ਡੀ.ਐਮ.ਐਫ. ਵੱਲੋਂ ਦੇਸ਼ ਵਿਆਪੀ ਹੜਤਾਲ ਮੌਕੇ DC ਦਫ਼ਤਰ ਅੰਮ੍ਰਿਤਸਰ ਵਿਖੇ ਵਿਸ਼ਾਲ ਰੈਲੀ
ਅੰਮ੍ਰਿਤਸਰ
ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਅੱਜ ਦੀ ਦੇਸ਼ ਵਿਆਪੀ ਹੜਤਾਲ ਮੌਕੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਵਰ੍ਹਦੇ ਮੀਂਹ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਾਲ ਰੈਲੀ ਕੀਤੀ ਗਈ।
ਜਿਸ ਨੂੰ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ ਛੱਜਲਵੱਡੀ, ਅਸ਼ਵਨੀ ਅਵਸਥੀ, ਪਰਮਜੀਤ ਕੌਰ ਮਾਨ, ਮਮਤਾ ਸ਼ਰਮਾਂ, ਗੁਰਬਿੰਦਰ ਸਿੰਘ ਖਹਿਰਾ, ਸੁਖਜਿੰਦਰ ਸਿੰਘ ਰਈਆ, ਕੰਵਲਜੀਤ ਕੌਰ, ਗੁਰਪ੍ਰੀਤ ਸਿੰਘ ਨਾਭਾ ਅਤੇ ਦਵਿੰਦਰ ਸਿੰਘ ਅਠਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਮਜ਼ਦੂਰ ਪੱਖੀ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਲਿਆਉਣ, ਮਾਣ ਭੱਤਾ ਵਰਕਰਾਂ ‘ਤੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਘੱਟੋ ਘੱਟ ਉਜ਼ਰਤਾਂ ਲਾਗੂ ਨਾ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨ, ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨ ਅਤੇ ਕੌਮੀ ਸਿੱਖਿਆ ਨੀਤੀ 2020 ਰਾਹੀਂ ਤਰਕਸੰਗਤ ਸਿੱਖਿਆ ਦਾ ਖਾਤਮਾ ਕਰਨ ਨਾਲ ਇਹ ਸਾਬਿਤ ਹੋ ਚੁੱਕਾ ਹੈ ਕਿ ਇਹ ਦੋਵੇਂ ਸਰਕਾਰਾਂ ਨੰਗੇ ਚਿੱਟੇ ਰੂਪ ਵਿੱਚ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀਆਂ ਹਨ।
ਇਸ ਮੌਕੇ ਹਰਜਿੰਦਰ ਕੌਰ ਗਹਿਰੀ, ਰਣਜੀਤ ਦੁਲਾਰੀ, ਬਲਜਿੰਦਰ ਸਿੰਘ ਮਿੰਟੂ, ਵਿਪਨ ਰਿਖੀ, ਰਾਜੇਸ਼ ਪ੍ਰਾਸ਼ਰ, ਕੰਵਰਜੀਤ ਸਿੰਘ ਨੰਗਲ, ਨਵਤੇਜ ਸਿੰਘ ਜੱਬੋਵਾਲ, ਮਨਪ੍ਰੀਤ ਸਿੰਘ ਰਈਆ, ਮਨਜੀਤ ਕੌਰ ਢਪੱਈਆਂ, ਕੁਲਦੀਪ ਸਿੰਘ ਵਰਨਾਲੀ, ਸੁੱਖਾ ਸਿੰਘ ਲੋਹਗੜ੍ਹ, ਕਰਮਜੀਤ ਕੌਰ ਗਦਲੀ, ਹਰਪ੍ਰੀਤ ਸਿੰਘ ਗੱਗੜਭਾਣਾ, ਗੁਰਤੇਜ ਸਿੰਘ ਛਾਪਾ, ਕਵਲਜੀਤ ਕੌਰ ਲਸ਼ਕਰੀ ਨੰਗਲ, ਨਰੇਸ਼ ਕੁਮਾਰ, ਖੁਸ਼ਬੂ ਗੋਪਾਲ ਨਗਰ, ਬਿਕਰਮ ਸਿੰਘ ਅਜਨਾਲਾ, ਬਿਕਰਮਜੀਤ ਭੀਲੋਵਾਲ ਅਤੇ ਪਰਦੀਪ ਸਿੰਘ ਝੰਜੋਟੀ ਨੇ ਕਿਹਾ ਕਿ ਆਮ ਆਦਮੀ ਸਰਕਾਰ ਮਾਣਭੱਤਾ ਵਰਕਰਾਂ ਦਾ ਭੱਤਾ ਦੁੱਗਣਾ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀਆਂ ਦਿਤੀਆਂ ਆਪਣੀਆਂ ਹੀ ਗਰੰਟੀਆਂ ਤੋਂ ਮੁੱਕਰ ਗਈ ਹੈ ਅਤੇ ਮੁਲਾਜ਼ਮਾਂ ਦੇ ਰੋਕੇ ਗਏ ਪੇਂਡੂ ਅਤੇ ਬਾਰਡਰ ਏਰੀਆ ਭੱਤੇ, ਏ.ਸੀ.ਪੀ. ਸਕੀਮ ਨੂੰ ਬਹਾਲ ਕਰਨ, 17-07-2020 ਤੋਂ ਬਾਅਦ ਦੇ ਮੁਲਾਜ਼ਮਾਂ ‘ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ ਅਤੇ ਮਹਿੰਗਾਈ ਭੱਤੇ ਦੀਆਂ ਰੋਕੀਆਂ ਕਿਸ਼ਤਾਂ ਤੇ ਬਕਾਏ ਜਾਰੀ ਕਰਨ ਤੋਂ ਭੱਜ ਚੁੱਕੀ ਹੈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿਹਾ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਪੰਜਾਬ ਦੇ ਮੁਲਾਜ਼ਮਾਂ ਨੂੰ ਜੂਨ ਮਹੀਨੇ ਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ।