All Latest NewsNews FlashPunjab NewsTOP STORIES

ਅਧਿਆਪਕਾਂ ਦੀ ਘਾਟ ਨਾਲ ਜੂਝ ਰਿਹਾ ਸਿੱਖਿਆ ਵਿਭਾਗ

 

ਬਠਿੰਡਾ

ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ ਵਿਸ਼ੇਸ਼ ਜਰੂਰਤਾਂ ਵਾਲੇ ਵਿਦਿਆਰਥੀਆਂ ਲਈ ਅਧਿਆਪਕਾਂ ਦੀ ਘਾਟ ਹੋਣ ਕਰਕੇ ਇੰਨ੍ਹਾਂ ਬੱਚਿਆਂ ਨੂੰ ਢੰਗ ਸਿਰ ਸਿੱਖਿਆ ਨਹੀਂ ਮੁਹਈਆ ਕਰਵਾਈ ਜਾ ਸਕੀ ਹੈ। ਬੇਰੁਜ਼ਗਾਰ ਵਿਸ਼ੇਸ਼ ਅਧਿਆਪਕ ਯੂਨੀਅਨ ਇਸ ਮਾਮਲੇ ’ਚ ਪੰਜਾਬ ਸਰਕਾਰ ਕੋਲ ਚਾਰਾਜੋਈ ਕਰਦੀ ਆ ਰਹੀ ਹੈ ਪਰ ਹਾਲੇ ਤੱਕ ਰੁਜ਼ਗਾਰ ਵਿਹੂਣੇ ਇੰਨ੍ਹਾਂ ਨੌਜਵਾਨਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ ਹੈ। ਯੂਨੀਅਨ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜਾਣਕਾਰੀ ਹਾਸਲ ਕਰਨ ਮਗਰੋਂ ਜੋ ਤੱਥ ਸਾਹਮਣੇ ਲਿਆਂਦੇ ਹਨ ਉਹ ਇੰਨ੍ਹਾਂ ਬੱਚਿਆਂ ਨਾਲ ਵਾਪਰ ਰਹੀ ਤਰਾਸਦੀ ਬਿਆਨ ਕਰਦੇ ਹਨ।

ਯੂਨੀਅਨ ਦੇ ਆਗੂ ਅਮਨਦੀਪ ਸਿੰਘ ਕਲਿਆਣ ਅਤੇ ਪਰਗਟ ਸਿੰਘ ਬਠਿੰਡਾ ਨੇ ਇਸ ਸਬੰਧ ’ਚ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਗਿਣਤੀ 64429 ਹੈ ਜਿਸ ਦੇ ਮੁਕਾਬਲੇ ਅਧਿਆਪਕ ਸਿਰਫ 386 ਹੀ ਹਨ। ਇੰਨ੍ਹਾਂ ਚੋਂ 23 ਦੀ ਦਫਤਰਾਂ ’ਚ ਤਾਇਨਾਤੀ ਹੋਣ ਕਰਕੇ 363 ਅਧਿਆਪਕਾਂ ਨਾਂਲ ਹੀ ਡੰਗ ਟਪਾਇਆ ਜਾ ਰਿਹਾ ਹੈ ਜੋਕਿ ਬੇਹੱਦ ਵੱਡਾ ਪਾੜਾ ਹੈ। ਇੰਨ੍ਹਾਂ ਅਮਨਦੀਪ ਸਿੰਘ ਮੁਤਾਬਕ ਲੁਧਿਆਣਾ ਜਿਲ੍ਹੇ ’ਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀ ਗਿਣਤੀ ਪੰਜਾਬ ’ਚ ਸਭ ਤੋਂ ਵੱਧ 7330 ਹੈ ਜਿਸ ਦੇ ਮੁਕਾਬਲੇ ਅਧਿਆਪਕਾਂ ਦੀ ਗਿਣਤੀ ਸਿਰਫ 30 ਹੈ।

ਦੂਸਰੇ ਸਥਾਨ ਬਠਿੰਡਾ ਜਿਲ੍ਹੇ ਦਾ ਹੈ ਜਿੱਥੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀ ਗਿਣਤੀ 4425 ਅਤੇ ਅਧਿਆਪਕ 20 ਹਨ। ਬਠਿੰੰਡਾ ਜਿਲ੍ਹੇ ਤੋਂ ਬਾਅਦ  ਤੀਸਰਾ ਨੰਬਰ ਫਾਜ਼ਿਲਕਾ ਜਿਲ੍ਹੇ ਦਾ ਹੈ ਜਿੱਥੇ ਬੱਚੇ 2995 ਅਤੇ ਅਧਿਆਪਕ 18 ਹਨ। ਫਿਰੋਜ਼ਪੁਰ ਜਿਲ੍ਹੇ ’ਚ ਬੱਚੇ 2806 ਅਤੇ ਅਧਿਆਪ1 18 ਹਨ ਜਦੋਂਕਿ ਇਸ ਤੋਂ ਬਾਅਦ ਜਲੰਧਰ ਜਿਲ੍ਹੇ ’ਚ ਵਿਦਿਆਰਥੀ 2568 ਤੇ ਅਧਿਆਪਕ 18 ਹਨ।

