ਪੱਤਰਕਾਰਾਂ ਅਤੇ DC ਫਾਜ਼ਿਲਕਾ ਵਿਚਕਾਰ ਚੱਲ ਰਿਹਾ ਰੇੜਕਾ ਹੋਇਆ ਖਤਮ!
ਡੀਸੀ ਵੱਲੋਂ ਪੱਤਰਕਾਰਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ
ਫਾਜ਼ਿਲਕਾ (ਪਰਮਜੀਤ ਢਾਬਾਂ )
ਜ਼ਿਲ੍ਹਾ ਫਾਜ਼ਿਲਕਾ ਨਾਲ ਸੰਬੰਧਿਤ ਪੱਤਰਕਾਰਾਂ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਵਿੱਚ ਚੱਲ ਰਿਹਾ ਰੇੜਕਾ ਅੱਜ ਖਤਮ ਹੋ ਗਿਆ ਹੈ। ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਨੇ ਪੱਤਰਕਾਰਾਂ ਦੇ ਵਿੱਚ ਪਹੁੰਚ ਕੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਹੈ ਕਿ ਉਹ ਭਵਿੱਖ ਵਿੱਚ ਕਿਸੇ ਤਰ੍ਹਾਂ ਵੀ ਪੱਤਰਕਾਰ ਭਾਈਚਾਰੇ ਨੂੰ ਮੁਸ਼ਕਿਲ ਨਹੀਂ ਆਉਣ ਦੇਣਗੇ। ਉਹਨਾਂ ਅੱਗੇ ਕਿਹਾ ਕਿ ਪੱਤਰਕਾਰ ਭਾਈਚਾਰੇ ਦੇ ਉਹਨਾਂ ਦੇ ਦਫਤਰ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਰਹਿਣਗੇ।
ਉਹਨਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਇਸ ਲਈ ਮੀਡੀਆ ਤੋਂ ਬਿਨਾਂ ਪ੍ਰਸ਼ਾਸਨ ਆਪਣੇ ਕੰਮ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਦਾ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਗੁਰਮੀਤ ਸਿੰਘ ਨੇ ਕਿਹਾ ਕਿ ਪੱਤਰਕਾਰ ਭਾਈਚਾਰਾ ਪ੍ਰਸ਼ਾਸਨ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦਾ ਹੈ। ਪੱਤਰਕਾਰਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਪ੍ਰਸ਼ਾਸਨ ਆਪਣੀ ਯੋਗ ਕਾਰਵਾਈ ਕਰਦਿਆਂ ਲੋਕਾਂ ਦੇ ਮਸਲੇ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ।
ਪੱਤਰਕਾਰਾਂ ਅਤੇ ਡੀਸੀ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਿਹਾ ਰੇੜਕਾ ਖਤਮ ਹੋਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਪਰਮਜੀਤ ਢਾਬਾਂ,ਰਾਜੀਵ ਰਹੇਜਾ, ਪ੍ਰਫੁੱਲ ਨਾਗਪਾਲ, ਸੁਰਿੰਦਰ ਗੋਇਲ,ਸੰਜੀਵ ਝਾਂਬ, ਰਜਨੀਸ਼ ਰਵੀ,ਟੋਨੀ ਛਾਬੜਾ,ਕੁਲਦੀਪ ਬਰਾੜ,ਬਿੱਟੂ ਡੂਮੜਾ, ਨਿਸ਼ਾਨ ਸੰਧੂ,ਸੁਖਦੀਪ ਸਿੰਘ ਘੁੜਿਆਣਾ ਅਤੇ ਬਖਸ਼ੀਸ਼ ਸਿੰਘ ਹੈਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਤਰਕਾਰ ਭਾਈਚਾਰਾ ਆਪਣੇ ਮਾਣ ਸਨਮਾਨ ਦੀ ਲੜਾਈ ਲੜ ਰਿਹਾ ਸੀ,ਜਿਸ ਵਿੱਚ ਉਹਨਾਂ ਦੀ ਜਿੱਤ ਹੋਈ ਹੈ।
ਪੱਤਰਕਾਰ ਆਗੂਆਂ ਨੇ ਕਿਹਾ ਕਿ ਉਹਨਾਂ ਦਾ ਡਿਪਟੀ ਕਮਿਸ਼ਨਰ ਨਾਲ ਕੋਈ ਵੀ ਨਿੱਜੀ ਵਿਰੋਧ ਨਹੀਂ ਸੀ। ਪੱਤਰਕਾਰ ਆਪਣੀ ਖਬਰ ਦੀ ਪੂਰਤੀ ਲਈ ਕਿਸੇ ਮੁੱਦੇ ਨੂੰ ਲੈ ਕੇ ਪੱਖ ਲੈਣਾ ਚਾਹੁੰਦੇ ਸੀ, ਪ੍ਰੰਤੂ ਡਿਪਟੀ ਕਮਿਸ਼ਨਰ ਵੱਲੋਂ ਪੱਖ ਨਾ ਦੇਣ ਕਾਰਨ ਇਹ ਵਿਵਾਦ ਵਧਿਆ ਸੀ। ਪਰੰਤੂ ਅੱਜ ਜਦੋਂ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਪੱਤਰਕਾਰਾਂ ਨੂੰ ਪੱਖ ਦੇਣ ਅਤੇ ਉਹਨਾਂ ਨਾਲ ਸਹਿਯੋਗ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਹੈ ਤਾਂ ਉਹਨਾਂ ਵਿਚਾਲੇ ਚੱਲ ਲਿਆ ਵਿਵਾਦ ਹੁਣ ਖਤਮ ਹੋ ਚੁੱਕਿਆ ਹੈ। ਪੱਤਰਕਾਰਾਂ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਵਿੱਚ ਚੱਲ ਰਹੇ ਵਿਵਾਦ ਨੂੰ ਖਤਮ ਕਰਾਉਣ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਗੁਰਮੀਤ ਸਿੰਘ ਅਤੇ ਡੀਪੀਆਰਓ ਅਮਰੀਕ ਸਿੰਘ ਦਾ ਅਹਿਮ ਰੋਲ ਰਿਹਾ ਹੈ।

