ਭਗਵੰਤ ਮਾਨ ਸਰਕਾਰ ਹਰ ਫ਼ਰੰਟ ‘ਤੇ ਫ਼ੇਲ੍ਹ! ਖੇਡ ਸਟੇਡੀਅਮ ਤੇ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਨ ਸਬੰਧੀ ਨਹੀਂ ਭੇਜੀ ਜਾ ਰਹੀ ਗਰਾਂਟ- ਨਿਸ਼ਾਨ ਸਿੰਘ
ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਖੂਹੀ ਖੇੜਾ ਵਿਖੇ ਖੇਡ ਸਟੇਡੀਅਮ ਅਤੇ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਨ ਸਬੰਧੀ ਨਹੀਂ ਭੇਜੀ ਜਾ ਰਹੀ ਗਰਾਂਟ -ਨਿਸ਼ਾਨ ਸਿੰਘ
ਸਟੇਟ ਡੈਸਕ, ਚੰਡੀਗੜ੍ਹ/ਫ਼ਿਰੋਜ਼ਪੁਰ
ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਦਾਅਵਿਆਂ ਵਾਲੀ ਭਗਵੰਤ ਮਾਨ ਦੀ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ ਸਾਬਤ ਹੋ ਰਹੀ ਹੈ। ਜਿਸ ਦੀ ਤਾਜ਼ਾ ਮਿਸਾਲ ਇੱਕ ਖੇਡ ਸਟੇਡੀਅਮ ਤੇ ਸਰਕਾਰੀ ਸਕੂਲ ਨੂੰ ਕਾਲਜ ਵਿਚ ਅਪਗ੍ਰੇਡ ਕਰਨ ਲਈ ਗਰਾਂਟ ਨਾ ਪਹੁੰਚਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਜਾਣਕਾਰੀ ਰਿਟਾਇਰ ਕਾਨੂੰਗੋ ਨਿਸ਼ਾਨ ਸਿੰਘ ਵਾਸੀ ਪਿੰਡ ਮੱਲਵਾਲ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਦਿੱਤੀ ਹੈ।
ਉਨ੍ਹਾਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਖੂਈ ਖੇੜਾ ਵਿਖੇ ਗ਼ਰੀਬ ਘਰ ਦੇ ਬੱਚਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪਿੰਡ ਵਿਚ ਖੇਡ ਸਟੇਡੀਅਮ ਅਤੇ ਸੀਨੀਅਰ ਸੈਕੰਡਰੀ ਸਕੂਲ ਨੂੰ ਸਰਕਾਰੀ ਕਾਲਜ ਬਣਾਉਣ ਵਾਸਤੇ ਉਸ ਸਮੇਂ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਪਹੁੰਚ ਕੀਤੀ ਸੀ। ਜਿਸ ਪਿੱਛੋਂ ਲਗਾਤਾਰ ਚਿੱਠੀਆਂ ਸਰਕਾਰ ਤਕ ਪਹੁੰਚ ਕੀਤੀਆਂ ਗਈਆਂ।
ਨਿਸ਼ਾਨ ਸਿੰਘ ਨੇ ਅੱਗੇ ਦੱਸਿਆ ਕਿ ਸੂਬੇ ਅੰਦਰ ਸਰਕਾਰ ਬਦਲਣ ਪਿੱਛੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਦੁਬਾਰਾ ਚਿੱਠੀ ਭੇਜ ਕੇ ਲੋਕਾਂ ਦੀ ਸੁਣਵਾਈ ਕਰਨ ਦੀ ਅਪੀਲ ਕੀਤੀ ਗਈ।
