5178 ਅਧਿਆਪਕਾਂ (ਨਾਨ-ਪਟੀਸ਼ਨਰਾਂ) ਨੂੰ ਪਰਖ ਸਮੇਂ ਦੇ ਪੂਰੀ ਤਨਖਾਹ ਅਨੁਸਾਰ ਬਕਾਏ ਤੁਰੰਤ ਜਾਰੀ ਕਰੇ ਸਰਕਾਰ- ਡੀ.ਟੀ.ਐੱਫ

All Latest NewsNews FlashPunjab News

 

ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਰੋਸ ਪੱਤਰ

ਮਾਲੇਰਕੋਟਲਾ

ਸੂਬਾ ਪੱਧਰੀ ਫੈਸਲੇ ਅਨੁਸਾਰ ਅੱਜ ਡੈਮੋਕ੍ਰੈਟਿਕ ਟੀਚਰਜ਼ ਫਰੰਟ ਇਕਾਈ ਮਾਲੇਰਕੋਟਲਾ ਵੱਲੋਂ 5178 ਅਧਿਆਪਕਾਂ (ਨਾਨ-ਪਟੀਸ਼ਨਰਜ਼) ਨੂੰ ਪਰਖ ਸਮੇਂ ਦੌਰਾਨ ਪੂਰੀ ਤਨਖਾਹ ਸਕੇਲ ਅਨੁਸਾਰ ਬਕਾਏ ਜਾਰੀ ਕਰਨ ਚ’ ਹੋ ਰਹੀ ਬੇਲੋੜੀ ਦੇਰੀ ਦੇ ਰੋਸ ਵਜੋਂ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਰਾਹੀਂ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਪੰਜਾਬ ਦੇ ਨਾਂਅ ਰੋਸ ਪੱਤਰ ਭੇਜੇ ਗਏ, ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਵਿਕਰਮ ਜੀਤ ਸਿੰਘ ਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਜੰਟ ਲਾਂਗੜੀਆਂ ਨੇ ਦੱਸਿਆ ਕਿ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਵੱਲੋਂ ਮਿਤੀ 26-02-2025 ਨੂੰ ਸਪੀਕਿੰਗ ਆਰਡਰ ਜਾਰੀ ਕਰਦੇ ਹੋਏ ਸਮੂਹ 5178 ਅਧਿਆਪਕਾਂ ਨੂੰ ਪਰਖ ਕਾਲ ਦੌਰਾਨ ਪੂਰੀ ਤਨਖਾਹ ਸਕੇਲ ਅਨੁਸਾਰ ਬਣਦੇ ਬਕਾਏ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

ਇਸ ਮੌਕੇ ਜ਼ਿਲ੍ਹਾ ਵਿੱਤ ਸਕੱਤਰ ਅਖਤਰ ਅਲੀ, ਜ਼ਿਲ੍ਹਾ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੀ ਸਿੱਖਿਆ ਵਿਭਾਗ ਵੱਲੋਂ ਇਸ ਫੈਸਲੇ ਨੂੰ ਜਨਰਲਾਈਜ਼ ਕਰਨਾ ਅੰਕਿਤ ਕੀਤਾ ਗਿਆ ਸੀ,ਪ੍ਰੰਤੂ ਹਾਲੇ ਤੱਕ 5178 ਵਿੱਚਲੇ ਨਾਨ-ਪਟੀਸ਼ਨਰ ਅਧਿਆਪਕਾਂ ਨੂੰ ਪੂਰੀ ਤਨਖਾਹ ਸਕੇਲ ਅਨੁਸਾਰ ਬਣਦੇ ਬਕਾਏ ਜਾਰੀ ਨਹੀਂ ਕੀਤੇ ਗਏ।

