ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਖਜ਼ਾਨਾ ਅਫ਼ਸਰ ਨੂੰ ਦਿੱਤਾ ਧਰਨੇ ਦਾ ਨੋਟਿਸ
Punjab News: ਪੰਜਾਬ ਦੇ ਨਿਰੋਲ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਵਲੋਂ ਜ਼ਿਲ੍ਹਾ ਜਲੰਧਰ ਦੇ ਕਈ ਬਲਾਕਾਂ ਦੇ ਅਧਿਆਪਕਾਂ ਨੂੰ ਜੂਨ ਮਹੀਨੇ ਦੀ ਤਨਖ਼ਾਹ ਦੀ ਅਦਾਇਗੀ ਨਾ ਹੋਣ ਦੇ ਰੋਸ ਵਜੋਂ ਜਥੇਬੰਦੀ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤਰਸੇਮ ਲਾਲ ਅਤੇ ਜਨਰਲ ਸਕੱਤਰ ਰਿਸ਼ੀ ਕੁਮਾਰ ਦੀ ਅਗਵਾਈ ਵਿੱਚ ਧਰਨੇ ਦਾ ਨੋਟਿਸ ਦਿੱਤਾ ਗਿਆ। ਇਹ ਨੋਟਿਸ ਜਥੇਬੰਦੀ ਵਲੋ ਜ਼ਿਲ੍ਹਾ ਖਜ਼ਾਨਾ ਅਫ਼ਸਰ ਪ੍ਰਦੀਪ ਕੁਮਾਰ ਨੂੰ ਸੌਂਪਿਆ ਗਿਆ।
ਇਸ ਨੋਟਿਸ ਰਾਹੀਂ ਜਥੇਬੰਦੀ ਵਲੋਂ ਅਧਿਆਪਕਾਂ ਦੀਆਂ ਜੂਨ 2025 ਦੀਆਂ ਤਨਖ਼ਾਹਾਂ 10 ਜੁਲਾਈ ਤੱਕ ਜਾਰੀ ਨਾ ਹੋਣ ਤੇ 11 ਜੁਲਾਈ ਨੂੰ ਧਰਨੇ ਸਬੰਧੀ ਅਗਾਊ ਨੋਟਿਸ ਦਿੱਤਾ ਗਿਆ। ਜਥੇਬੰਦੀ ਦੇ ਹਾਜ਼ਰ ਸਾਰੇ ਆਗੂਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਿੱਤ ਵਿਭਾਗ ਪੰਜਾਬ ਵਲੋਂ ਹਰੇਕ ਮਹੀਨੇ ਅਧਿਆਪਕਾਂ ਦੀਆਂ ਤਨਖਾਹਾਂ ਦੀ ਅਦਾਇਗੀ ਤੇ ਮੌਖਿਕ ਹੁਕਮਾਂ ਅਨੁਸਾਰ ਰੋਕ ਲਗਾ ਦਿੱਤੀ ਜਾਂਦੀ ਹੈ।ਇਸ ਕਾਰਨ ਅਧਿਆਪਕਾਂ ਨੂੰ ਤਨਖ਼ਾਹਾਂ ਦੀ ਅਦਾਇਗੀ ਦੇਰੀ ਨਾਲ਼ ਹੁੰਦੀ ਹੈ।
ਅਧਿਆਪਕ ਵਰਗ ਨੂੰ ਇਸ ਕਾਰਨ ਅਨੇਕਾਂ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ,ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ, ਵਿੱਤ ਸਕੱਤਰ ਅਮਨਦੀਪ ਸਿੰਘ ਭੰਗੂ, ਸੀਨੀਅਰ ਮੀਤ ਪ੍ਰਧਾਨ ਭਗਵੰਤ ਪ੍ਰਿਤਪਾਲ ਸਿੰਘ,ਨਰਦੇਵ ਜਰਿਆਲ, ਮੁਨੀਸ਼ ਮੱਕੜ (ਦੋਵੇਂ ਮੀਤ ਪ੍ਰਧਾਨ) ਜਥੇਬੰਦਕ ਸਕੱਤਰ ਰਾਮਪਾਲ, ਸਹਾਇਕ ਪ੍ਰੈੱਸ ਸਕੱਤਰ ਮਨਦੀਪ ਸਿੰਘ, ਸਹਾਇਕ ਵਿੱਤ ਸਕੱਤਰ ਸੋਨੂੰ ਭਗਤ,ਜ਼ਿਲ੍ਹਾ ਇਕਾਈ ਆਗੂ ਅਮਿਤ ਚੋਪੜਾ,ਯਸ਼ ਮੋਮੀ,ਸੰਜੀਵ ਭਾਰਦਵਾਜ ਅਤੇ ਹੋਰ ਅਧਿਆਪਕ ਹਾਜ਼ਰ ਸਨ।