Education News: 5178 ਅਧਿਆਪਕਾਂ ਦੇ ਸੰਘਰਸ਼ ਦੀ ਵੱਡੀ ਜਿੱਤ, ਸਿੱਖਿਆ ਸਕੱਤਰ ਵੱਲੋਂ ਪੂਰੀ ਤਨਖ਼ਾਹ ਦੇਣ ਬਾਰੇ ਹੁਕਮ ਜਾਰੀ
Education News: ਡੀ.ਟੀ.ਐੱਫ ਪੰਜਾਬ ਦੀ ਅਗਵਾਈ ਵਿੱਚ 5178 ਅਧਿਆਪਕਾਂ ਦੇ ਸੰਘਰਸ਼ ਦੀ ਵੱਡੀ ਜਿੱਤ, ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸ਼੍ਰੀਮਤੀ ਅਨੰਦਿਤਾ ਮਿੱਤਰਾ ਵਲੋਂ ਪਰਖਕਾਲ ਸਮੇਂ ਦੌਰਾਨ ਪੂਰੀ ਤਨਖਾਹ ਦੇਣ ਦੇ ਹੁਕਮ ਜਾਰੀ
Education News: ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਗਿਆਰਾਂ ਸਾਲਾਂ ਤੋਂ ਬਤੌਰ ਮਾਸਟਰ ਕੇਡਰ ਸੇਵਾਂਵਾ ਨਿਭਾ ਰਹੇ 5178 ਅਧਿਆਪਕਾਂ ਨੇ ਡੀ.ਟੀ.ਐੱਫ ਪੰਜਾਬ ਦੀ ਅਗਵਾਈ ਹੇਠ ਸੰਘਰਸ਼ ਕਰਕੇ ਮੁਲਾਜਮ ਲਹਿਰ ਦੀਆਂ ਸਫਾਂ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਟੀ.ਐੱਫ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਪਹਿਲੀ ਟੀ.ਈ.ਟੀ ਪ੍ਰੀਖਿਆ 2011 ਪਾਸ ਬੇਰੋਜਗਾਰ ਅਧਿਆਪਕਾਂ ਨੇ ਅਕਾਲੀ ਹਕੂਮਤ ਖਿਲਾਫ ਲਹੂ ਵੀਟਵੀਂ ਲੜਾਈ ਲੜ ਕੇ,ਜੇਲਾਂ,ਥਾਣੇ,ਡਾਂਗਾ,ਪਰਚੇ ਆਦਿਕ ਤਸ਼ੱਦਦ ਝੱਲ ਕੇ ਨਵੰਬਰ 2014 ਵਿੱਚ ਨਿਯੁਕਤੀਆਂ ਲਈਆਂ ਸਨ।
ਤਿੰਨ ਸਾਲ ਦੀ ਠੇਕਾ ਸੇਵਾ ਪੂਰੀ ਹੋਣ ਉਪਰੰਤ ਨਵੰਬਰ 2017 ਤੇ ਪੂਰੀ ਤਨਖਾਹ ਤੇ ਰੈਗੂਲਰ ਹੋਣਾ ਸੀ,ਪਰ ਸਮੇਂ ਦੀ ਕਾਂਗਰਸ ਸਰਕਾਰ ਨੇ ਇਨਾਂ ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਤੇ ਜਬਰੀ 2 ਸਾਲ ਦਾ ਪਰਖਕਾਲ ਮੜ੍ਹ ਦਿੱਤਾ। 5178 ਅਧਿਆਪਕਾਂ ਦੇ ਸੂਬਾਈ ਆਗੂ ਦੀਪ ਰਾਜਾ ਨੇ ਕਿਹਾ ਕਿ ਪੀੜਤ ਅਧਿਆਪਕਾਂ ਨੇ ਆਪਣੀ ਪੂਰੀ ਤਨਖਾਹ ਤੇ ਰੈਗੂਲਰਾਈਜੇਸ਼ਨ ਦੀ ਮੰਗ ਤੇ ਲਗਾਤਾਰ ਸੰਘਰਸ਼ ਜਾਰੀ ਰੱਖਿਆ।