ਜਿਸ ਦੇ ਚਲਦੇ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਖੇਡ ਤੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਨੂੰ ਮਿਤੀ 5 ਜੁਲਾਈ 2022 ਨੂੰ ਪੱਤਰ ਲਿਖ ਕੇ ਕਿਹਾ ਗਿਆ ਸੀ ਕਿ ਨਿਸ਼ਾਨ ਸਿੰਘ ਸੇਵਾ ਮੁਕਤ ਕਾਨੂੰਗੋ ਪਿੰਡ ਮੱਲਵਾਲ ਜ਼ਿਲ੍ਹਾ ਫ਼ਿਰੋਜਪੁਰ, ਸੁਭਾਸ਼ ਚੰਦਰ ਸਰਪੰਚ ਪਿੰਡ ਖੂਈ ਖੇੜਾ, ਜ਼ਿਲ੍ਹਾ ਫ਼ਾਜ਼ਿਲਕਾ ਅਤੇ ਪ੍ਰਧਾਨ ਬੇਗਮਪੂਰਾ ਟਾਈਗਰ ਫੋਰਸ ਮਾਡਲ ਟਾਊਨ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਭੇਜੇ ਗਏ ਪੱਤਰਾਂ ਬਾਬਤ ਖੇਡ ਸਟੇਡੀਅਮ ਅਤੇ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਕੇ ਕਾਲਜ ਬਣਾਉਣ ਸਬੰਧੀ ਬਣਦੀ ਕਾਰਵਾਈ ਕਰਦੇ ਹੋਏ ਸਿੱਧੇ ਤੋਰ ਤੇ ਦਫ਼ਤਰ ਮੁੱਖ ਮੰਤਰੀ ਦੀ ਪੈਰਵੀ ਸ਼ਾਖਾ ਨੂੰ ਸੂਚਨਾ ਦਿੱਤੀ ਜਾਵੇ।
ਇਸ ਪੱਤਰ ਉਪਰੰਤ ਡਿਪਟੀ ਕਮਿਸ਼ਨਰ ਦਫ਼ਤਰ ਫ਼ਾਜ਼ਿਲਕਾ ਵੱਲੋਂ ਖੇਡ ਸਟੇਡੀਅਮ ਦੀ ਉਸਾਰੀ ਸਬੰਧੀ ਜ਼ਿਲ੍ਹਾ ਖੇਡ ਅਧਿਕਾਰੀ ਪਾਸੋਂ 18 ਜਨਵਰੀ 2023 ਨੂੰ ਰਿਪੋਰਟ ਪ੍ਰਾਪਤ ਕਾਰਨ ਬਾਅਦ ਸਟੇਡੀਅਮ ਦੇ ਨਿਰਮਾਣ ਵਾਸਤੇ ਪ੍ਰਮੁੱਖ ਸਕੱਤਰ ,ਮੁੱਖ ਮੰਤਰੀ ਪੰਜਾਬ ਨੂੰ 3 ਮਾਰਚ 2023 ਨੂੰ ਪੱਤਰ ਨੰਬਰ 702 ਭੇਜਦੇ ਹੋਏ ਮੰਗ ਕੀਤੀ ਗਈ ਕਿ ਗ਼ਰੀਬ ਬੱਚਿਆਂ ਲਈ ਖੇਡ ਸਟੇਡੀਅਮ ਦੀ ਉਸਾਰੀ ਅਤੇ ਸਰਕਾਰੀ ਸਕੂਲ ਨੂੰ ਕਾਲਜ ਵਿਚ ਅਪਗ੍ਰੇਡ ਕਰਨ ਲਈ 2 ਕਰੋੜ ਦੀ ਰਾਸ਼ੀ ਜਾਰੀ ਕੀਤੀ ਜਾਵੇ।
ਨਿਸ਼ਾਨ ਸਿੰਘ ਨੇ ਅੱਗੇ ਕਿਹਾ ਕਿ ਕਰੀਬ ਸਵਾ ਸਾਲ ਬੀਤ ਜਾਣ ਦੇ ਬਾਵਜੂਦ ਵੀ ਗਰਾਂਟ ਜਾਰੀ ਨਾ ਹੋਣ ਕਰਕੇ ਨਿਰਮਾਣ ਸ਼ੁਰੂ ਨਹੀਂ ਹੋ ਸਕਿਆ। ਨਿਸ਼ਾਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਇੱਕ ਪੱਤਰ ਫਿਰ ਦੋਬਾਰਾ 17 ਜੂਨ 2024 ਨੂੰ ਭੇਜਦੇ ਹੋਏ ਕਿਹਾ ਕਿ ਗ਼ਰੀਬ ਬੱਚਿਆਂ ਦੀ ਸਾਰ ਲਵੋ ਤਾਂ ਕਿ ਓਹਨਾ ਦਾ ਭਵਿੱਖ ਵੀ ਉਜਲਾ ਹੋ ਸਕੇ।