ਤਰਨਤਾਰਨ ਜਿਲ੍ਹੇ ’ਚ ਵਿਦਿਆਰਥੀ 2316 ਤੇ ਅਧਿਆਪਕ 6,ਗੁਰਦਾਸਪੁਰ ’ਚ ਵਿਦਿਆਰਥੀ 2300 ਤੇ ਅਧਿਆਪਕ 7,ਸੰਗਰੂਰ ਜਿਲ੍ਹੇ ’ਚ ਵਿਦਿਆਰਥੀ 2215 ਤੇ ਅਧਿਆਪਕ16 , ਮੋਗਾ ਜਿਲ੍ਹੇ ’ਚ ਬੱਚਿਆਂ ਦੀ ਗਿਣਤੀ 2056 ਤੇ ਅਧਿਆਪਕ 15 ਅਤੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ’ਚ 13 ਅਧਿਆਪਕ 2107 ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ। ਫਰੀਦਕੋਟ ਜਿਲ੍ਹੇ ’ਚ 2016 ਬੱਚਿਆਂ ਦੇ ਮੁਕਾਬਲੇ ’ਚ ਅਧਿਆਪਕਾਂ ਦੀ ਗਿਣਤੀ 7 ਹੈ।

ਇਸੇ ਤਰਾਂ ਹੀ ਫਤਿਹਗੜ੍ਹ ਸਾਹਿਬ ਜਿਲ੍ਹੇ ’ਚ 1649 ਵਿਦਿਆਰਥੀਆਂ ਨੂੰ 14 ਅਧਿਆਪਕ ਪੜ੍ਹਾ ਰਹੇ ਹਨ ਜਦੋਂਕਿ ਰੂਪਨਗਰ ਜਿਲ੍ਹੇ ’ਚ ਬੱਚੇ 1472 ਤੇ ਅਧਿਆਪਕ 16 ਹਨ। ਕਪੂਰਥਲਾ ਜਿਲ੍ਹੇ ’ਚ 1416 ਵਿਦਿਆਰਥੀ ਤੇ 8 ਅਧਿਆਪਕ, ਐਸਏਐਸ ਨਗਰ ਮੁਹਾਲੀ ਜਿਲ੍ਹੇ ’ਚ ਬੱਚੇ 1408 ਅਤੇ ਅਧਿਆਪਕ 23 ਹਨ। ਮਾਨਸਾ ਜਿਲ੍ਹੇ ’ਚ 1179 ਬੱਚਿਆਂ ਦੇ ਮੁਕਾਬਲੇ 3 ਅਧਿਆਪਕ, ਬਰਨਾਲਾ ਜਿਲ੍ਹੇ ’ਚ ਇਹ ਅੰਕੜਾ ਕ੍ਰਮਵਾਰ 951 ਤੇ 7, ਮਲੇਰਕੋਟਲਾ ’ਚ 859 ਤੇ5 ਅਤੇ ਪਠਾਨਕੋਟ ਜਿਲ੍ਹੇ ’ਚ 824 ਬੱਚਿਆਂ ਦੇ ਮੁਕਾਬਲੇ 9 ਅਧਿਆਪਕ ਹਨ।

ਬੇਰੁਜ਼ਗਾਰ ਵਿਸ਼ੇਸ਼ ਸਿੱਖਿਆ ਅਧਿਆਪਕ ਯੂਨੀਅਨ ਦੇ ਆਗੂ ਅਮਨਦੀਪ ਸਿੰਘ ਕਲਿਆਣ ਅਤੇਬੇਰੁਜ਼ਗਾਰ ਅਧਿਆਪਕ ਆਗੂ ਪਰਗਟ ਸਿੰਘ ਬਠਿੰਡਾ ਦਾ ਕਹਿਣਾ ਹੈ ਕਿ  ਸੁਪਰੀਮ ਕੋਰਟ ਅਤੇ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਹਰ ਸਕੂਲ ’ਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਇੱਕ ਵਿਸ਼ੇਸ਼ ਸਿੱਖਿਆ ਅਧਿਆਪਕ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ  ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅਧਿਆਪਕਾਂ ਦੀ ਰੈਗੂਲਰ ਭਰਤੀ ਕਰਨ ਦੀ ਮੰਗ ਕੀਤੀ ਹੈ। ਸੀਨੀਅਰ ਪੱਤਰਕਾਰ ਅਸ਼ੋਕ ਵਰਮਾ ਦੀ ਰਿਪੋਰਟ

 

Leave a Reply

Your email address will not be published. Required fields are marked *