Punjab News: ਪੰਜਾਬ ਕੈਬਨਿਟ ਨੇ ਪੰਚਾਇਤਾਂ ਅਤੇ ਬਲਾਕਾਂ ਬਾਰੇ ਲਿਆ ਵੱਡਾ ਫ਼ੈਸਲਾ
Punjab News: ਸਾਰੇ 154 ਬਲਾਕਾਂ ਦਾ ਪੁਨਰ ਗਠਨ ਕਰਨ ਦਾ ਫ਼ੈਸਲਾ
Punjab News: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਪੰਜਾਬ ਦੇ ਸਾਰੇ 154 ਬਲਾਕਾਂ ਦਾ ਪੁਨਰ ਗਠਨ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀ। ਚੀਮਾ ਨੇ ਕੈਬਨਿਟ ਮੀਟਿੰਗ ਦੇ ਵਿੱਚ ਲਏ ਫ਼ੈਸਲਿਆਂ ਦਾ ਜ਼ਿਕਰ ਕੀਤਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ‘ਚ ਬਲਾਕਾਂ ਦਾ ਪੁਨਰਗਠਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਪੁਨਰਗਠਨ ਪਿਛਲੇ ਲੰਬੇ ਸਮੇਂ ਤੋਂ ਹੋਇਆ ਨਹੀਂ ਸੀ। ਨਵਾਂ ਬਲਾਕ ਕੋਈ ਨਹੀਂ ਬਣਾਇਆ ਗਿਆ ਪੁਰਾਣੇ 154 ਬਲਾਕਾਂ ਦੀ ਰੀਸਟਰਕਚਰਿੰਗ ਕੀਤੀ ਗਈ ਹੈ, ਕਈਆਂ ਦੇ ਨਾਮ ਬਦਲੇ ਗਏ ਨੇ। ਇਸ ਦੇ ਨਾਲ ਪੰਚਾਂ ਸਰਪੰਚਾਂ ਨੂੰ ਆਪਣੇ ਨੇੜੇ ਦਫਤਰ ਮਿਲ ਗਏ ਨੇ।
ਹਰਿਆਣਾ ਨੂੰ ਭੇਜੇ 113.24 ਕਰੋੜ ਰੁਪਏ ਦੇ ਬਿੱਲ
ਮੀਡੀਆ ਨਾਲ ਗੱਲਬਾਤ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ, ਹਰਿਆਣਾ ਸਰਕਾਰ ਨੂੰ 113.24 ਕਰੋੜ ਰੁਪਏ ਦੇ ਬਿੱਲ ਭੇਜੇ ਗਏ ਹਨ। ਉਹਨਾਂ ਕਿਹਾ ਕਿ ਨਹਿਰਾਂ ਦੀ ਸਾਂਭ ਸੰਭਾਲ ਦਾ ਇਹ ਬਿੱਲ ਭੇਜਿਆ ਗਿਆ ਹੈ। ਉਹਨਾਂ ਕਿਹਾ ਕਿ ਵਾਧੂ ਪਾਣੀ ਵੀ ਲੈ ਗਏ, ਪੈਸਾ ਵੀ ਨਹੀਂ ਦਿੱਤਾ।
ਭਾਖੜਾ ਡੈਮ ਦੀ ਸੁਰੱਖਿਆ ਪੰਜਾਬ ਪੁਲਿਸ ਹੀ ਕਰੇਗੀ- ਚੀਮਾ
ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਭਾਖੜਾ ਡੈਮ ਦੀ ਸੁਰੱਖਿਆ ਪੰਜਾਬ ਪੁਲਿਸ ਹੀ ਕਰੇਗੀ। ਉਨ੍ਹਾਂ ਕਿਹਾ ਕਿ ਸੀਆਈਐਸਐਫ਼ ਨੂੰ ਡੈਮ ਦੀ ਸੁਰੱਖਿਆ ਨਹੀਂ ਕਰਨ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ, ਕਿਸੇ ਨੂੰ ਵੀ ਲੁੱਟਣ ਨਹੀਂ ਦਿੱਤਾ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਗੁਆਂਢੀ ਸੂਬੇ ਵਾਧੂ ਪਾਣੀ ਵੀ ਲੈ ਗਏ, ਪੈਸਾ ਵੀ ਨਹੀਂ ਦਿੱਤਾ।

