਹਨ, ਸਾਰੀਆਂ ਦਵਾਈਆਂ, ਟ੍ਰੇਂਡ ਸਟਾਫ਼, ਆਈਸੋਲੇਸ਼ਨ, ਐਮਰਜੈਂਸੀ ਵਰਤੋਂ ਲਈ ਸਾਜੋ-ਸਮਾਨ, ਤਿੰਨ ਪਰਤੀ ਆਕਸੀਜਨ ਪਲਾਂਟ, ਜਿਸ ਚ ਲਿਕੁਇਡ ਆਕਸੀਜਨ, ਮਲਟੀਲੇਅਰ ਸਿਲੰਡਰ ਸਪਲਾਈ ਤੇ ਪੀ.ਐਸ.ਏ. ਪਲਾਂਟ, ਜੈਨਰੇਟਰ ਸੈਟ ਵੀ ਪੂਰੀ ਤਰ੍ਹਾਂ ਤਿਆਰ ਹਨ। ਇਸ ਤੋਂ ਬਿਨ੍ਹਾਂ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ, ਜਿੱਥੇ ਕਿ 130 ਬੈਡ ਵੀ ਪੂਰੀ ਤਰ੍ਹਾਂ ਤਿਆਰ ਹਨ। ਸਿਹਤ ਮੰਤਰੀ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਤੇ ਦੇਸ਼ ਦੇ ਦੁਸ਼ਮਣਾਂ ਦੀ ਤਰ੍ਹਾਂ ਹੀ ਕੋਵਿਡ ਵੀ ਸਾਡੀ ਸਿਹਤ ਦਾ ਦੁਸ਼ਮਣ ਹੈ ਜਿਸ ਨੇ 2020 ਚ ਬਹੁਤ ਬਰਬਾਦੀ ਕੀਤੀ ਸੀ।
ਪਰੰਤੂ ਹੁਣ ਇਸ ਬਾਰੇ ਸਾਡੇ ਸਿਹਤ ਮਾਹਰਾਂ ਨੂੰ ਪੂਰਾ ਗਿਆਨ ਵੀ ਹੈ ਅਤੇ ਅਜੇ ਤੱਕ ਕੋਵਿਡ ਦੇ ਮੌਜੂਦਾ ਰੂਪ ਬਾਰੇ ਸਾਡੀ ਸਰਕਾਰ ਤੇ ਵਿਸ਼ਵ ਸਿਹਤ ਸਿਹਤ ਸੰਸਥਾ ਨੇ ਇਸ ਨੂੰ ਚਿੰਤਾ ਵਾਲਾ ਵੇਰੀਐਂਟ ਨਹੀਂ ਐਲਾਨਿਆ ਹੈ। ਇਸ ਮੌਕੇ ਮੈਡੀਕਲ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ, ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਸਮੇਤ ਹੋਰ ਡਾਕਟਰ ਤੇ ਫੈਕਲਿਟੀ ਮੈਂਬਰ ਮੌਜੂਦ ਸਨ, ਜਿਨ੍ਹਾਂ ਨੇ ਸਿਹਤ ਮੰਤਰੀ ਨੂੰ ਕੋਵਿਡ ਪ੍ਰਬੰਧਨ ਦੀਆਂ ਤਿਆਰੀਆਂ ਬਾਰੇ ਜਾਣੂ ਕਰਵਾਇਆ।