ਹਜ਼ਾਰਾਂ ਅਧਿਆਪਕ ਪ੍ਰੇਸ਼ਾਨ! ਤਰੱਕੀਆਂ ਅਤੇ ਬਦਲੀਆਂ ਸਬੰਧੀ ਸਿੱਖਿਆ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ‘ਤੇ DTF ਨੇ ਚੁੱਕੇ ਸਵਾਲ
ਬਦਲੀਆਂ ਅਤੇ ਤਰੱਕੀਆਂ ਲਈ ਊਠ ਦੇ ਬੁੱਲ੍ਹ ਡਿੱਗਣ ਵਾਂਗ ਉਡੀਕ ਰਹੇ ਹਨ ਅਧਿਆਪਕ: ਡੀ ਟੀ ਐੱਫ
ਪੰਜਾਬ ਨੈੱਟਵਰਕ, ਚੰਡੀਗੜ੍ਹ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸਿੱਖਿਆ ਵਿਭਾਗ ਦੁਆਰਾ ਤਰੱਕੀਆਂ ਅਤੇ ਬਦਲੀਆਂ ਦੇ ਸੰਬੰਧ ਵਿੱਚ ਕੋਈ ਕਾਰਵਾਈ ਨਾ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ‘ਸਿੱਖਿਆ ਕ੍ਰਾਂਤੀ’ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਨੇ ਸਿੱਖਿਆ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਹਿਤਾਂ ਲਈ ਕੀਤੇ ਜਾਣ ਵਾਲੇ ਮੁੱਖ ਕੰਮਾਂ ਵਿੱਚੋਂ ਤਰੱਕੀਆਂ ਅਤੇ ਬਦਲੀਆਂ ਬਹੁਤ ਅਹਿਮ ਹਨ। ਪਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਨਾ ਤਾਂ ਅਧਿਆਪਕਾਂ ਨੂੰ ਤਰੱਕੀਆਂ ਨਸੀਬ ਹੋਈਆਂ ਹਨ ਅਤੇ ਨਾ ਹੀ ਬਦਲੀਆਂ ਨੂੰ ਢੰਗ ਸਿਰ ਨਾਲ ਲਾਗੂ ਕੀਤਾ ਗਿਆ ਹੈ।
ਡੀ ਟੀ ਐਫ ਦੇ ਆਗੂਆਂ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਦੱਸਿਆ ਕਿ ਪਿਛਲੇ ਮਹੀਨੇ 14 ਜੁਲਾਈ ਨੂੰ ਵਿਭਾਗ ਵੱਲੋਂ ਮਾਸਟਰ ਕਾਡਰ ਤੋਂ ਲੈਕਚਰਾਰ ਕਾਰਡਰ ਵਜੋਂ ਤਰੱਕੀਆਂ ਦੀ ਇੱਕ ਸੂਚੀ ਜਾਰੀ ਕੀਤੀ ਗਈ ਸੀ ਜਿਸ ਨੂੰ ਬਾਅਦ ਵਿੱਚ ਤਕਨੀਕੀ ਕਾਰਨ ਦਾ ਬਹਾਨਾ ਬਣਾ ਕੇ ਰੱਦ ਕੀਤਾ ਗਿਆ, ਉਨਾਂ ਹੁਕਮਾਂ ਵਿੱਚ ਤਰੱਕੀ ਹਾਸਲ ਕਰਕੇ ਲੈਕਚਰਾਰ ਬਣੇ ਅਧਿਆਪਕਾਂ ਵਿੱਚੋਂ ਕੁਝ ਅਧਿਆਪਕ ਮਾਸਟਰ ਵਜੋਂ ਹੀ 31 ਜੁਲਾਈ ਨੂੰ ਰਿਟਾਇਰ ਹੋ ਗਏ ਹਨ ਅਤੇ ਕੁਝ ਹੋਰ 31 ਅਗਸਤ ਨੂੰ ਮਾਸਟਰ ਕਾਡਰ ਵਿੱਚ ਹੀ ਰਿਟਾਇਰ ਹੋਣ ਜਾ ਰਹੇ ਹਨ।
ਪਰ ਵਿਭਾਗ ਤੋਂ ਉਹ ਤਕਨੀਕੀ ਕਾਰਨ 14 ਜੁਲਾਈ ਤੋਂ ਅੱਜ ਤੱਕ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਕਾਮ ਰਿਹਾ ਹੈ। ਇਸੇ ਤਰ੍ਹਾਂ ਅਧਿਆਪਕਾਂ ਦੀਆਂ ਬਦਲੀਆਂ, ਜੋ ਕਿ ਬਦਲੀ ਨੀਤੀ ਅਨੁਸਾਰ 31 ਮਾਰਚ 2024 ਤੱਕ ਲਾਗੂ ਹੋ ਜਾਣੀਆਂ ਚਾਹੀਦੀਆਂ ਸਨ, ਹੁਣ ਜਦੋਂ ਅਗਸਤ ਮਹੀਨਾ ਲਗਭਗ ਖਤਮ ਹੋਣ ਦੇ ਕਿਨਾਰੇ ਹੈ ਜਦਕਿ ਬਦਲੀਆਂ ਦੀ ਪ੍ਰਕਿਰਿਆ ਅਧੂਰੀ ਪਈ ਹੈ। ਜਦਕਿ ਅਧਿਆਪਕ ਅੱਜ ਵੀ ਬਦਲੀਆਂ ਅਤੇ ਤਰੱਕੀਆਂ ਲਈ ਸਿੱਖਿਆ ਵਿਭਾਗ ਦੇ ਵੱਖ ਵੱਖ ਪਲੇਟਫਾਰਮਾਂ ਵੱਲ ਬੜੀ ਤਾਂਘ ਨਾਲ ਵੇਖ ਰਹੇ ਹਨ।
ਡੀ ਟੀ ਐੱਫ ਦੇ ਆਗੂਆਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਤੋਂ ਮੰਗੀ ਜਾਣ ਵਾਲੀ ਡਾਕ ‘ਤੁਰੰਤ ਭੇਜੀ ਜਾਵੇ’ ਜਾਂ ‘ਲਾਜ਼ਮੀ ਅਤੇ ਮਿਤੀ ਬੱਧ’ ਜਾਂ ‘ਅਤਿ ਜ਼ਰੂਰੀ’ ਦੇ ਹੁਕਮਾਂ ਨਾਲ ਮੰਗੀ ਜਾਂਦੀ ਹੈ ਜਦਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੇ ਹਿੱਤਾਂ ਲਈ ਕੀਤਾ ਜਾਣ ਵਾਲਾ ਕੋਈ ਵੀ ਕੰਮ ‘ਲਾਜ਼ਮੀ’, ‘ਅਤਿ ਜ਼ਰੂਰੀ’ ਮਿਤੀਬੱਧ’ ਅਤੇ ‘ਤੁਰੰਤ’ ਨਹੀਂ ਹੁੰਦਾ, ਸਗੋਂ ਅਧਿਆਪਕ ਹਿੱਤਾਂ ਲਈ ਹੋਣ ਵਾਲੇ ਕੰਮਾਂ ਦੀਆਂ ਫਾਈਲਾਂ ਸਾਲਾਂ ਬੱਧੀ ਧੂੜ ਮਿੱਟੀ ਵਿੱਚ ਰੁਲਦੀਆਂ ਰਹਿੰਦੀਆਂ ਹਨ।
ਆਗੂਆਂ ਨੇ ਮੰਗ ਕੀਤੀ ਕਿ ਵਿਭਾਗ ਵੀ ਅਧਿਆਪਕਾਂ ਦੇ ਬੁਨਿਆਦੀ ਕੰਮ ਕਰਨ ਵਿੱਚ ਸੁਹਿਰਦਤਾ ਦਿਖਾਉਂਦੇ ਹੋਏ ਉਨ੍ਹਾਂ ਨੂੰ ਬਦਲੀਆਂ ਅਤੇ ਤਰੱਕੀਆਂ ਦੇ ਬਣਦੇ ਮੌਕੇ ਦੇਵੇ ਤਾਂ ਜੋ ਹੱਕਦਾਰ ਅਧਿਆਪਕਾਂ ਨੂੰ ਸੇਵਾ ਮੁਕਤੀ ਤੋਂ ਪਹਿਲਾਂ ਤਰੱਕੀ ਅਤੇ ਦੁਰੇਡੇ ਖੇਤਰਾਂ ਵਿੱਚ ਕੰਮ ਕਰਦੇ ਅਧਿਆਪਕ ਘਰਾਂ ਦੇ ਨੇੜੇ ਦੇ ਖੇਤਰ ਵਿੱਚ ਕੰਮ ਕਰਨ ਦਾ ਮੌਕਾ ਮਿਲ ਸਕੇ।