ਪੰਜਾਬ ‘ਚ ਹੜ੍ਹਾਂ ਦਾ ਖ਼ਤਰਾ? ਘੱਗਰ ਦਰਿਆ ‘ਚ ਵਧਿਆ ਪਾਣੀ ਦਾ ਪੱਧਰ!
Punjab News: ਪੰਜਾਬ ਸਮੇਤ ਉੱਤਰ ਭਾਰਤ ਵਿੱਚ ਇਸ ਵੇਲੇ ਭਾਰੀ ਬਰਸਾਤ ਪੈ ਰਹੀ ਹੈ। ਭਾਰੀ ਬਰਸਾਤ ਦੇ ਕਾਰਨ ਨਦੀਆਂ ਨਾਲਿਆਂ ਅਤੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜਿਆਦਾ ਵੱਧ ਗਿਆ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਬੀਤੇ ਕੱਲ੍ਹ ਘੱਗਰ ਦਰਿਆ ਵਿੱਚ ਅਚਾਨਕ ਪਾਣੀ ਦਾ ਪੱਧਰ ਕਾਫੀ ਵਧ ਗਿਆ। ਦਰਿਆ ਕਿਨਾਰੇ ਵਸੇ ਪਿੰਡ ਮਨੌਲੀ ਸੂਰਤ ਦੇ ਕਿਸਾਨਾਂ ਵੱਲੋਂ ਦਰਿਆ ਦੇ ਬੰਨ੍ਹ ਤੋਂ ਅੰਦਰ ਪਈਆਂ ਜ਼ਮੀਨਾਂ ਵਿਚ ਬੀਜੇ ਹੋਏ ਹਰੇ ਚਾਰੇ ਤੇ ਹੋਰ ਫਸਲਾਂ ਵਿੱਚ ਵੀ ਪਾਣੀ ਭਰ ਗਿਆ।
ਉਧਰ ਦੂਜੇ ਪਾਸੇ ਭਾਰੀ ਬਾਰਸ਼ ਕਾਰਨ ਸ਼ਾਹਪੁਰਕੰਢੀ ਤੋਂ ਰਣਜੀਤ ਸਾਗਰ ਡੈਮ ਨੂੰ ਜਾਣ ਵਾਲੀ ਸੜਕ ’ਤੇ ਕੇਰੂ ਪਹਾੜ ਦਾ ਮਲਬਾ ਡਿੱਗਣ ਕਾਰਨ ਆਵਾਜਾਈ ਠੱਪ ਹੋ ਗਈ।
ਮੁਲਾਜ਼ਮਾਂ ਨੂੰ ਡਿਊਟੀ ਜਾਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਪਿੰਡਾਂ ਵਿੱਚੋਂ ਘੁੰਮਦੇ ਹੋਏ ਡੈਮ ’ਤੇ ਪੁੱਜੇ।
ਸਿੰਜਾਈ ਵਿਭਾਗ ਦੇ ਅਮਲੇ ਨੇ ਘੱਗਰ ਵਿੱਚ ਪਾਣੀ ਵਧਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਸਵੇਰੇ 6 ਵਜੇ ਘੱਗਰ ਦਰਿਆ ਵਿੱਚ ਪਾਣੀ ਦਾ ਵਹਿਣ ਸਾਡੇ ਤਿੰਨ ਫੁੱਟ ਉੱਚਾ ਸੀ ਜੋ ਕਿ 7242 ਕਿਊਸਕ ਬਣਦਾ ਹੈ।
ਇਸ ਮਗਰੋਂ ਕੱਲ੍ਹ ਸਵੇਰ 7 ਵਜੇ ਵਧ ਕੇ ਛੇ ਫੁੱਟ ਨੂੰ ਪਹੁੰਚ ਗਿਆ ਜੋ ਕਿ 15764 ਕਿਊਸਕ ਬਣਦਾ ਹੈ। ਉਨ੍ਹਾਂ ਦੱਸਿਆ ਕਿ 8 ਵਜੇ ਪਾਣੀ ਦਾ ਪੱਧਰ ਹੋਰ ਵੱਧ ਕੇ ਸਾਢੇ ਫੁੱਟ ਨੂੰ ਪਹੁੰਚ ਗਿਆ।
ਇਸੇ ਸਮਰੱਥਾ ਵਿੱਚ ਇਹ ਪਾਣੀ ਲਗਾਤਾਰ 11 ਵਜੇ ਤੱਕ ਵਹਿੰਦਾ ਰਿਹਾ। ਇਸ ਤੋਂ ਬਾਅਦ ਘੱਗਰ ਵਿੱਚ ਪਾਣੀ ਘਟਣਾ ਸ਼ੁਰੂ ਹੋ ਗਿਆ ਅਤੇ 12 ਵਜੇ ਪਾਣੀ ਦਾ ਪੱਧਰ ਘੱਟ ਕੇ ਤਿੰਨ ਫੁੱਟ ਰਹਿ ਗਿਆ ਸੀ, ਜੋ ਕਿ 6384 ਕਿਊਸਕ ਬਣਦਾ ਹੈ।
ਘੱਗਰ ਵਿੱਚ ਪਾਣੀ ਦੇ ਪੱਧਰ ਦਾ ਵਧਣਾ ਨੀਵੇਂ ਖ਼ੇਤਰਾਂ ਵਿਚ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ।