NSQF ਵੋਕੇਸ਼ਨਲ ਅਧਿਆਪਕ 7 ਜੁਲਾਈ ਨੂੰ ਭਗਵੰਤ ਮਾਨ ਦੀ ਜਲੰਧਰ ਰਿਹਾਇਸ਼ ਵਿਖੇ ਕਰਨਗੇ ਰੋਸ ਪ੍ਰਦਰਸ਼ਨ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ 10 ਸਾਲਾਂ ਤੋਂ ਰੈਗੂਲਰ ਅਧਿਆਪਕਾਂ ਦੇ ਬਰਾਬਰ ਕੰਮ ਕਰਦੇ ਆ ਰਹੇ ਐਨਐੱਸਕਿਊਐੱਫ ਵੋਕੇਸ਼ਨਲ ਅਧਿਆਪਕਾਂ ਦੀਆਂ ਮੰਗਾਂ ਨੂੰ ਲਗਾਤਾਰ ਲਟਕਾਉਂਦੇ ਰਹਿਣ ਕਾਰਨ ਐਨਐੱਸਕਿਊਐੱਫ ਅਧਿਆਪਕ ਯੂਨੀਅਨ ਪੰਜਾਬ ਵਲੋਂ 7 ਜੁਲਾਈ ਨੂੰ ਜਲੰਧਰ ਜ਼ਿਮਨੀ ਚੋਣ ਨੂੰ ਮੱਦੇਨਜ਼ਰ ਰੱਖਦੇ ਹੋਏ ਮੁੱਖ ਮੰਤਰੀ ਦੀ ਜਲੰਧਰ ਰਿਹਾਇਸ਼ ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ।
ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਰਾਏ ਸਾਹਿਬ ਸਿੰਘ ਸਿੱਧੂ ਅਤੇ ਯੂਨੀਅਨ ਦੇ ਰੋਪੜ ਜਿਲੇ ਦੇ ਪ੍ਰਤੀਨਿਧ ਹਰਸਿਮਰਤ ਸਿੰਘ ਭਟੋਆ ਨੇ ਦੱਸਿਆ ਕਿ ਸਾਲ 2014 ਵਿੱਚ ਪੰਜਾਬ ਸਰਕਾਰ ਵੱਲੋ ਸੂਬੇ ਦੇ ਸਕੂਲਾਂ ਵਿੱਚ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ ਪ੍ਰੋਜੈਕਟ ਅਧੀਨ ਕਿੱਤਾਮੁਖੀ ਪੜ੍ਹਾਈ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਮੌਜੂਦਾ ਸਮੇਂ ਦੌਰਾਨ 2 ਲੱਖ ਤੋਂ ਵੀ ਵੱਧ ਦੇ ਕਰੀਬ ਵਿਦਿਆਰਥੀ ਸਿੱਖਿਆ ਲੈ ਰਹੇ ਹਨ।
ਜਿੰਨਾਂ ਵਿਦਿਆਰਥੀਆਂ ਨੂੰ ਪੜਾਉਣ ਲਈ 2600 ਦੇ ਕਰੀਬ ਵੋਕੇਸ਼ਨਲ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਕਾਰਪੋਰੇਟ ਘਰਾਣਿਆਂ ਰਾਹੀਂ ਭਰਤੀ ਕੀਤੇ ਗਏ ਹਨ। ਇਨਾ ਆਗੂਆਂ ਨੇ ਦੱਸਿਆ ਕਿ ਇਸ ਸਕੀਮ ਅਧੀਨ ਵਿਦਿਆਰਥੀਆਂ ਨੂੰ ਪੰਜਾਬ ਵਿੱਚ ਵੱਖ-ਵੱਖ ਟਰੇਡਾਂ ਅਧੀਨ 17 ਅਲੱਗ ਅਲੱਗ ਵਿਸ਼ੇ ਪੜਾਏ ਜਾ ਰਹੇ ਹਨ।
ਜਿਹੜੇ ਇਹਨਾਂ ਵਿਸ਼ਿਆਂ ਵਿੱਚ ਸਿੱਖਿਆ ਲੈ ਕੇ ਆਪਣੇ ਪੈਰਾ ਤੇ ਖੜੇ ਹੋ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਅਧਿਆਪਕ ਇਹਨਾਂ ਵਿਦਿਆਰਥੀਆਂ ਨੂੰ ਆਪਣੇ ਪੈਰਾਂ ਤੇ ਖੜੇ ਕਰ ਰਹੇ ਹਨ ਉਹਨਾਂ ਅਧਿਆਪਕਾਂ ਨੂੰ ਜਦੋਂ ਭਰਤੀ ਕੀਤਾ ਗਿਆ ਸੀ ਉਸ ਸਮੇਂ ਉਹਨਾਂ ਦੀ ਤਨਖਾਹ 15000/15100 ਸੀ ਤੇ ਅੱਜ 10 ਸਾਲਾਂ ਬਾਅਦ ਵੀ ਇਹਨਾਂ ਅਧਿਆਪਕਾਂ ਨੂੰ ਸਿਰਫ 16400 ਰੁਪਏ ਤਨਖਾਹ ਮਿਲ ਰਹੀ ਹੈ।
ਉਨਾ ਦੱਸਿਆ ਕਿ ਇਸ ਤੋਂ ਇਲਾਵਾ ਇਹ ਅਧਿਆਪਕ ਵੱਖ ਵੱਖ ਕੰਪਨੀਆਂ ਅਧੀਨ ਕੰਮ ਕਰ ਰਹੇ ਹਨ ਅਤੇ ਇਹਨਾ ਲਈ ਕੋਈ ਟਰਾਂਸਫਰ ਨੀਤੀ ਨਹੀ ਹੈ, ਕੰਪਨੀਆਂ ਤਨਖਾਹ ਦੇਣ ਵਿੱਚ ਵੀ ਮਨਮਾਨੀ ਕਰਦੀਆਂ ਹਨ, ਅਤੇ ਬਹੁਤ ਸਾਰੇ ਅਧਿਆਪਕਾਂ ਦੀ ਤਨਖਾਹ ਕਈ ਕਈ ਮਹੀਨੇ ਨਹੀਂ ਆਉਂਦੀ। ਇਨਾ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਅਸੀ ਕੱਚਾ ਸ਼ਬਦ ਨਹੀਂ ਰਹਿਣ ਦੇਵਾਂਗੇ, ਆਉਟਸੋਰਸ ਬੰਦ ਕਰਾਂਗੇ।
ਪਰ ਸਰਕਾਰ ਦੇ ਢਾਈ ਸਾਲ ਬੀਤ ਜਾਣ ਤੋਂ ਬਾਅਦ ਅਤੇ ਕਈ ਦੌਰ ਦੀਆਂ ਮੀਟਿੰਗਾਂ ਤੋਂ ਹੋਣ ਤੋਂ ਬਾਅਦ ਵੀ ਸਰਕਾਰ ਆਉਟਸੋਰਸ ਬੰਦ ਕਰਨ ਲਈ ਕੋਈ ਨੀਤੀ ਨਹੀਂ ਬਣਾ ਰਹੀ। ਸਾਡੀ ਉਮਰ ਹੱਦ ਵੀ ਬੀਤ ਚੁੱਕੀ ਹੈ ,ਜਿਸ ਕਾਰਨ ਉਹ ਕਿਸੇ ਹੋਰ ਪਾਸੇ ਵੀ ਅਪਲਾਈ ਨਹੀਂ ਕਰ ਸਕਦੇ। ਇਸ ਲਈ ਐਨ ਐੱਸ ਕਿਊ ਐੱਫ ਅਧਿਆਪਕਾਂ ਵਲੋਂ ਵੱਡੀ ਗਿਣਤੀ ਵਿੱਚ ਜਲੰਧਰ ਪਹੁੰਚ ਕੇ ਸਰਕਾਰ ਨੂੰ ਚੋਣਾਂ ਸਮੇ ਕੀਤੇ ਵਾਅਦੇ ਯਾਦ ਕਰਵਾਏ ਜਾਣਗੇ।
ਇਸ ਮੌਕੇ ਸੂਬਾ ਪ੍ਰਧਾਨ ਰਾਏ ਸਿੰਘ ਸਾਹਿਬ ਸਿੱਧੂ, ਵਿੱਤ ਸਕੱਤਰ ਅਮਨਦੀਪ ਸਿੰਘ ਭੱਟੀ, ਸੂਬਾ ਜੁਆਇੰਟ ਸਕੱਤਰ ਸ਼ਾਮ ਲਾਲ, ਸੂਬਾ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ, ਸੂਬਾ ਸਲਾਹਕਾਰ ਕਮੇਟੀ ਮੈਂਬਰ ਸਿਮਰਨਜੀਤ ਸਿੰਘ, ਜਰਨੈਲ ਸਿੰਘ ਅਤੇ ਗੁਰਲਾਲ ਸਿੰਘ ਸਿੱਧੂ ਸ਼ਾਮਿਲ ਸਨ।