ਵੱਡੀ ਖ਼ਬਰ: ਕਮਲ ਕੌਰ ਦੇ ਕਤਲ ਦਾ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕੀਤਾ ਤਿੱਖਾ ਵਿਰੋਧ; ਕਿਹਾ- ਖ਼ਾਲਸੇ ਕਦੇ ਨਿਹੱਥੇ ਅਤੇ ਖਾਸ ਕਰ ਔਰਤ ‘ਤੇ ਵਾਰ ਨਹੀਂ ਕਰਦੇ (ਵੇਖੋ ਵੀਡੀਓ)
Punjab News –
ਕਮਲ ਕੌਰ ਉਰਫ਼ ਕੰਚਨ ਕੁਮਾਰੀ ਦੇ ਕਤਲ ਮਾਮਲੇ ਤੇ ਬੋਲਦਿਆਂ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਖ਼ਾਲਸਾ ਕਦੇ ਵੀ ਨਿਹੱਥੇ ਤੇ ਵਾਰ ਨਹੀਂ ਕਰਦਾ, ਖ਼ਾਸ ਕਰਕੇ ਇਸਤਰੀ ਜਾਤ ਤੇ! ਖ਼ਾਲਸਾ ਹਮੇਸ਼ਾਂ ਪ੍ਰੇਮ, ਪਿਆਰ ਅਤੇ ਸਤਿਕਾਰ ਦੀ ਭਾਵਨਾ ਨਾਲ ਜਿਉਣਾ ਸਿਖਦਾ ਹੈ ਅਤੇ ਸਿਖਾਉਂਦਾ ਹੈ।
ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਤੋਂ ਵੀ ਕਈ ਵਾਰ ਹੁਕਮਨਾਮੇ ਜਾਰੀ ਹੋਏ ਹਨ ਕਿ, ਧੀਆਂ ਭੈਣਾਂ ਦੀ ਇੱਜਤ ਕੀਤੀ ਜਾਵੇ ਅਤੇ ਇਸਤਰੀ ਜਾਤ ਦੇ ਨਾਲ ਹੁੰਦੀ ਬੇਇਨਸਾਫ਼ੀ ਤੇ ਬੋਲਿਆ ਜਾਵੇ ਅਤੇ ਇਨਸਾਫ਼ ਦੁਆਇਆ ਜਾਵੇ।
ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਬਾਈਲ ਦੇ ਫ਼ਾਇਦੇ ਵੀ ਬੜੇ ਨੇ ਅਤੇ ਨੁਕਸਾਨ ਵੀ ਬੜੇ ਨੇ, ਇਹ ਸਾਨੂੰ ਸੋਚਣਾ ਪੈਣਾ ਹੈ ਕਿ ਉਹਦੀ ਵਰਤੋਂ ਕਿਵੇਂ ਕਰਨੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਮਾੜਾ ਕਾਰਜ ਕਰਦਾ ਹੈ ਤਾਂ, ਉਸਨੂੰ ਬਚਨਾ ਦੇ ਨਾਲ ਸਮਝਾਇਆ ਜਾ ਸਕਦਾ ਹੈ। ਖ਼ਾਲਸੇ ਕੋਲ ਜਿਹੜਾ ਫਰਿਆਦ ਲੈ ਕੇ ਆਉਂਦਾ ਹੈ, ਹਮੇਸ਼ਾ ਖ਼ਾਲਸਾ ਇਨਸਾਫ਼ ਕਰਕੇ ਸੱਚ ਦੇ ਨਾਲ ਖੜ੍ਹਦਾ ਹੈ।
ਉਨ੍ਹਾਂ ਇਹ ਕਿਹਾ ਕਿ ਕਿਸੇ ਦੀ ਵੀ ਜਾਨ ਲੈ ਲੈਣਾ ਠੀਕ ਨਹੀਂ ਹੈ। ਉਨ੍ਹਾਂ ਨੇ ਕਮਲ ਕੌਰ ਕਤਲ ਦੀ ਸਖ਼ਤ ਵਿਰੋਧਤਾ ਕੀਤੀ।