ਅਖੌਤੀ ਬਦਲਾਅ ਹਕੂਮਤ! ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ.. ਗੱਲਾਂ ਮਾਰਦੇ ਨੇ ਹੱਕਾਂ ਦੀਆਂ…!
Punjab News
ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਸਰਕਾਰ ਦੇ ਵੱਲੋਂ ਤਨਖਾਹ ਦੇਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਪੰਜਾਬ ਰੋਡਵੇਜ਼ ਸ਼ਡਿਊਲਡ ਕਾਸਟ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਨੇ ਬੱਸ ਸਟੈਂਡ ਜਲੰਧਰ ਵਿਚ ਮੀਟਿੰਗ ਕਰ ਕੇ ਪੰਜਾਬ ਰੋਡਵੇਜ਼ ਵਿਚ ਕੰਮ ਕਰਦੇ ਕੰਟਰੈਕਟ ਵਰਕਰਾਂ ਨੂੰ ਤੁਰੰਤ ਤਨਖ਼ਾਹਾਂ ਦੇਣ ਦੀ ਮੰਗ ਕੀਤੀ।
ਜਥੇਬੰਦੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਹੁਸ਼ਿਆਰਪੁਰੀ, ਪ੍ਰਧਾਨ ਸੁਖਵੀਰ ਸਿੰਘ, ਸਰਪ੍ਰਸਤ ਤਰਸੇਮ ਸਿੰਘ ਐੱਸਐੱਸ, ਚੇਅਰਮੈਨ ਹੰਸਰਾਜ ਜਨਰਲ ਸਕੱਤਰ ਬਰਿੰਦਰ ਸਿੰਘ, ਕੈਸ਼ੀਅਰ ਰਮਨਦੀਪ ਸਿੰਘ, ਹਰਜੋਤ ਸਿੰਘ, ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਵਿੱਕੀ, ਸੀਨੀਅਰ ਮੀਤ ਪ੍ਰਧਾਨ ਰਮਨ ਸਿੰਘ ਤੇ ਤਜਿੰਦਰ ਸਿੰਘ ਤੇ ਹੋਰ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਆਖਿਆ ਕਿ ਪਨਬਸ ਤੇ ਪੀਆਰਟੀਸੀ ਵਿਚ ਠੇਕੇ ’ਤੇ ਕੰਮ ਕਰਦੇ ਕਾਮਿਆਂ ਨੂੰ ਤੁਰੰਤ ਤਨਖ਼ਾਹਾਂ ਦਿੱਤੀਆਂ ਜਾਣ, ਤਨਖ਼ਾਹਾਂ ਲੈਣ ਲਈ ਹੜਤਾਲ ਕਰਨ ਲਈ ਮਜਬੂਰ ਨਾ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਮੁਲਾਜ਼ਮਾਂ ਤੋਂ ਬੇਹਦ ਘੱਟ ਤਨਖ਼ਾਹਾਂ ’ਤੇ ਕੰਮ ਲੈ ਰਹੀ ਹੈ।
ਆਗੂਆਂ ਨੇ ਮੰਗ ਕੀਤੀ ਕਿ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ, ਘੱਟ ਤਨਖ਼ਾਹ ਵਾਲੇ ਮੁਲਾਜ਼ਮਾਂ ਦੀ ਤਨਖਾਹ ਵਿਚ ਵਾਧਾ ਕੀਤਾ ਜਾਵੇ, ਆਗੂਆਂ ਨੇ ਕਿਹਾ ਕਿ ਜਥੇਬੰਦੀ ਲਗਾਤਾਰ ਮੁਲਾਜ਼ਮਾਂ ਦੀਆਂ ਮੰਗਾਂ ਲਈ ਸੰਘਰਸ਼ ਕਰ ਰਹੀ ਹੈ ਪਰ ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਸਰਕ ਰਹੀ।