Flash Flood Warning: ਪੰਜਾਬ ਸਰਕਾਰ ਨੇ ਹੜ੍ਹਾਂ ਨਾਲ ਨਜਿੱਠਣ ਲਈ ਖਿੱਚੀ ਤਿਆਰੀ! ਕੀਤਾ ਦਾਅਵਾ- 276 ਕਰੋੜ ਰੁਪਏ ਨਾਲ ਪੂਰੇ ਪ੍ਰਬੰਧ

All Latest NewsNews FlashPunjab News

 

Flash Flood Warning: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਰਸਾਤਾਂ ਦੇ ਮੌਸਮ ਦੇ ਮੱਦੇਨਜ਼ਰ ਸੂਬੇ ਦੀਆਂ ਡਰੇਨਾਂ ਦੀ ਸਫ਼ਾਈ ਦਾ ਕੰਮ ਮੁਕੰਮਲ ਕਰ ਲਿਆ ਹੈ ਅਤੇ ਬੰਨ੍ਹਾਂ ਨੂੰ ਮਜ਼ਬੂਤ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਿੱਤੀ।

ਇੱਥੇ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਜਲ ਸਰੋਤ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਉਚ ਪੱਧਰੀ ਮੀਟਿੰਗ ਦੌਰਾਨ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨੂੰ ਮੁਖ਼ਾਤਿਬ ਹੁੰਦਿਆਂ ਗੋਇਲ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਹੜ੍ਹਾਂ ਜਿਹੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ 276 ਕਰੋੜ ਰੁਪਏ ਨਾਲ 1220 ਕਾਰਜ ਨੇਪਰੇ ਚਾੜ੍ਹੇ ਗਏ ਹਨ।

ਜਿਨ੍ਹਾਂ ਵਿਚ ਦਰਿਆਵਾਂ ਦੀ ਰਿਬੈਟਮੈਂਟ, ਸਟੱਡ ਲਾਉਣਾ, ਮਜ਼ਬੂਤੀਕਰਨ ਅਤੇ ਡਰੇਨਾਂ ਦੀ ਡੀਸਿੰਲਟਿੰਗ/ਸਫ਼ਾਈ ਆਦਿ ਦੇ ਕੰਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 600 ਚੈੱਕ ਡੈਮ ਬਣਾਏ ਗਏ ਹਨ ਅਤੇ 1104 ਹੋਰ ਚੈੱਕ ਡੈਮ ਉਸਾਰੀ ਅਧੀਨ ਹੈ। ਇਸ ਦੇ ਨਾਲ ਹੀ 3905 ਸੋਕ ਪਿੱਟ ਬਣਾਏ ਜਾ ਰਹੇ ਹਨ, 53400 ਤੋਂ ਵੱਧ ਬਾਂਸ ਦੇ ਬੂਟੇ ਲਗਾਏ ਹਨ ਅਤੇ 226 ਕਿਲੋਮੀਟਰ ਵੈਟੀਵਰ ਘਾਹ ਲਗਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਸੂਬੇ ਦੀਆਂ 850 ਡਰੇਨਾਂ ਵਿਚੋਂ 601 ਡਰੇਨਾਂ ਦੀ ਇਸ ਸਾਲ ਸਫ਼ਾਈ ਦੀ ਜ਼ਰੂਰਤ ਸੀ, ਜੋ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 4766 ਕਿਲੋਮੀਟਰ ਡਰੇਨਾਂ ਦੀ ਸਫ਼ਾਈ ਕਰਵਾਈ ਗਈ ਹੈ। ਗੋਇਲ ਨੇ ਦੱਸਿਆ ਕਿ ਵਿਭਾਗ ਵੱਲੋਂ ਡ੍ਰੇਨਾਂ ਦੀ ਡੀਸਿਲਟਿੰਗ/ਸਫਾਈ ਦੇ ਕਾਰਜ ਵਿਭਾਗੀ ਮਸ਼ੀਨਰੀ ਨਾਲ ਨੇਪਰੇ ਚਾੜ੍ਹੇ ਗਏ ਹਨ।

ਮੰਤਰੀ ਨੇ ਦੱਸਿਆ ਕਿ ਵਿਭਾਗੀ ਮਸ਼ੀਨਾਂ ਨਾਲ ਠੇਕੇਦਾਰ ਦੇ ਕੰਮ ਦੇ ਮੁਕਾਬਲੇ ਲਾਗਤ ਵਿੱਚ 65 ਫ਼ੀਸਦੀ ਬੱਚਤ ਹੋਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਕੋਲ ਮੌਜੂਦਾ ਸਮੇਂ 15 ਮਸ਼ੀਨਾਂ ਹਨ ਅਤੇ 3 ਹੋਰ ਮਸ਼ੀਨਾਂ ਛੇਤੀ ਹੀ ਵਿਭਾਗ ਦੇ ਬੇੜੇ ਵਿੱਚ ਸ਼ਾਮਲ ਹੋ ਜਾਣਗੀਆਂ।

Flash Flood Warning: 110 ਥਾਵਾਂ ‘ਤੇ ਡੀਸਿਲਟਿੰਗ/ਸਫ਼ਾਈ ਦਾ ਕੰਮ ਚਲ ਰਿਹੈ

ਜਲ ਸਰੋਤ ਮੰਤਰੀ ਨੇ ਦੱਸਿਆ ਕਿ ਵਿਭਾਗੀ ਮਸ਼ੀਨਰੀ ਨਾਲ ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫ਼ਾਜ਼ਿਲਕਾ, ਅੰਮ੍ਰਿਤਸਰ, ਗੁਰਦਾਸਪੁਰ, ਰੋਪੜ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 110 ਥਾਵਾਂ ‘ਤੇ ਡੀਸਿਲਟਿੰਗ/ਸਫ਼ਾਈ ਦਾ ਕੰਮ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਥਾਵਾਂ ‘ਤੇ ਬੀਤੇ ਵਰ੍ਹਿਆਂ ਦੌਰਾਨ ਬੰਨ੍ਹ ਟੁੱਟੇ ਸਨ, ਉਨ੍ਹਾਂ ਥਾਵਾਂ ਨੂੰ ਵਿਸ਼ੇਸ਼ ਤੌਰ ‘ਤੇ ਮਜ਼ਬੂਤ ਕੀਤਾ ਗਿਆ ਹੈ ਅਤੇ ਸੂਬੇ ਦੀਆਂ 94 ਥਾਵਾਂ ‘ਤੇ ਇਹਤਿਆਤ ਵਜੋਂ ਸੈਂਡ ਬੈਗ ਰਖਵਾ ਦਿੱਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਅਧੀਨ ਖੇਤਰਾਂ ਵਿਚ ਲਗਾਤਾਰ ਨਿਗਰਾਨੀ ਕਰਨ ਅਤੇ ਨਾਲ ਹੀ ਰੋਜ਼ਾਨਾ ਦੀ ਰਿਪੋਰਟ ਵੀ ਮੁੱਖ ਦਫ਼ਤਰ ਨੂੰ ਭੇਜਣ। ਇਸ ਦੇ ਨਾਲ ਇਹ ਵੀ ਯਕੀਨੀ ਬਣਾਉਣ ਕਿ ਉਹ ਆਪਣਾ ਹੈੱਡਕੁਆਰਟਰ ਨਾ ਛੱਡਣ।

ਜਲ ਸਰੋਤ ਮੰਤਰੀ ਨੇ ਸਥਾਨਕ ਸਰਕਾਰਾਂ ਤੇ ਪੇਂਡੂ ਵਿਕਾਸ ਵਿਭਾਗਾਂ ਦੇ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਅਧੀਨ ਖੇਤਰਾਂ ਵਿਚ ਗੁਜ਼ਰਦੀਆਂ ਡਰੇਨਾਂ ਅਤੇ ਨਾਲਿਆਂ ਦੀ ਸਫਾਈ ਦਾ ਕੰਮ ਯਕੀਨੀ ਬਣਾਉਣ ਅਤੇ ਨਿਰੰਤਰ ਨਿਗਰਾਨੀ ਰੱਖਣ।

ਉਨ੍ਹਾਂ ਦੱਸਿਆ ਕਿ ਵਿਭਾਗ ਨੇ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਕਈ ਰਣਨੀਤਕ ਉਪਾਅ ਕੀਤੇ ਹਨ, ਜਿਨ੍ਹਾਂ ਤਹਿਤ 8.76 ਲੱਖ ਸੈਂਡ ਬੈਗ ਖਰੀਦੇ ਗਏ ਹਨ ਅਤੇ ਰਣਨੀਤਕ ਤੌਰ ‘ਤੇ ਸੰਵੇਦਨਸ਼ੀਲ ਥਾਵਾਂ ‘ਤੇ ਰੱਖੇ ਗਏ ਹਨ। ਇਨ੍ਹਾਂ ਵਿੱਚੋਂ 3.24 ਲੱਖ ਬੈਗ ਭਰ ਕੇ ਰੱਖ ਦਿੱਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਐਮਰਜੈਂਸੀ ਦੌਰਾਨ ਤੇਜ਼ੀ ਨਾਲ ਕਾਰਵਾਈ ਕਰਨ ਲਈ ਰੇਤ ਦੀਆਂ ਬੋਰੀਆਂ ਦੇ ਸਥਾਨਾਂ ਦੀ ਜਾਣਕਾਰੀ ਭੂਗੋਲਿਕ ਇਨਫ਼ਰਮੇਸ਼ਨ ਸਿਸਟਮ (ਜੀ.ਆਈ.ਐਸ) ‘ਤੇ ਅਪਲੋਡ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਵਿਭਾਗ ਨੇ 10,300 ਜੰਬੋ ਬੈਗ ਖਰੀਦੇ ਹਨ ਤਾਂ ਜੋ ਪਾੜ ਨੂੰ ਜਲਦੀ ਭਰਿਆ ਜਾ ਸਕੇ। ਡੈਮਾਂ ਵਿੱਚ ਪਾਣੀ ਦੇ ਪੱਧਰ ਬਾਰੇ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਾਰੇ ਵੱਡੇ ਡੈਮਾਂ ਦੇ ਪੱਧਰ ਸੁਰੱਖਿਅਤ ਸੀਮਾਵਾਂ ਦੇ ਅੰਦਰ ਹਨ ਅਤੇ ਚਿੰਤਾ ਦਾ ਕੋਈ ਵਿਸ਼ਾ ਨਹੀਂ ਹੈ।

 

Media PBN Staff

Media PBN Staff

Leave a Reply

Your email address will not be published. Required fields are marked *