ਜੱਥੇਬੰਦਕ ਸੰਘਰਸ਼ ਦੇ ਨਾਲ-ਨਾਲ ਸਰਵਿਸ ਮੈਟਰ ਦੇ ਮਾਹਿਰ ਐਡੋਵਕੇਟ ਕਪਿਲ ਕੱਕੜ ਰਾਹੀ ਮਾਣਯੋਗ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਵਿੱਚ ਕਾਨੂੰਨੀ ਲੜਾਈ ਜਾਰੀ ਰੱਖੀ।
ਜਿਸਦੇ ਸਿੱਟੇ ਵਜੋਂ ਬੀਤੀ 26-02-2025 ਨੂੰ ਸਬੰਧਿਤ ਕੇਸਾਂ ਵਿੱਚ ਸਰਕਾਰ ਵਲੋਂ ਕੰਪਲਾਇੰਸ ਰਿਪੋਰਟ ਵਜੋਂ 5178 ਅਧਿਆਪਕਾਂ ਦੀ ਪੂਰੀ ਤਨਖਾਹ ਤੇ ਰੈਗੂਲਰਾਈਜੇਸ਼ਨ ਦੇ ਆਰਡਰ ਦਾਖਲ ਕੀਤੇ ਗਏ।ਬਾਅਦ ਵਿੱਚ ਨਾਨ ਪਟੀਸ਼ਨਰਜ ਅਧਿਆਪਕਾਂ ਦੇ ਬਕਾਏ ਜਾਰੀ ਕਰਨ ਸਬੰਧੀ ਆ ਰਹੀਆਂ ਦਿੱਕਤਾਂ ਦੇ ਹੱਲ ਲਈ ਡੀ.ਟੀ.ਐੱਫ ਦੀ ਅਗਵਾਈ ਵਿੱਚ ਸ਼੍ਰੀ ਦੀਪ ਰਾਜਾ ਲੁਧਿਆਣਾ, ਅਸ਼ਵਨੀ ਕੁਮਾਰ ਬਠਿੰਡਾ ਅਤੇ ਬਲਜਿੰਦਰ ਕੁਮਾਰ ਮਾਨਸਾ ਦੀ ਅਗਵਾਈ ਵਿੱਚ ਸਾਰੇ 5178 ਅਧਿਆਪਕਾਂ ਨੂੰ ਬਣਦੇ ਲਾਭ ਦਿਵਾਉਣ ਲਈ ਸੰਘਰਸ਼ ਜਾਰੀ ਰੱਖਿਆ ਗਿਆ।
ਇਸ ਦੌਰਾਨ ਕਈ ਵਾਰ ਆਗੂ ਟੀਮ ਦੁਆਰਾ ਸਿੱਖਿਆ ਸਕੱਤਰ ਮੈਡਮ ਅਨੰਦਿਤਾ ਮਿੱਤਰਾ ਅਤੇ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਗੁਰਿੰਦਰ ਸਿੰਘ ਸੋਢੀ ਨਾਲ ਮੀਟਿੰਗਾਂ ਕੀਤੀਆਂ ਗਈਆਂ।
ਜਿਸ ਵਿੱਚ ਨਾਨ ਪਟੀਸ਼ਨਰਜ ਅਧਿਆਪਕਾਂ ਦੇ ਸਬੰਧ ਵਿੱਚ ਹਦਾਇਤਾਂ ਕਰਨ ਵਾਲੇ ਹੁਕਮ ਜਲਦ ਜਾਰੀ ਕਰਨ ਦੀ ਮੰਗ ਪੁਰਜੋਰ ਢੰਗ ਨਾਲ ਉਭਾਰੀ ਗਈ।
ਜਥੇਬੰਦੀ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਸਿੱਖਿਆ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਮੈਡਮ ਅਨੰਦਿਤਾ ਮਿੱਤਰਾ ਵਲੋਂ ਕੱਲ ਇਹ ਸੂਬੇ ਦੇ ਸਮੂਹ ਜਿਲਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਕਰਕੇ ਸਕੂਲ ਮੁਖੀਆਂ ਨੂੰ ਤੁਰੰਤ ਇਹ ਹੁਕਮ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਆਗੂਆਂ ਨੇ ਇਸ ਮੌਕੇ ਸਮੂਹ 5178 ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਹੁਕਮ ਲਾਗੂ ਕਰਾਉਣ ਲਈ ਜੱਥੇਬੰਦੀ ਸੰਘਰਸ਼ਸ਼ੀਲ ਰਹੇਗੀ।

