All Latest NewsNews FlashPunjab News

Punjab News: ਮੈਨੇਜਮੈਂਟ ਅਤੇ ਹੈਂਕੜਬਾਜ਼ ਅਧਿਕਾਰੀਆਂ ਦੇ ਨਾਂਅ ਸੰਦੇਸ਼- ਕ੍ਰਿਸ਼ਨ ਸਿੰਘ ਔਲਖ

 

Punjab News: ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਔਲਖ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਨੇ ਪ੍ਰੈੱਸ ਬਿਆਨ ਜਾਰੀ ਕਰਦਿਆ ਹੋਇਆ ਕਿਹਾ ਕਿ, ਅਸੀਂ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਅਤੇ ਕੋਆਰਡੀਨੇਸ਼ਨ ਕਮੇਟੀ ਆਫ ਪਾਵਰਕੌਮ ਐਂਡ ਟਰਾਂਸਕੋ ਆਊਟਸੋਰਸਡ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੈਨੇਜਮੈਂਟ ਅਤੇ ਉਸਦੇ ਕੁਝ ਹੈਂਕੜਬਾਜ਼ ਅਧਿਕਾਰੀਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਹੜਤਾਲ ਕਰਨਾ ਪੰਜਾਬ ਦੇ ਸਮੂਹ ਆਊਟਸੋਰਸਡ ਅਤੇ ਰੈਗੂਲਰ ਬਿਜਲੀ ਮੁਲਾਜ਼ਮਾਂ ਦਾ ਕੋਈ ਸ਼ੋਕ ਨਹੀਂ ਸਗੋਂ ਇਹ ਮਜਬੂਰੀ ਹੈ, ਜਿਹੜੀ ਕੇਂਦਰੀ ਅਤੇ ਰਾਜ ਸਰਕਾਰਾਂ ਵਲੋਂ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਅਧੀਨ ਉਨ੍ਹਾਂ ਦੇ ਆਪ ਪੈਦਾ ਕੀਤੇ ਆਰਥਿਕ ਸੰਕਟ ਦਾ ਬੋਝ ਭਾਰਤ ਦੇ ਮਿਹਨਤਕਸ਼ ਲੋਕਾਂ ਸਿਰ ਲੱਦ ਕੇ ਉਨ੍ਹਾਂ ਨੂੰ ਸੰਕਟ ਮੁਕਤ ਕਰਨ ਦੀ ਲੋੜ ਵਿਚੋਂ ਵੱਖ ਵੱਖ ਸਰਕਾਰੀ ਵਿਭਾਗਾਂ ਨੂੰ ਉਨ੍ਹਾਂ ਹਵਾਲੇ ਕਰਕੇ ਮਿਹਨਤਕਸ਼ ਲੋਕਾਂ ਦੀ ਅੰਨ੍ਹੀ ਅਤੇ ਬੇਰਹਿਮ ਲੁੱਟ ਕਰਨ ਲਈ ਖੁੱਲ੍ਹ ਦਿਤੀ ਗਈ ਹੈ।

