3000 ਰੁਪਏ ਮਹੀਨਾ ਲੈਣ ਵਾਲੀਆਂ ਮਿਡ-ਡੇ-ਮੀਲ ਵਰਕਰਾਂ ਨੂੰ ਜੂਨ ਮਹੀਨੇ ਦੀ ਤਨਖਾਹ ਤੋਂ ਵਾਂਝੀਆਂ
ਮਿੱਡ ਡੇ ਮੀਲ ਵਰਕਰਾਂ ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ : ਰਮਨਜੀਤ ਕੌਰ
ਸ਼੍ਰੀ ਮੁਕਤਸਰ ਸਾਹਿਬ
ਮਿਡ ਡੇ ਮੀਲ ਵਰਕਰਜ਼ ਯੂਨੀਅਨ ਜ਼ਿਲ੍ਹਾ ਇਕਾਈ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਮਨਜੀਤ ਕੌਰ ਅਤੇ ਜਨਰਲ ਸਕੱਤਰ ਰਾਜਵਿੰਦਰ ਕੌਰ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ 3000 ਰੁਪਏ ਮਹੀਨਾ ਲੈਣ ਵਾਲੀਆਂ ਮਿੱਡ ਡੇ ਮੀਲ ਵਰਕਰਾਂ ਨੂੰ ਜੂਨ ਮਹੀਨੇ ਦੀ ਤਨਖਾਹ ਸਮੇਂ ਸਿਰ ਦੇਣ ਵਿਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ ਜੋ ਸਰਕਾਰ ਲਈ ਬੜੀ ਸ਼ਰਮ ਦੀ ਗੱਲ ਹੈ। ਐਨੇ ਥੋੜ੍ਹੇ ਮਾਣਭੱਤੇ ਦੇਣ ਵਿੱਚ ਦੇਰੀ ਕਰਨਾ ਸਾਬਤ ਕਰਦਾ ਹੈ ਕਿ ਸਰਕਾਰ ਦੀ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਪ੍ਰਤੀ ਸੋਚ ਕਿਹੋ ਜਿਹੀ ਹੈ।
ਆਗੂਆਂ ਨੇ ਦੋਸ਼ ਲਾਇਆ ਕਿ ਸਿਖਿਆ ਕ੍ਰਾਂਤੀ ਮੁਹਿੰਮ ਦੌਰਾਨ ਮੰਤਰੀਆਂ ਅਤੇ ਐਮ.ਐਲ.ਏ ਵੱਲੋਂ ਵੱਡੇ ਵੱਡੇ ਭਾਸ਼ਣ ਦਿੱਤੇ ਗਏ ਅਤੇ ਸਕੂਲਾਂ ਵਿੱਚ ਕੰਮ ਕਰਦੇ ਮਿੱਡ ਡੇ ਮੀਲ ਵਰਕਰਾਂ ਨਾਲ ਤਨਖਾਹਾਂ ਵਾਧੇ ਸਮੇਤ ਹੋਰ ਝੂਠੇ ਵਾਅਦੇ ਕੀਤੇ ਗਏ ਪਰ ਹੁਣ ਉਹ ਸਾਰੇ ਵਾਅਦੇ ਭੁਲਾ ਦਿੱਤੇ ਗਏ ਅਤੇ ਮਿਡ ਡੇਅ ਮੀਲ ਵਰਕਰਾਂ ਦੀ ਤਨਖਾਹ ਵਿੱਚ ਹਾਲੇ ਤੱਕ ਕੋਈ ਵਾਧਾ ਨਹੀਂ ਹੋਇਆ।
ਸਗੋਂ ਮਿੱਡ ਡੇ ਮੀਲ ਵਰਕਰਾਂ ਨੂੰ ਜੂਨ ਮਹੀਨੇ ਦੀ ਤਨਖਾਹ ਲਈ ਵੀ ਤਰਸਾਇਆ ਜਾ ਰਿਹਾ ਹੈ। ਆਗੂਆਂ ਨੇ ਮਿੱਡ ਡੇ ਮੀਲ ਵਰਕਰਾਂ ਦੀ ਤਨਖਾਹ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਿੱਖਿਆ ਕ੍ਰਾਂਤੀ ਦੀ ਨਵੀਂ ਮਿਸਾਲ ਪੇਸ਼ ਕਰਦਿਆਂ ਸਰਕਾਰ ਨੇ ਸਕੂਲਾਂ ਵਿੱਚੋਂ ਬੱਚਿਆਂ ਦੀ ਗਿਣਤੀ ਇੱਕ ਸੌ ਤੋਂ ਘਟਣ ‘ਤੇ ਉੱਥੋਂ ਸਫ਼ਾਈ ਸੇਵਕ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਆਗੂਆਂ ਨੇ ਮੰਗ ਕੀਤੀ ਕਿ ਸਾਰੇ ਸਕੂਲਾਂ ਵਿੱਚ ਸਫਾਈ ਸੇਵਕ ਦੀ ਅਸਾਮੀ ਲਾਜ਼ਮੀ ਤੌਰ ‘ਤੇ ਦਿੱਤੀ ਜਾਵੇ।