ਜਦਕਿ ਡੀ. ਟੀ. ਐੱਫ. ਦੀਆਂ ਜੂਨ 2025 ਦਰਮਿਆਨ ਸਿੱਖਿਆ ਸਕੱਤਰ (ਸਕੂਲਾਂ) ਅਤੇ ਕੈਬਨਿਟ ਸਬ-ਕਮੇਟੀ ਅਤੇ ਡਾਇਰੈਕਟਰ ਸਕੂਲ ਸਿੱਖਿਆ ਨਾਲ ਹੋਈਆਂ ਮੀਟਿੰਗਾਂ ਵਿੱਚ ਇੱਕ ਕਾਡਰ ਤੇ ਇੱਕੋ ਜਿਹਾ ਤਨਖਾਹ ਸਕੇਲ ਲਾਗੂ ਹੋਣ ਦੇ ਤੈਅ ਸੂਦਾ ਨਿਯਮ ਤਹਿਤ ਮਸਲਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਇਸ ਸਬੰਧੀ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਅਧਿਆਪਕਾਂ ਚ’ ਰੋਸ ਪਾਇਆ ਜਾ ਰਿਹਾ ਹੈ।

ਬਲਾਕ ਪ੍ਰਧਾਨ ਮਨਜੀਤ ਸਿੰਘ ਅਤੇ ਸੁਖਜੀਤ ਸਿੰਘ ਨੇ ਮੰਗ ਕੀਤੀ ਕਿ ਸਮੂਹ 5178 ਅਧਿਆਪਕਾਂ ਨੂੰ ਪਰਖ ਕਾਲ ਦੌਰਾਨ ਬਣਦੇ ਪੂਰੇ ਤਨਖਾਹ ਸਕੇਲ ਅਨੁਸਾਰ ਬਣਦੇ ਬਕਾਏ ਬਿਨਾ ਕਿਸੇ ਪਟੀਸ਼ਨ ਜਾਂ ਨਾਨ-ਪਟੀਸ਼ਨਰ ਦਾ ਵਖਰੇਵਾਂ ਕੀਤਿਆਂ ਤੁਰੰਤ ਜਾਰੀ ਕਰਨ ਲਈ ਜਲਦ ਲੋੜੀਂਦਾ ਸਪੱਸ਼ਟੀਕਰਨ ਪੱਤਰ ਜਾਰੀ ਕੀਤਾ ਜਾਵੇ ਅਤੇ 5178 ਭਰਤੀ ਤਹਿਤ ਹੀ ਨਿਯੁਕਤ ਆਰਟ ਐਂਡ ਕਰਾਫ਼ਟ ਅਧਿਆਪਕਾਂ ਦੀ ਪਰਖ ਕਾਲ ਦੌਰਾਨ ਤਨਖਾਹ ਫਿਕਸ਼ੇਸ਼ਨ ਨੂੰ ਭਰਤੀ ਦੇ ਨਿਯਮਾਂ ਅਨੁਸਾਰ 4400 ਤਨਖਾਹ ਗ੍ਰੇਡ ਅਨੁਸਾਰ ਹੀ ਫਿਕਸ ਕਰਨ ਦੇ ਨਿਰਦੇਸ਼ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤੇ ਜਾਣ।

ਅੰਤ ਵਿੱਚ ਜਿਲ੍ਹਾ ਆਗੂਆ ਨੇ ਕਿਹਾ ਕਿ ਜੇਕਰ ਉਕਤ ਮੰਗਾਂ ਦਾ ਤੁਰੰਤ ਹੱਲ ਨਾ ਹੋਇਆ ਤਾਂ ਜਥੇਬੰਦੀ ਸੂਬਾਈ ਫੈਸਲਾ ਕਰਕੇ ਤਿੱਖਾ ਸੰਘਰਸ਼ ਕਰੇਗੀ, ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਧਰਮਿੰਦਰ ਸਿੰਘ, ਸਾਜਿਦ ਅਲੀ,ਵਿਕਾਸ ਕੁਮਾਰ, ਇਮਰਾਨ ਖਾਂ, ਦਿਲਸ਼ਾਦ ਅਲੀ, ਅੰਮ੍ਰਿਤ ਸਿੰਘ, ਗੁਰਤੇਜ ਸਿੰਘ, ਜਗਤਾਰ ਸਿੰਘ,ਅਸਗਰ ਅਲੀ, ਮੁਹੰਮਦ ਅਕਰਮ, ਨਵਨੀਤ ਸਿੰਘ,ਮੈਡਮ ਸ਼ਮੀ ਚਾਨਾ ਅਤੇ ਹਰਜੀਤ ਕੌਰ ਆਦਿ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *