Punjab News: ਪੰਜਾਬ ਸੱਚੀ ਬਦਲ ਰਿਹੈ! ਸਰਕਾਰੀ ਸਕੂਲ ‘ਚ ਪਸ਼ੂਆਂ ਦੀ ਲੱਗੀ ਕਲਾਸ, ਅਧਿਆਪਕ ਹੈਰਾਨ (ਵੇਖੋ ਵੀਡੀਓ)
Punjab News: ਪੰਜਾਬ ਸੱਚੀ ਮੁੱਚੀ ਬਦਲ ਰਿਹਾ ਹੈ! ਇਹ ਸਵਾਲ ਹੈ ਜਾਂ ਫਿਰ ਜਵਾਬ..! ਪਾਠਕ ਸ਼ਾਇਦ ਇਹ ਸਮਝਣਗੇ ਕਿ ਇਹ ਜਵਾਬ ਹੈ, ਪਰ ਅਸਲ ਦੇ ਵਿੱਚ ਇਹ ਸਵਾਲ ਹੈ।
ਕਿਉਂਕਿ ਬਦਲਾਅ ਦਾ ਨਾਅਰਾ ਲਾ ਕੇ ਪੰਜਾਬ ਦੀ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਘਿਰ ਚੁੱਕੀ ਹੈ, ਉੱਥੇ ਹੀ ਸਿੱਖਿਆ ਕ੍ਰਾਂਤੀ ਦੀਆਂ ਡੀਂਗਾਂ ਮਾਰਨ ਵਾਲੀ ਇਹ ਸਰਕਾਰ ਦੇ ਵਿੱਚ ਸਕੂਲਾਂ ਦਾ ਬੁਰਾ ਹਾਲ ਹੈ।
ਮਾਨਸਾ ਦੇ ਪਿੰਡ ਰੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਅਧਿਆਪਕਾਂ ਸਮੇਤ ਉਸ ਸਾਰੇ ਵਰਗ ਨੂੰ ਹੈਰਾਨ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ, ਜੋ ਪੰਜਾਬ ਪੱਖੀ ਹੈ ਅਤੇ ਪੰਜਾਬ ਦੀ ਚਿੰਤਾ ਕਰਦਾ ਹੈ। ਦਰਅਸਲ, ਐਤਵਾਰ ਵਾਲੇ ਦਿਨ ਜਿੱਥੇ ਸਕੂਲ ਬੰਦ ਸੀ, ਉੱਥੇ ਹੀ ਸਕੂਲ ਦੇ ਮੁੱਖ ਗੇਟ ਦਾ ਤਾਲਾ ਤੋੜ ਪਸ਼ੂਆਂ ਨੇ ਕਲਾਸ ਲਗਾਈ।
This is the situation of schools in Punjab where cows & buffaloes rule the roost !
This is a short video of V. Rarr Govt School Mansa which exposes the so called failed #SikhyaKranti of @BhagwantMann & @harjotbains ! @INCIndia @INCPunjab pic.twitter.com/UOt23G9PvW
— Sukhpal Singh Khaira (@SukhpalKhaira) July 6, 2025
ਟ੍ਰਿਬਿਊਨ ਵਿੱਚ ਛਪੀ ਖ਼ਬਰ ਅਨੁਸਾਰ, ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਇਸ ਸਾਰੇ ਮਸਲੇ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਇਹ ਹਾਲ ਹੈ, ਜਿੱਥੇ ਮੱਝਾਂ, ਗਾਵਾਂ ਰਾਜ ਕਰਦੀਆਂ ਹਨ। ਸਰਕਾਰੀ ਪ੍ਰਾਇਮਰੀ ਸਕੂਲ ਰੜ੍ਹ ਦੀ ਇਹ ਵੀਡੀਓ ਭਗਵੰਤ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਪਰਦਾਫਾਸ਼ ਕਰਦੀ ਹੈ।
ਪਿੰਡ ਰੜ੍ਹ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਰੜ੍ਹ ਨੇ ਕਿਹਾ ਕਿ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਹਾਲ ਲਾਵਾਰਿਸਾਂ ਵਾਲਾ ਹੈ। ਸਕੂਲ ਨੂੰ ਛੁੱਟੀ ਹੋਣ ਮਗਰੋਂ ਇਸ ਦਾ ਮੁੱਖ ਗੇਟ ਖੁੱਲ੍ਹਾ ਹੀ ਰਹਿੰਦਾ ਹੈ ਜਿਵੇਂ ਇਸ ਦਾ ਕੋਈ ਰਖਵਾਲਾ ਨਾ ਹੋਵੇ। ਸਕੂਲ ’ਚ ਮੱਝਾਂ, ਬੱਕਰੀਆਂ ਦੀ ਵੀ ਕਲਾਸ ਲੱਗਦੀ ਹੈ ਅਤੇ ਉਹ ਸਕੂਲ ਮੈਦਾਨ ’ਚ ਖੁੱਲ੍ਹੇ ਵਿੱਚ ਘਾਹ ਚਰਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਐਤਵਾਰ ਨੂੰ ਸਕੂਲ ਦਾ ਗੇਟ ਖੁੱਲ੍ਹਾ ਸੀ, ਪੂਰਾ ਦਿਨ ਪਸ਼ੂ ਉੱਥੇ ਚਰਦੇ ਰਹੇ। ਇਸ ਮਾਮਲੇ ਤੇ ਸਕੂਲ ਮੁਖੀ ਦਾ ਵੀ ਬਿਆਨ ਸਾਹਮਣੇ ਆਇਆ ਹੈ।
ਸਕੂਲ ਦੀ ਮੁੱਖ ਅਧਿਆਪਕ ਭੋਲੀ ਕੌਰ ਨੇ ਕਿਹਾ ਕਿ ਜੇਕਰ ਉਹ ਸਕੂਲ ਦੇ ਗੇਟ ਨੂੰ ਜਿੰਦਰਾ ਲਾਉਂਦੇ ਹਨ ਤਾਂ ਉਹ ਤੋੜ ਦਿੱਤਾ ਜਾਂਦਾ ਹੈ। ਅਜਿਹਾ ਕਈ ਵਾਰ ਹੋ ਚੁੱਕਾ ਹੈ, ਹੁਣ ਉਨ੍ਹਾਂ ਸਕੂਲ ਗੇਟ ਨੂੰ ਜਿੰਦਰਾ ਲਾਉਣਾ ਹੀ ਛੱਡ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਕੂਲ ’ਚ ਕਈ ਵਾਰ ਚੋਰੀ ਵੀ ਹੋ ਚੁੱਕੀ ਹੈ ਅਤੇ ਉਨ੍ਹਾਂ ਵੱਲੋਂ ਇਸ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।