ਇਨ੍ਹਾਂ ਵਿਭਾਗਾਂ ਵਿਚ ਪਹਿਲਾਂ ਤਹਿ ਨਿਯਮ ਅਤੇ ਕਾਨੂੰਨ ਤਬਦੀਲ ਕਰਕੇ ਉਨ੍ਹਾਂ ਦੀ ਲੁੱਟ ਅਤੇ ਮੁਨਾਫ਼ੇ ਦੀ ਲੋੜ ਅਨੁਸਾਰ ਤਹਿ ਕੀਤੇ ਗਏ ਹਨ। ਇਸ ਤਰ੍ਹਾਂ ਜਿਥੇ ਸਾਡੇ ਖੂਨ ਪਸੀਨੇ ਨਾਲ ਉਸਾਰੀ ਇਹ ਦੌਲਤ ਦੇਸ਼ੀ ਵਿਦੇਸ਼ੀ ਲੁਟੇਰਿਆਂ ਹਵਾਲੇ ਕਰਕੇ ਦੇਸ਼ ਅਤੇ ਦੇਸ਼ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਗਿਆ ਉਥੇ ਉਨ੍ਹਾਂ ਦੇ ਹਿੱਤ ਪੂਰਨ ਲਈ ਸਾਡੇ ਪੱਕੇ ਰੋਜ਼ਗਾਰ ਦਾ ਹੱਕ ਖੋਹ ਲਿਆ, ਉਥੇ ਆਪ ਹੀ ਸਰਕਾਰ ਵਲੋਂ ਤਹਿ ਗੁਜ਼ਾਰੇਯੋਗ ਤਨਖਾਹ ਦਾ ਹੱਕ ਖੋਹ ਲਿਆ ਗਿਆ। ਕੰਮ ਭਾਰ ਮੁਤਾਬਿਕ ਅਸਾਮੀਆਂ ਦੀ ਰਚਨਾ ਕਰਨ ਦੀ ਥਾਂ ਮੁਨਾਫ਼ੇ ਦੀ ਲੋੜ ਅਨੁਸਾਰ ਭਰਤੀ ਦਾ ਨਿਯਮ ਲਾਗੂ ਕਰਕੇ ਬੇਰੁਜ਼ਗਾਰਾਂ ਦੇ ਰੁਜ਼ਗਾਰ ਦਾ ਹੱਕ ਖੋਹ ਕੇ ਕੰਮ ਤੇ ਤੈਨਾਤ ਕਾਮਿਆਂ ਉਪਰ ਹੱਦ ਤੋਂ ਵੱਧ ਕੰਮ ਦਾ ਬੋਝ ਲੱਦਣ ਦਾ ਅਧਿਕਾਰ ਵੀ ਕਾਰਪੋਰੇਟ ਘਰਾਣਿਆਂ ਨੂੰ ਸਮੇਂ ਦੀਆਂ ਸਰਕਾਰਾਂ ਵਲੋਂ ਦਿੱਤਾ ਗਿਆ। ਪੈਨਸ਼ਨ ਦਾ ਹੱਕ ਖੋਹ ਕੇ ਉਨ੍ਹਾਂ ਦੇ ਮੁਨਾਫ਼ੇ ਵਿੱਚ ਜੋੜ ਦਿੱਤਾ ਗਿਆ। ਸਾਡੇ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦਾ ਹੱਕ ਜੋ ਅਸੀਂ ਖੂਨ ਦੇ ਕੇ ਹਾਸਲ ਕੀਤਾ ਸੀ ਉਹ ਵੀ ਸਾਡੇ ਕੋਲੋਂ ਖੋਹ ਕੇ ਸਾਨੂੰ ਨਿਹੱਥੇ ਬਣਾ ਕੇ ਸਰਕਾਰਾਂ ਅਤੇ ਮੈਨੇਜਮੈਂਟ ਨੇ ਸਾਨੂੰ ਲੁਟੇਰਿਆਂ ਅੱਗੇ ਪਰੋਸ ਦਿੱਤਾ ਹੈ।

ਅਸੀਂ ਪੰਜਾਬ ਸਰਕਾਰ, ਕਾਰਪੋਰੇਸ਼ਨ ਦੀ ਮੈਨੇਜਮੈਂਟ ਅਤੇ ਹੈਂਕੜਬਾਜ਼ ਅਧਿਕਾਰੀਆਂ ਨੂੰ ਇਹ ਸਪੱਸ਼ਟ ਕਰਨਾ ਚਾਹਾਂਗੇ ਕਿ ਸਾਡੀ ਇਹ ਹੜਤਾਲ ਨਾ ਸਿਰਫ ਤਨਖਾਹ ਵਾਧੇ ਤੱਕ ਸੀਮਤ ਹੈ ਸਗੋਂ ਇਹ ਸਾਡੇ ਖੂਨ ਪਸੀਨੇ ਦੀ ਕਮਾਈ ਨਾਲ ਉਸਾਰੇ ਬਿਜਲੀ ਵਿਭਾਗ ਦੀ ਰਾਖੀ ਲਈ ਦੇਸ਼ ਭਗਤੀ ਦੀ ਲੜਾਈ ਹੈ। ਇਹ ਦੇਸ਼ ਦੇ ਕੁੱਲ ਮਿਹਨਤਕਸ਼ ਲੋਕਾਂ ਦੇ ਖਤਰੇ ਮੂੰਹ ਆਏ ਹਿਤਾਂ ਨੂੰ ਬਚਾਉਣ ਦੀ ਲੜਾਈ ਹੈ। ਇਹ ਸਾਡਾ ਅਧਿਕਾਰ ਹੈ, ਇਹ ਵੀ ਅਸੀਂ ਸਮੇਂ ਦੀ ਸਰਕਾਰ ਜਾਂ ਬੋਰਡ ਅਧਿਕਾਰੀਆਂ ਕੋਲੋਂ ਦਾਨ ‘ਚ ਨਹੀਂ ਸਗੋਂ ਸੰਘਰਸ਼ ਦੇ ਮੈਦਾਨ ਵਿੱਚ ਖੂਨ ਦੇ ਕੇ ਹਾਸਲ ਕੀਤਾ ਹੈ। ਪਰ ਕੁਝ ਸਰਕਾਰ ਦੇ ਚਾਪਲੂਸ ਅਧਿਕਾਰੀ ਹੈਂਕੜ ਤੇ ਗਰੂਰ ਨਾਲ ਭਰੇ ਹੋਏ ਇਸ ਹੱਕੀ ਹੜਤਾਲ ਨੂੰ ਫੇਲ੍ਹ ਕਰਵਾਉਣ ਲਈ ਇਮਾਨਦਾਰ ਅਤੇ ਇਨਸਾਫ਼ ਪਸੰਦ ਕਾਮਿਆਂ ਨੂੰ ਧਮਕਾ ਕੇ ਹੜਤਾਲ ਨੂੰ ਫੇਲ੍ਹ ਕਰਨ ਦੇ ਭਰਮ ਚ ਗ੍ਰਸਤ ਹਨ। ਉਹ ਅਜਿਹਾ ਸਰਕਾਰ ਦਾ ਥਾਪੜਾ ਲੈਣ ਦੀ ਲੋੜ ਵਿਚੋਂ ਕਰ ਰਹੇ ਹਨ।

