Teacher News: ਅਧਿਆਪਕਾਂ ਦੀਆਂ ਆਰਜ਼ੀ ਐਡਜਸਟਮੈਂਟਾਂ ਰੱਦ ਕਰਕੇ ਪਿੱਤਰੀ ਸਕੂਲਾਂ ਵਿੱਚ ਭੇਜਿਆ ਜਾਵੇ
Teacher News:ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਨੇ ਖ਼ਾਲੀ ਅਸਾਮੀਆਂ ਨੂੰ ਰੈਗੂਲਰ ਭਰਤੀ ਕਰਕੇ ਭਰਨ ਦੀ ਕੀਤੀ ਮੰਗ
ਪੰਜਾਬ ਨੈੱਟਵਰਕ, ਲੁਧਿਆਣਾ-
Teacher News: ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਰਮਿੰਦਰਪਾਲ ਸਿੰਘ ਕਾਲੀਆ ਦੀ ਪ੍ਰਧਾਨਗੀ ਹੇਠ ਈਸੜੂ ਭਵਨ ਲੁਧਿਆਣਾ ਵਿਖੇ ਹੋਈ। ਜਿਸ ਵਿੱਚ ਅਧਿਆਪਕਾਂ ਦੀਆਂ ਵੱਖ-ਵੱਖ ਸਮੱਸਿਆਵਾਂ ਅਧਿਆਪਕਾਂ ਦੀਆਂ ਆਰਜੀ ਪ੍ਰਬੰਧ ਡਿਊਟੀਆਂ, ਬਦਲੀਆਂ ਅਤੇ ਖਾਲੀ ਅਸਾਮੀਆਂ ਸਬੰਧੀ ਵਿਸ਼ੇਸ਼ ਚਰਚਾ ਕੀਤੀ ਗਈ।
ਇਸ ਸਬੰਧੀ ਵਿਚਾਰ ਪ੍ਰਗਟ ਕਰਦੇ ਹੋਏ ਜਥੇਬੰਦੀ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਕਾਰਜਕਾਰੀ ਜਨਰਲ ਸਕੱਤਰ ਪਰਵੀਨ ਕੁਮਾਰ, ਮਨੀਸ਼ ਸ਼ਰਮਾ, ਜਗਮੇਲ ਸਿੰਘ ਪੱਖੋਵਾਲ ਤੇ ਟਹਿਲ ਸਿੰਘ ਸਰਾਭਾ ਆਗੂਆਂ ਵੱਲੋਂ ਦੱਸਿਆ ਗਿਆ ਕਿ ਸਾਲ 2023-24 ਦੌਰਾਨ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ ਤੇ ਖਾਲੀ ਪਈਆਂ ਅਸਾਮੀਆਂ ਕਾਰਨ ਵੱਖ ਵੱਖ ਅਧਿਆਪਕਾਂ ਦੀਆਂ ਲਗਾਈਆਂ ਗਈਆਂ ਆਰਜੀ ਪ੍ਰਬੰਧ ਡਿਊਟੀਆਂ ਰੱਦ ਕਰਨ ਦੀ ਮੰਗ ਕੀਤੀ ਗਈ।
ਉਨਾਂ ਦੱਸਿਆ ਕਿ ਪਿਛਲੇ ਸਾਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਰਾਹੀਂ ਪ੍ਰਾਈਮਰੀ ਅਤੇ ਸੈਕੰਡਰੀ ਸਕੂਲ ਪੱਧਰ ਤੇ ਕਾਫੀ ਅਧਿਆਪਕਾਂ ਦੀਆਂ ਦਸੰਬਰ ਮਹੀਨੇ ਤੋਂ 31-03-2024 ਤੱਕ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਗਾਈਆਂ ਗਈਆਂ ਸਨ।
ਇਸ ਤੋਂ ਉਪਰੰਤ ਲੋਕ ਸਭਾ ਚੋਣਾਂ 2024 ਸਬੰਧੀ ਚੋਣ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਆਦਰਸ਼ ਚੋਣ ਜਾਬਤਾ ਲਾਗੂ ਹੋਣ ਕਰਕੇ ਇਹਨਾਂ ਅਧਿਆਪਕਾਂ ਨੂੰ ਆਪਣੇ ਆਪਣੇ ਪਿਤਰੀ ਸਕੂਲਾਂ ਵਿੱਚ ਹਾਜ਼ਰ ਹੋਣ ਲਈ ਫਾਰਗ ਨਹੀਂ ਕੀਤਾ ਗਿਆ ਸੀ। ਆਗੂਆਂ ਵੱਲੋਂ ਦੱਸਿਆ ਗਿਆ ਕਿ ਵੱਡੀ ਗਿਣਤੀ ਵਿੱਚ ਅਧਿਆਪਕ ਇਹਨਾਂ ਆਰਜੀ ਅਡਜਸਟਮੈਂਟਾਂ ਤੋਂ ਪਰੇਸ਼ਾਨ ਚੱਲ ਰਹੇ ਹਨ।
ਕਿਉਂਕਿ ਉਹਨਾਂ ਦੇ ਪਿੱਤਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਤੇ ਕਈ ਤਰ੍ਹਾਂ ਦੇ ਹੋਰ ਵਿਭਾਗ ਹੀ ਕੰਮ ਕਾਜ ਵੀ ਪ੍ਰਭਾਵਿਤ ਹੋ ਰਹੇ ਹਨ। ਜਥੇਬੰਦੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਹ ਆਰਜੀ ਐਡਜਸਟਮੈਂਟਾਂ ਤੁਰੰਤ ਰੱਦ ਕੀਤੀਆਂ ਜਾਣ ਤੇ ਇਹਨਾਂ ਅਧਿਆਪਕਾਂ ਨੂੰ ਇਹਨਾਂ ਦੇ ਪਿੱਤਰੀ ਸਕੂਲਾਂ ਵਿੱਚ ਹਾਜ਼ਰ ਕਰਵਾਇਆ ਜਾਵੇ ਅਤੇ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਰੈਗੂਲਰ ਤੌਰ ਤੇ ਨਵੀਂ ਭਰਤੀ ਕਰਕੇ ਭਰਿਆ ਜਾਵੇ।
ਇਸ ਤੋਂ ਇਲਾਵਾ ਅਧਿਆਪਕਾਂ ਦੀ ਤਬਾਦਲਾ ਨੀਤੀ ਅਨੁਸਾਰ ਲੋੜਵੰਦ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ। ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਜਮਾਤ ਅਨੁਸਾਰ ਪੰਜ ਰੈਗੂਲਰ ਅਧਿਆਪਕ ਤੇ ਜਾਣ ਤੇ ਪ੍ਰਾਇਮਰੀ ਸਕੂਲਾਂ ਵਿੱਚ ਪੀਟੀਆਈ ਦੀਆਂ ਅਸਾਮੀਆਂ ਦਿੱਤੀਆਂ ਜਾਣ।
ਮਿਡਲ ਸਕੂਲਾਂ ਵਿੱਚੋਂ ਖਤਮ ਕੀਤੀਆਂ ਗਈਆਂ ਪੀਟੀਆਈ ਤੇ ਡਰਾਇੰਗ ਟੀਚਰ ਦੀਆਂ ਅਸਾਮੀਆਂ ਤੁਰੰਤ ਬਹਾਲ ਕਰਕੇ ਭਰੀਆਂ ਜਾਣ, ਸੈਕੰਡਰੀ ਵਿਭਾਗ ਵਿੱਚ ਵਿਸ਼ੇ ਅਨੁਸਾਰ ਅਸਾਮੀਆਂ ਭਰੀਆਂ ਜਾਣ, ਪਿਛਲੇ ਸਮੇਂ ਵਿੱਚ ਲੈਕਚਰਾਰਾਂ ਦੀਆਂ ਖਤਮ ਕੀਤੀਆਂ ਗਈਆਂ ਅਸਾਮੀਆਂ ਬਹਾਲ ਕੀਤੀਆਂ ਜਾਣ, ਪ੍ਰਾਇਮਰੀ ਪੱਧਰ ਤੋਂ ਲੈ ਕੇ ਪ੍ਰਿੰਸੀਪਲ ਪੱਧਰ ਤੱਕ ਅਧਿਆਪਕਾਂ ਦੀਆਂ ਪਦ ਉਨਤੀਆਂ ਕੀਤੀਆਂ ਜਾਣ। ਇਸ ਸਮੇਂ ਚਰਨ ਸਿੰਘ ਤਾਜਪੁਰੀ, ਬਲਬੀਰ ਸਿੰਘ ਕੰਗ, ਸਤਵਿੰਦਰਪਾਲ ਸਿੰਘ ਪੀਟੀਆਈ, ਸੁੱਖਵਿੰਦਰ ਸਿੰਘ ਬੁਰਜ ਲਿਟਾਂ , ਕੁਲਦੀਪ ਸਿੰਘ ਬਲਾਕ ਪੱਖੋਵਾਲ ਪ੍ਰਧਾਨ, ਜੋਰਾ ਸਿੰਘ ਬੱਸੀਆਂ, ਨਰਿੰਦਰਪਾਲ ਸਿੰਘ, ਜਗਦੀਸ਼ ਸਿੰਘ, ਕ੍ਰਿਸ਼ਨ ਕੁਮਾਰ ਸਮੇਤ ਆਗੂ ਹਾਜ਼ਰ ਸਨ।