All Latest NewsNews FlashPunjab News

ਅਹਿਮ ਖ਼ਬਰ: ਪੰਜਾਬ ‘ਚ ਕੱਲ੍ਹ ਖੁੱਲ੍ਹਣਗੇ ਸਾਰੇ ਸਕੂਲ, ਛੁੱਟੀਆਂ ਖ਼ਤਮ..!

 

1 ਜੁਲਾਈ ਨੂੰ ‘ਆਓ ਸਕੂਲ ਚੱਲੀਏ’ ਮੁਹਿੰਮ ਅਧੀਨ ਵਿਦਿਆਰਥੀਆਂ ਦਾ ਹੋਵੇਗਾ ਗਰਮਜੋਸ਼ੀ ਨਾਲ ਸਵਾਗਤ

ਸਕੂਲਾਂ ’ਚ 1 ਜੁਲਾਈ ਨੂੰ ਮਨਾਇਆ ਜਾਵੇਗਾ ਡਾਕਟਰ ਦਿਵਸ

Punjab news- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਦੇ ਸਕੂਲਾਂ ਵਿੱਚ ਗੁਣਵੱਤਾ ਪੂਰਨ ਸਿੱਖਿਆ ਦੇਣ, ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਵਾਧਾ ਕਰਨ ਅਤੇ ਬੱਚਿਆਂ ਦੇ ਵਿਅਕਤੀਗਤ ਵਿਕਾਸ ਨੂੰ ਨਵਾਂ ਮੋੜ ਦੇਣ ਲਈ ਨਵੇਂ ਉਪਰਾਲੇ ਸ਼ੁਰੂ ਕੀਤੇ ਜਾ ਰਹੇ ਹਨ।

ਇਨ੍ਹਾਂ ਹੀ ਉਪਰਾਲਿਆਂ ਦੇ ਤਹਿਤ 1 ਜੁਲਾਈ ਨੂੰ ਸਾਰੇ ਸਰਕਾਰੀ ਸਕੂਲਾਂ ਵਿੱਚ “ਆਓ ਸਕੂਲ ਚੱਲੀਏ” ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲਾਂ ਵਿੱਚ ਨਵੇਂ ਜੋਸ਼ ਅਤੇ ਉਤਸ਼ਾਹ ਨਾਲ ਵਿਦਿਆਰਥੀਆਂ ਦਾ ਸਵਾਗਤ ਕੀਤਾ ਜਾਵੇਗਾ।

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੰਜੀਵ ਸ਼ਰਮਾ ਅਤੇ ਡਿਪਟੀ ਡੀਈਓ ਡਾ. ਰਵਿੰਦਰਪਾਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਾਰੇ ਸਕੂਲਾਂ ਵਿੱਚ ਵਿਸ਼ੇਸ਼ ਕਾਰਜਕ੍ਰਮ ਆਯੋਜਿਤ ਕੀਤੇ ਜਾਣਗੇ।

ਬੱਚਿਆਂ ਦਾ ਸਕੂਲ ਵਿੱਚ ਜੋਸ਼ ਨਾਲ ਸਵਾਗਤ ਕਰਦੇ ਹੋਏ ਉਨ੍ਹਾਂ ਲਈ ਖੇਡਾਂ, ਮਨੋਰੰਜਕ ਅਤੇ ਗਿਆਨਵਾਨ ਗਤੀਵਿਧੀਆਂ ਰੱਖੀਆਂ ਜਾਣਗੀਆਂ, ਜੋ ਕਿ ਬੱਚਿਆਂ ਦੇ ਮਨੋਵਿਗਿਆਨਿਕ ਵਿਕਾਸ ਲਈ ਲਾਭਕਾਰੀ ਸਾਬਤ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਖਾਸ ਤੌਰ ‘ਤੇ ਕਸਰਤਾਂ, ਗੋਲ ਚੱਕਰ ਵਿੱਚ ਖੇਡਾਂ, ਵਿਦਿਆਰਥੀਆਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕੀਤੀਆਂ ਯਾਤਰਾਵਾਂ ਅਤੇ ਉਹਨਾਂ ਦੇ ਅਨੁਭਵਾਂ ਨੂੰ ਸਾਂਝਾ ਕਰਨ ਦੀ ਪ੍ਰੇਰਣਾ ਦਿੱਤੀ ਜਾਵੇਗੀ।

ਇਸ ਦੇ ਨਾਲ-ਨਾਲ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਜੀਵਨ ਦੇ ਉਦੇਸ਼ਾਂ ਉੱਤੇ ਵੀ ਖੁੱਲ੍ਹੀ ਚਰਚਾ ਕਰਵਾਈ ਜਾਵੇਗੀ, ਤਾਂ ਜੋ ਉਹ ਆਪਣੇ ਟੀਚਿਆਂ ਵੱਲ ਪੂਰੀ ਸੰਜੀਦਗੀ ਨਾਲ ਧਿਆਨ ਦੇ ਸਕਣ।

ਇਸ ਦੇ ਇਲਾਵਾ, 1 ਜੁਲਾਈ ਨੂੰ ਸਕੂਲਾਂ ਵਿੱਚ ਡਾਕਟਰ ਦਿਵਸ ਵੀ ਮਨਾਇਆ ਜਾਵੇਗਾ। ਇਸ ਮੌਕੇ ‘ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸਿਹਤ ਸੇਵਾਵਾਂ ਲਈ ਡਾਕਟਰਾਂ ਦਾ ਧੰਨਵਾਦ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਡਾਕਟਰਾਂ ਦੇ ਯੋਗਦਾਨ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਉਹਨਾਂ ਦਾ ਧੰਨਵਾਦ ਪ੍ਰਗਟ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ।

ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ਤੇ ਨਿਰੀਖਣ ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ ਜੋ ਸਕੂਲਾਂ ਦੀ ਤਿਆਰੀ, ਵਿਦਿਆਰਥੀਆਂ ਦੀ ਹਾਜ਼ਰੀ ਅਤੇ ਮੁਹਿੰਮ ਦੀ ਲਾਗੂ ਕਰਨ ਦੀ ਵਿਵਸਥਾ ਦੀ ਸਮੀਖਿਆ ਕਰਨਗੀਆਂ।

ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਨੇ ਸਾਰੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦਿਆਰਥੀਆਂ ਲਈ ਆਨੰਦਮਈ ਵਾਤਾਵਰਣ ਬਣਾਉਣ, ਪ੍ਰੇਰਕ ਚਰਚਾਵਾਂ ਅਤੇ ਸਵਾਗਤੀ ਕਾਰਜਕ੍ਰਮ ਰਾਹੀਂ ਸਕੂਲ ਦੇ ਪਹਿਲੇ ਦਿਨ ਨੂੰ ਯਾਦਗਾਰ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ।

ਇਹ ਮੁਹਿੰਮ ਨਾ ਸਿਰਫ਼ ਵਿਦਿਆਰਥੀਆਂ ਨੂੰ ਸਕੂਲ ਵੱਲ ਵਾਪਸ ਖਿੱਚਣ ਦਾ ਉਦੇਸ਼ ਰੱਖਦੀ ਹੈ, ਬਲਕਿ ਉਨ੍ਹਾਂ ਵਿੱਚ ਇੱਕ ਨਵਾਂ ਉਤਸ਼ਾਹ, ਨਵੀਂ ਲਗਨ ਅਤੇ ਸਿੱਖਣ ਪ੍ਰਤੀ ਰੁਚੀ ਜਗਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ‘ਆਓ ਸਕੂਲ ਚੱਲੀਏ’ ਜਿਵੇਂ ਉਪਰਾਲੇ ਸਕੂਲੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਣਗੇ।

 

Leave a Reply

Your email address will not be published. Required fields are marked *