ਅਸੀਂ ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਕੋਆਰਡੀਨੇਸ਼ਨ ਕਮੇਟੀ ਆਫ ਪਾਵਰਕੌਮ ਆਊਟਸੋਰਸਡ ਮੁਲਾਜ਼ਮ ਜਥੇਬੰਦੀਆਂ ਦੇ ਪਲੇਟਫਾਰਮ ਤੋਂ ਉਨ੍ਹਾਂ ਨੂੰ ਚੇਤਾਵਨੀ ਦੇਣੀ ਚਾਹਾਂਗੇ ਕਿ ਅਗਰ ਤੁਸੀਂ ਬਿਜਲੀ ਵਿਭਾਗ ਵਿੱਚ ਕਿਸੇ ਕੁਰਸੀ ਤੇ ਬਿਰਾਜਮਾਨ ਹੋ ਤਾਂ ਇਹ ਸਰਕਾਰ ਦੀ ਮੇਹਰ ਨਹੀਂ ਸਾਡੇ ਨਿਜੀਕਰਨ ਵਿਰੁੱਧ ਸੰਘਰਸ਼ ਦੀ ਦੇਣ ਹੈ। ਸਾਡਾ ਇਹ ਸੰਘਰਸ਼ ਸਿਰਫ਼ ਦੇਸ਼ ਦੀਆਂ ਸਰਕਾਰਾਂ ਤੱਕ ਸੀਮਤ ਨਹੀਂ ਸਗੋਂ ਸੰਸਾਰ ਸਾਮਰਾਜੀ ਪ੍ਰਬੰਧ ਵਿਰੁੱਧ ਹੈ। ਇਸ ਲਈ ਆਪ ਦੀਆਂ ਗਿੱਦੜ ਧਮਕੀਆਂ ਦਾ ਸਾਡੇ ਤੇ ਕੋਈ ਅਸਰ ਨਹੀਂ ਹੈ। ਅਸੀਂ ਆਪ ਜੀ ਨੂੰ ਕਹਿਣਾ ਚਾਹਾਂਗੇ ਕਿ ਇਨ੍ਹਾਂ ਨੂੰ ਬੰਦ ਕੀਤਾ ਜਾਵੇ। ਅਗਰ ਇਸ ਅਪੀਲ ਦੇ ਬਾਵਜੂਦ ਵੀ ਇਸ ਹੰਕਾਰ ਭਰੇ ਵਿਹਾਰ ਨੂੰ ਜਾਰੀ ਰੱਖਿਆ ਗਿਆ ਤਾਂ ਬਿਜਲੀ ਮੁਲਾਜ਼ਮ ਆਪ ਦੇ ਦਫ਼ਤਰ ਤੱਕ ਆ ਕੇ ਤੁਹਾਡੇ ਹੰਕਾਰੀ ਵਤੀਰੇ ਵਿਰੁੱਧ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਜਿਸ ਲਈ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ। 

 

 

Leave a Reply

Your email address will not be published. Required fields are marked *