Punjab News: ਪੰਜਾਬ ਸਰਕਾਰ ਨੇ ਹਜ਼ਾਰਾਂ ਅਧਿਆਪਕਾਂ ਦੀ ਜਾਨ ਸੂਲੀ ‘ਤੇ ਟੰਗੀ! ਮਸਲਾ ਸਕੂਲਾਂ ‘ਚ ‘ਨਸ਼ਾ ਰੋਕਥਾਮ ਪਾਠਕ੍ਰਮ’ ਨੂੰ ਰਸਮੀ ਤੌਰ ‘ਤੇ ਸ਼ੁਰੂ ਕਰਨ ਦਾ…
Punjab News: ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਅਧਿਆਪਕਾਂ ਦਾ ਕੀਮਤੀ ਸਮੇਂ ਦਾ ਸਤਿਆਨਾਸ
ਪਰਮਜੀਤ ਢਾਬਾਂ, ਫਾਜ਼ਿਲਕਾ:
Punjab News: ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਅਧਿਆਪਕਾਂ ਦਾ ਕੀਮਤੀ ਸਮੇਂ ਦਾ ਸਤਿਆਨਾਸ ਕੀਤਾ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਸਕੂਲ ਆਫ ਐਮੀਂਨੈਂਸ) ਅਰਨੀਵਾਲਾ ਸ਼ੇਖ ਸੁਭਾਨ ਵਿਖੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਨੂੰ ਰਾਜ ਦੇ ਸਕੂਲਾਂ ਵਿੱਚ ‘ਨਸ਼ਾ ਰੋਕਥਾਮ ਪਾਠਕ੍ਰਮ’ ਨੂੰ ਰਸਮੀ ਤੌਰ ਤੇ ਸ਼ੁਰੂ ਕਰਨ ਕਰਨ ਲਈ ਸੂਬਾ ਪੱਧਰੀ ਸ਼ੁਰੂਆਤ 1 ਅਗਸਤ 2025 ਤੋਂ ਕੀਤੀ ਜਾ ਰਹੀ ਹੈ।
ਇਸ ਪ੍ਰੋਗਰਾਮ ਵਿੱਚ ਸੂਬੇ ਦੇ ਛੇ ਜ਼ਿਲ੍ਹਿਆਂ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਰੀਦਕੋਟ, ਮੋਗਾ ਅਤੇ ਬਠਿੰਡਾ ਦੇ ਬਹੁਤ ਸਾਰੇ ਸਕੂਲ ਮੁੱਖੀਆਂ ਅਤੇ ਹਜ਼ਾਰਾਂ ਅਧਿਆਪਕਾਂ ਨੂੰ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਭਾਸ਼ਣ ਸੁਣਨ ਲਈ ਜ਼ਬਰਦਸਤੀ ਹੁਕਮ ਚਾੜ੍ਹ ਕੇ ਬੁਲਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਗਏ ਅਜਿਹੇ ਨਾਦਰਸ਼ਾਹੀ ਹੁਕਮਾਂ ਦੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ।
ਜਥੇਬੰਦੀ ਦੇ ਸੂਬਾ ਸਲਾਹਕਾਰ ਬਲਕਾਰ ਵਲਟੋਹਾ,ਪ੍ਰੇਮ ਚਾਵਲਾ,ਕਾਰਜ ਸਿੰਘ ਕੈਰੋਂ,ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ,ਕਾਰਜਕਾਰੀ ਜਨਰਲ ਸਕੱਤਰ ਪ੍ਰਵੀਨ ਕੁਮਾਰ ਲੁਧਿਆਣਾ,ਜਿੰਦਰ ਪਾਇਲਟ,ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ,ਅਡੀਸ਼ਨਲ ਜਨਰਲ ਸਕੱਤਰ ਬਾਜ ਸਿੰਘ ਭੁੱਲਰ,ਵਿੱਤ ਸਕੱਤਰ ਨਵੀਨ ਸਚਦੇਵਾ, ਮੀਡੀਆ ਸਕੱਤਰ ਗੁਰਪ੍ਰੀਤ ਮਾੜੀ ਮੇਘਾ,ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ ਕਿਹਾ ਹੈ ਕਿ 6 ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਵੱਲੋਂ ਜੁਬਾਨੀ ਅਤੇ ਲਿਖਤੀ ਹੁਕਮਾਂ ਰਾਹੀਂ ਅਧਿਆਪਕਾਂ ਨੂੰ ਦਰਸਾਏ ਗਏ ਸਕੂਲ ਵਿਖੇ ਸਮਾਗਮ ਵਿੱਚ ਸ਼ਾਮਿਲ ਹੋਣ ਦੇ ਜ਼ਬਰਦਸਤੀ ਹੁਕਮਾਂ ਦੀ ਨਿੰਦਾ ਕਰਦੇ ਹਾਂ।
ਜ਼ਿਲ੍ਹਾ ਸਿੱਖਿਆ ਅਫਸਰ ਫਾਜ਼ਲਕਾ ਵੱਲੋਂ ਜਾਰੀ ਕੀਤੇ ਗਏ ਹੁਕਮ ਅਨੁਸਾਰ ਇਕੱਲੇ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਦੇ 145 ਸਕੂਲ਼ਾਂ ਵਿਚੋਂ ਲਗਭਗ 2242 ਪ੍ਰਿੰਸੀਪਲ,ਅਧਿਆਪਕ, ਐਸ.ਐਮ.ਸੀ.ਮੈਂਬਰ,ਬੀ.ਆਰ.ਸੀ. ਅਤੇ ਵਿਦਿਆਰਥੀਆਂ ਨੂੰ ਸ਼ਾਮਿਲ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ।
ਮੀਡੀਆ ਵਿੱਚ ਇਸ ਸਬੰਧੀ ਪਤਾ ਚੱਲਣ ਤੇ ਹੁਣ 446 ਵਿਦਿਆਰਥੀਆਂ ਵਿੱਚੋਂ 150 ਵਿਦਿਆਰਥੀਆਂ ਦੀ ਗਿਣਤੀ ਰਹਿ ਗਈ ਹੈ, ਜੋ ਕਿ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨਗੇ। ਫਾਜ਼ਿਲਕਾ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਵਿੱਚੋਂ ਬੁਲਾਏ ਗਏ ਅਧਿਆਪਕਾਂ ਦੀ ਗਿਣਤੀ ਜੋੜ ਕੇ ਕੁਲ 4000 ਦੇ ਕਰੀਬ ਅਧਿਆਪਕ ਅਤੇ ਹੋਰ ਸਟਾਫ ਸ਼ਮੂਲੀਅਤ ਕਰਾਉਣ ਲਈ ਹੁਕਮ ਜਾਰੀ ਹੋਏ ਹਨ।
ਫਾਜ਼ਿਲਕਾ ਦੇ ਜ਼ਿਲ੍ਹੇ ਵਿੱਚੋਂ ਸਕੂਲਾਂ ਵਿੱਚ ਬੁਲਾਏ ਵੱਧ ਅਧਿਆਪਕਾਂ ਕਾਰਨ ਸੀਨੀਅਰ ਸੈਕੈਂਡਰੀ ਸਕੂਲਾਂ ਵਿੱਚ ਵੱਡੀ ਉਮਰ ਦੇ ਪੜਦੇ ਬੱਚਿਆਂ ਕਰਕੇ ਉਹਨਾਂ ਨੂੰ ਕੰਟਰੋਲ ਕਰਨਾ ਘੱਟ ਅਧਿਆਪਕਾ ਲਈ ਮੁਸ਼ਕਲ ਹੋ ਜਾਵੇਗਾ। ਅਤੇ ਇਸ ਦੇ ਨਤੀਜੇ ਵੀ ਭਵਿੱਖ ਵਿੱਚ ਮਾੜੇ ਨਜ਼ਰ ਆ ਸਕਦੇ ਹਨ।
ਇਸ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫਸਰ ਅਜੇ ਕੁਮਾਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਧਿਆਪਕਾਂ ਦੀਆਂ ਡਿਊਟੀਆਂ 50% ਲਗਾਈਆਂ ਗਈਆਂ ਹਨ ਅਤੇ ਵਿਦਿਆਰਥੀਆਂ ਨੂੰ ਇਸ ਸਮਾਗਮ ਵਿੱਚ ਕੋਈ ਸੱਦਾ ਨਹੀਂ ਦਿੱਤਾ ਗਿਆ।

